ਚੰਡੀਗੜ੍ਹ, 17 ਜਨਵਰੀ 2024: ਨਿਊਜ਼ੀਲੈਂਡ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸੰਸਦ ਮੈਂਬਰ ‘ਤੇ ਦੁਕਾਨਾਂ ਤੋਂ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਸਦ ਮੈਂਬਰ ਗੋਲਰਿਜ਼ ਗਹਿਰਮਨ (Golriz Ghahraman) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗੋਲਰਿਜ਼ ਨਿਊਜ਼ੀਲੈਂਡ ਦੇ ਪਹਿਲੇ ਐਮਪੀ ਹਨ, ਜੋ ਸ਼ਰਨਾਰਥੀ ਰਹੇ ਹਨ। ਉਨ੍ਹਾਂ ਨੇ 2017 ਵਿੱਚ ਦੇਸ਼ ਦੀ ਪਹਿਲੀ ਸ਼ਰਨਾਰਥੀ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ।
ਰਿਪੋਰਟਾਂ ਮੁਤਾਬਕ ਗੋਲਰਿਜ (Golriz Ghahraman) ‘ਤੇ ਕੱਪੜਿਆਂ ਦੇ ਦੋ ਸਟੋਰਾਂ ਤੋਂ ਚੋਰੀ ਕਰਨ ਦਾ ਦੋਸ਼ ਹੈ। ਇਸ ਖੁਲਾਸੇ ਤੋਂ ਬਾਅਦ, ਸੰਸਦ ਮੈਂਬਰ ਨੇ ਸਪੱਸ਼ਟ ਕੀਤਾ ਸੀ ਕਿ ਉਸਨੇ ਤਣਾਅ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਕਾਰਨ ਇਹ ਚੋਰੀਆਂ ਕੀਤੀਆਂ ਹਨ। ਗੋਲਰਿਜ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ ਮਨੁੱਖੀ ਅਧਿਕਾਰਾਂ ਦੇ ਵਕੀਲ ਵਜੋਂ ਕੰਮ ਕਰ ਚੁੱਕੀ ਹੈ । ਉਹ ਮੂਲ ਰੂਪ ਤੋਂ ਈਰਾਨ ਦਾ ਰਹਿਣ ਵਾਲੀ ਹੈ।
ਇਸ ਮਾਮਲੇ ‘ਤੇ ਗੋਲਰਿਜ ਨੇ ਕਿਹਾ, “ਮੈਨੂੰ ਅਫਸੋਸ ਹੈ, ਮੇਰੀ ਮਾਨਸਿਕ ਸਿਹਤ ਲਈ ਬਿਹਤਰ ਹੋਵੇਗਾ ਜੇਕਰ ਮੈਂ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦੇਵਾਂ।” ਉਨ੍ਹਾਂ ਨੇ ਆਪਣੇ ਬਿਆਨ ਵਿੱਚ ਚੋਰੀ ਨਾਲ ਸਬੰਧਤ ਕਿਸੇ ਘਟਨਾ ਦਾ ਜ਼ਿਕਰ ਨਹੀਂ ਕੀਤਾ, ਹਾਲਾਂਕਿ ਉਸਨੇ ਕਿਹਾ ਕਿ ਉਹ ਆਪਣੇ ਵਿਵਹਾਰ ਲਈ ਕੋਈ ਸਪੱਸ਼ਟੀਕਰਨ ਨਹੀਂ ਦੇਣਾ ਚਾਹੁੰਦੀ ਕਿਉਂਕਿ ਇਹ ਤਰਕਪੂਰਨ ਨਹੀਂ ਹੋਵੇਗਾ।
ਗ੍ਰੀਨ ਪਾਰਟੀ ਦੇ ਆਗੂ ਜੇਮਸ ਸ਼ਾਅ ਨੇ ਗੋਲਰਿਜ ਦਾ ਬਚਾਅ ਕਰਦੇ ਹੋਏ ਕਿਹਾ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਜਿਨਸੀ ਹਿੰਸਾ, ਸਰੀਰਕ ਹਿੰਸਾ ਦੇ ਨਾਲ-ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਅਤੇ ਪੁਲਿਸ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਸ ਕਾਰਨ ਉਨ੍ਹਾਂ ਨੂੰ ਹੋਰ ਸੰਸਦ ਮੈਂਬਰਾਂ ਦੇ ਮੁਕਾਬਲੇ ਜ਼ਿਆਦਾ ਤਣਾਅ ‘ਚੋਂ ਲੰਘਣਾ ਪਿਆ। ਗ੍ਰੀਨ ਪਾਰਟੀ ਨੇ ਕਿਹਾ ਕਿ ਗੋਲਰਿਜ਼ ਨੇ ਹਮੇਸ਼ਾ ਸ਼ਰਨਾਰਥੀਆਂ ਦੇ ਅਧਿਕਾਰਾਂ ਲਈ ਲੜਾਈ ਲੜੀ ਹੈ। 2020 ਵਿੱਚ, ਉਸਨੇ ਖੁਦ ਦੱਸਿਆ ਸੀ ਕਿ ਉਹ ਕਈ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੀ ਸੀ।