ਸਾਹਿਬਜ਼ਾਦਾ ਅਜੀਤ ਸਿੰਘ ਨਗਰ 19 ਜਨਵਰੀ 2024: ਮੁੱਖ ਚੋਣ ਅਫਸਰ ਪੰਜਾਬ ਵੱਲੋ ਰਾਸ਼ਟਰੀ ਵੋਟਰ ਦਿਵਸ (National Voter’s Day) ਇਸ ਸਾਲ 25 ਜਨਵਰੀ 2024 ਨੂੰ ਅਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਮਨਾਏ ਜਾਣ ਵਾਲੇ ਇਸ ਪ੍ਰੋਗਰਾਮ ਦੇ ਪ੍ਰਬੰਧਾਂ ਸਬੰਧੀ ਅੱਜ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੋਂ ਬੈਠਕ ਕੀਤੀ ਗਈ |
ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ-ਨਾਲ ਵੱਖ-ਵੱਖ ਵਰਗਾਂ ਦੇ ਵੋਟਰਾਂ ਨੂੰ ਲੋਕਤੰਤਰੀ ਰਵਾਇਤਾਂ ਤੋਂ ਜਾਣੂ ਕਰਵਾਉਣ ਅਤੇ ਚੋਣਾਂ ਵਿੱਚ ਵੱਖ-ਵੱਖ ਵਰਗਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਐਮਿਟੀ ਯੂਨੀਵਰਸਿਟੀ ਤੱਕ ਟਰੈਕਟਰ ਅਤੇ ਮੋਟਰਸਾਈਕਲ ਰੈਲੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਮੁੱਖ ਚੋਣ ਅਫਸਰ ਸਿਬਿਨ ਸੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਪੇਂਟਿੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇਸ ਰਾਜ ਪੱਧਰੀ ਸਮਾਗਮ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ ਭੰਗੜਾ ਵੀ ਪੇਸ਼ ਕੀਤਾ ਜਾਵੇਗਾ।
ਬੈਠਕ ਵਿੱਚ ਵਧੀਕ ਨੋਡਲ ਅਫ਼ਸਰ ਸਵੀਪ ਕਮ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਲਕੀਤ ਸਿੰਘ ਮਾਨ, ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੁੱਗਲ, ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੇ ਨੁਮਾਇੰਦਿਆਂ, ਚੋਣ ਤਹਿਸੀਲਦਾਰ ਸੰਜੇ ਕੁਮਾਰ, ਨੀਤੂ ਗੁਪਤਾ ਅਤੇ ਚੋਣ ਲਾਅ ਅਫ਼ਸਰ ਸੁਰਿੰਦਰ ਕੁਮਾਰ ਨੇ ਸ਼ਮੂਲੀਅਤ ਕੀਤੀ |