NIA

NIA ਵੱਲੋਂ ਪੰਜਾਬ ਤੇ ਹਰਿਆਣਾ ‘ਚ ਛਾਪੇਮਾਰੀ, ਸਿੱਧੂ ਮੂਸੇਵਾਲਾ ਕਤਲ ਕੇਸ ਦੇ ਸ਼ੂਟਰ ਅੰਕਿਤ-ਪ੍ਰਿਅਵਰਤ ਫੌਜੀ ਦੇ ਘਰ ਪਹੁੰਚੀ NIA

ਚੰਡੀਗੜ੍ਹ, 11 ਜਨਵਰੀ 2024: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਵੀਰਵਾਰ ਸਵੇਰੇ ਹਰਿਆਣਾ ਅਤੇ ਪੰਜਾਬ ਵਿੱਚ ਛਾਪੇਮਾਰੀ ਕੀਤੀ। ਐਨਆਈਏ ਦੀ ਟੀਮ ਸੋਨੀਪਤ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਅਤੇ ਪ੍ਰਿਅਵਰਤ ਫੌਜੀ ਦੇ ਘਰ ਪਹੁੰਚੀ। ਇੱਥੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ।

ਇਸਦੇ ਨਾਲ ਹੀ ਪੰਜਾਬ ‘ਚ ਐਨਆਈਏ (NIA) ਨੇ ਬਦਮਾਸ਼ ਹੈਰੀ ਮੌਡ ਦੇ ਘਰ ਛਾਪਾ ਮਾਰਿਆ ਹੈ । ਬਠਿੰਡਾ ‘ਚ ਬਦਮਾਸ਼ ਹੈਰੀ ਮੌੜ ਦੇ ਘਰ ਐਨਆਈਏ ਨੇ ਛਾਪੇਮਾਰੀ ਕੀਤੀ ਹੈ। ਐਨਆਈਏ ਨੇ ਹੈਰੀ ਮੌੜ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਹੈਰੀ ਮੌੜ ਦਾ ਨਾ ਕਈ ਵੱਡੇ ਅਪਰਾਧਾਂ ਵਿੱਚ ਸ਼ਾਮਲ ਹੈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲਾ ਸ਼ੂਟਰ ਅੰਕਿਤ ਸੇਰਸਾ ਸੋਨੀਪਤ ਦੇ ਪਿੰਡ ਸੇਰਸਾ ਦਾ ਵਸਨੀਕ ਹੈ ਅਤੇ ਪ੍ਰਿਆਵਰਤ ਫ਼ੌਜੀ ਪਿੰਡ ਗੜ੍ਹੀ ਸਿਸਾਣਾ ਦਾ ਰਹਿਣ ਵਾਲਾ ਹੈ। ਐਨਆਈਏ ਦੀ ਟੀਮ ਸਵੇਰੇ 5 ਵਜੇ ਦੋਵਾਂ ਦੇ ਘਰ ਪਹੁੰਚੀ ਸੀ। ਐਨਆਈਏ ਅਧਿਕਾਰੀਆਂ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਦੋਵਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਸਵੇਰੇ ਕਰੀਬ 7 ਵਜੇ ਤੱਕ ਜਾਰੀ ਰਹੀ।

ਫ਼ਿਰੋਜ਼ਪੁਰ ‘ਚ ਵੀ ਤਿੰਨ ਥਾਵਾਂ ‘ਤੇ ਐਨਆਈਏ ਵੱਲੋਂ ਤੜਕਸਾਰ ਛਾਪੇਮਾਰੀ ਕੀਤੀ ਗਈ। ਕੇਂਦਰੀ ਟੀਮ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਸਨ। ਛਾਪੇਮਾਰੀ ਸਬੰਧੀ ਅਧਿਕਾਰੀਆਂ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਐਨਆਈਏ ਨੇ ਅੱਜ ਸਵੇਰੇ ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ ‘ਚ ਸੁਖਦੀਪ ਸਿੰਘ ਦੇ ਘਰ ਛਾਪਾ ਮਾਰਿਆ। ਸੁਖਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ ਐਨਆਈਏ ਨਸ਼ੇ ਦੇ ਸਬੰਧ ‘ਚ ਘਰ ਦੀ ਜਾਂਚ ਕਰ ਰਹੀ ਸੀ ਅਤੇ ਘਰ ਦੀ ਤਲਾਸ਼ੀ ਵੀ ਲਈ ਸੀ ਪਰ ਮੇਰੇ ਪਤੀ ਨੇ ਅਜਿਹਾ ਕੁਝ ਵੀ ਨਹੀਂ ਕੀਤਾ।

Scroll to Top