ਐਸ.ਏ.ਐਸ.ਨਗਰ, 09 ਜਨਵਰੀ, 2024: ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 25 ਜਨਵਰੀ 2024 ਨੂੰ ਐਮਿਟੀ ਯੂਨੀਵਰਸਿਟੀ ਵਿਖੇ ਰਾਜ ਪੱਧਰੀ ਰਾਸ਼ਟਰੀ ਵੋਟਰ ਦਿਵਸ (National Voter’s Day) ਸਮਾਗਮ ਦੀ ਮੇਜ਼ਬਾਨੀ ਕਰੇਗਾ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਸ਼ਿਆਮਕਰਨ ਤਿੜਕੇ ਨੇ ਅੱਜ ਇੱਥੇ ਕੀਤਾ।
ਵੱਖ-ਵੱਖ ਵਿਭਾਗਾਂ ਨਾਲ ਤਿਆਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏ.ਡੀ.ਸੀ. ਤਿੜਕੇ ਨੇ ਕਿਹਾ ਕਿ ਇਹ ਦਿਨ ਸਾਨੂੰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਦਾ ਪ੍ਰਣ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਪ੍ਰਤੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਭਾਰਤ ਦਾ ਚੋਣ ਕਮਿਸ਼ਨ ਹਮੇਸ਼ਾਂ ਹੀ ਲੋਕਤੰਤਰ ਦੇ ਤਿਉਹਾਰ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ‘ਤੇ ਜ਼ੋਰ ਦਿੰਦਾ ਹੈ, ਇਸ ਲਈ ਇਹ ਪ੍ਰੋਗਰਾਮ ਵੋਟਰਾਂ ਤੱਕ ਵੀ ਉਨ੍ਹਾਂ ਦਾ ਸੰਦੇਸ਼ ਪਹੁੰਚਾਏਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਮੁੱਖ ਸਮਾਗਮ ਤੋਂ ਇਲਾਵਾ ਸਕੂਲ/ਕਾਲਜ ਪੱਧਰ ਅਤੇ ਬੂਥ ਪੱਧਰ ‘ਤੇ ਰਾਸ਼ਟਰੀ ਵੋਟਰ ਦਿਵਸ ਮੌਕੇ ਪ੍ਰਤੀਕਾਤਮਕ ਸਮਾਗਮ ਵੀ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਸੇ ਦਿਨ ਸਵੇਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਤੋਂ ਏਅਰਪੋਰਟ ਰੋਡ ਰਾਹੀਂ ਐਮਿਟੀ ਯੂਨੀਵਰਸਿਟੀ ਤੱਕ ਇੱਕ ਜਾਗਰੂਕਤਾ ਟਰੈਕਟਰ ਅਤੇ ਮੋਟਰਸਾਈਕਲ ਰੈਲੀ ਵੀ ਕੱਢੀ ਜਾਵੇਗੀ। ਰਾਜ ਪੱਧਰੀ ਸਮਾਗਮ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ ਜਦਕਿ ਰੈਲੀ ਨੂੰ ਸਵੇਰੇ 9:00 ਵਜੇ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ।
ਏ ਡੀ ਸੀ ਵਿਰਾਜ ਐਸ ਤਿੜਕੇ ਨੇ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਮਹੱਤਵਪੂਰਨ ਸਮਾਗਮ ਨਾਲ ਜੋੜਨ ਲਈ ਜ਼ਿਲ੍ਹੇ ਦੇ ਸਕੂਲਾਂ/ਕਾਲਜਾਂ ਵਿੱਚ 25 ਜਨਵਰੀ ਤੋਂ ਪਹਿਲਾਂ ਪੋਸਟਰ ਮੇਕਿੰਗ, ਸਲੋਗਨ ਲਿਖਣ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਮਤਦਾਤਾ ਰਜਿਸਟ੍ਰੇਸ਼ਨ ਪ੍ਰਕਿਰਿਆ (ਸਪੈਸ਼ਲ ਸਮਰੀ ਰੀਵੀਜ਼ਨ-2024) ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਅਤੇ ਬੀ ਐਲ ਓਜ਼ ਨੂੰ ਵੀ ਉਸ ਦਿਨ ਸਮਾਗਮ (National Voter’s Day) ਵਿੱਚ ਪੰਜਾਬ ਦੇ ਮੁੱਖ ਚੋਣ ਅਫ਼ਸਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਮੋਹਾਲੀ ਅਤੇ ਡੇਰਾਬੱਸੀ ਦੇ ਸਰਕਾਰੀ ਕਾਲਜਾਂ, ਸੀ.ਜੀ.ਸੀ. ਲਾਂਡਰਾਂ ਅਤੇ ਸਰਕਾਰੀ ਬਹੁਤਕਨੀਕੀ ਖੂਨੀ ਮਾਜਰਾ (ਖਰੜ) ਦੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਤਾਂ ਜੋ ਉਹ ਉਸ ਦਿਨ ਦੀ ਵਡਮੁੱਲੀ ਜਾਣਕਾਰੀ ਲੈ ਸਕਣ।
ਮੀਟਿੰਗ ਵਿੱਚ ਸ਼ਾਮਲ ਹੋਏ ਅਧਿਕਾਰੀਆਂ ਵਿੱਚ ਐਸ.ਪੀ (ਟਰੈਫਿਕ ਅਤੇ ਉਦਯੋਗਿਕ ਸੁਰੱਖਿਆ) ਹਰਿੰਦਰ ਸਿੰਘ ਮਾਨ, ਤਹਿਸੀਲਦਾਰ ਜਸਵਿੰਦਰ ਸਿੰਘ ਖਰੜ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਸਿੰਘ ਰਾਹੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ, ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਗਿੰਨੀ ਦੁੱਗਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ ਸਿੰਘ, ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ ਸਿੰਘ ਅੰਟਾਲ ਸ਼ਾਮਲ ਸਨ।