Akali Dal

ਕੈਬਿਨਟ ਮੰਤਰੀ ਅਮਨ ਅਰੋੜਾ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਹਨਾਂ ਨੂੰ ਤੁਰੰਤ ਅਯੋਗ ਕਰਾਰ ਦਿੱਤਾ ਜਾਵੇ: ਅਕਾਲੀ ਦਲ

ਚੰਡੀਗੜ੍ਹ, 4 ਜਨਵਰੀ 2024: ਸ਼੍ਰੋਮਣੀ ਅਕਾਲੀ ਦਲ (shiromani Akali Dal) ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਆਗੂ ਤੇ ਕੈਬਿਨਟ ਮੰਤਰੀ ਅਮਨ ਅਰੋੜਾ (Aman Arora) ਨੂੰ ਅਦਾਲਤ ਵੱਲੋਂ ਹਮਲੇ ਦੇ ਕੇਸ ਵਿਚ ਦੋਸ਼ੀ ਠਹਿਰਾਉਣ ਮਗਰੋਂ ਉਹਨਾਂ ਨੂੰ ਤੁਰੰਤ ਅਯੋਗ ਕਰਾਰ ਦੇ ਕੇ ਸੀਟ ਨੂੰ ਖਾਲੀ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਤੇ ਪਾਰਟੀ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਉਹ ਅਜਿਹੇ ਕੇਸਾਂ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਰੋਸ਼ਨੀ ਵਿਚ ਅਰੋੜਾ ਨੂੰ ਅਯੋਗ ਕਰਾਰ ਦੇ ਕੇ ਸੀਟ ਖਾਲੀ ਘੋਸ਼ਤ ਕਰਨ ਲਈ ਦਿੱਤੇ ਬੇਨਤੀ ਪੱਤਰ ਨੂੰ ਰੋਕ ਕੇ ਅੜਿੱਕਾ ਕਿਉਂ ਬਣੇ ਹੋਏ ਹਨ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ (shiromani Akali Dal) ਦੇ ਆਗੂ ਰਾਜਿੰਦਰਾ ਦੀਪਾ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਲਿਲੀ ਥਾਮਸ ਕੇਸ ਵਿਚ ਸੁਪਰੀਮ ਕੋਰਟ ਨੇ ਬਹੁਤ ਸਪਸ਼ਟ ਕਿਹਾ ਹੈ ਕਿ ਜੇਕਰ ਕਿਸੇ ਚੁਣੇ ਹੋਏ ਪ੍ਰਤੀਨਿਧ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸਦੀ ਵਿਧਾਇਕ ਵਜੋਂ ਭੂਮਿਕਾ ਤੁਰੰਤ ਖ਼ਤਮ ਹੋ ਜਾਵੇਗੀ। ਇਹਨਾਂ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਸਪਸ਼ਟ ਹਦਾਇਤਾਂ ਦੇ ਬਾਵਜੂਦ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮਾਮਲੇ ਵਿਚ ਕਾਰਵਾਈ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਸਪੀਕਰ ਜਾਣ ਬੁੱਝ ਕੇ ਇਸ ਮਾਮਲੇ ਵਿਚ ਅਕਾਲੀ ਦਲ ਦੇ ਵਫਦ ਨਾਲ ਮੁਲਾਕਾਤ ਤੋਂ ਟਲ ਰਹੇ ਹਨ ਤੇ ਉਹ 27 ਦਸੰਬਰ ਨੂੰ ਲਿਖਤੀ ਮੰਗ ਪੱਤਰ ਦੇਣ ਦੇ ਬਾਵਜੂਦ ਮਾਮਲੇ ਵਿਚ ਕਾਰਵਾਈ ਨਹੀਂ ਕਰ ਰਹੇ।

ਰਾਜਿੰਦਰ ਦੀਪਾ ਨੇ ਕਿਹਾ ਕਿ ਅਮਨ ਅਰੋੜਾ ਨੂੰ 3 ਮਾਰਚ 2008 ਨੂੰ ਸੁਨਾਮ ਵਿਚ ਉਹਨਾਂ ਦੀ ਰਿਹਾਇਸ਼ ’ਤੇ ਉਹਨਾਂ ਤੇ ਉਹਨਾਂ ਦੀ ਪਤਨੀ ’ਤੇ ਹਮਲੇ ਦਾ ਦੋਸ਼ੀ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਹਮਲੇ ਮਗਰੋਂ ਅਰੋੜਾ 2007 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ। ਉਹਨਾਂ ਕਿਹਾ ਕਿ ਅਰੋੜਾ ਨੂੰ ਕੇਸ ਵਿਚ ਹੁਣ ਤੱਕ ਰਾਹਤ ਨਹੀਂ ਮਿਲੀ ਹੈ ਤੇ ਉਹਨਾਂ ਦਾ ਵਿਧਾਨ ਸਭਾ ਮੈਂਬਰ ਬਣਿਆ ਰਹਿਣਾ ਕਿਸੇ ਵੀ ਤਰੀਕੇ ਜਾਇਜ਼ ਨਹੀਂ ਹੈ।

ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਆਪ ਤੇ ਇਸਦੇ ਆਗੂਆਂ ਦੇ ਦੋਗਲੇ ਮਿਆਰ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਜਦੋਂ ਸੂਬੇ ਦੇ ਰਾਜਪਾਲ ਨਾਲ ਵਿਵਾਦਾਂ ਮਗਰੋਂ ਸੁਪਰੀਮ ਕੋਰਟ ਤੋਂ ਜਦੋਂ ਆਪ ਨੂੰ ਰਾਹਤ ਮਿਲੀ ਤਾਂ ਇਸਨੂੰ ਸੰਵਿਧਾਨ ਦੀ ਜਿੱਤ ਕਰਾਰ ਦਿੱਤਾ ਗਿਆ ਪਰ ਹੁਣ ਸੁਪਰੀਮ ਕੋਰਟ ਦੀਆਂ ਚੁਣੇ ਹੋਏ ਪ੍ਰਤੀਨਿਧਾਂ ਨੂੰ ਦੋਸ਼ੀ ਠਹਿਰਾਉਣ ਦੇ ਮਾਮਲੇ ਵਿਚ ਦਿੱਤੀਆਂ ਸਪਸ਼ਟ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਐਡਵੋਕੇਟ ਕਲੇਰ ਨੇ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਸ਼ਰਾਬ ਘੁਟਾਲੇ ਤੋਂ ਉਸੇ ਤਰੀਕੇ ਪ੍ਰੇਸ਼ਾਨ ਹੈ ਕਿਉਂਕਿ ਇਹ ਦਿੱਲੀ ਸ਼ਰਾਬ ਘੁਟਾਲੇ ਵਾਂਗੂ ਹੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਵਿਪਾਸਨਾ ਵਾਸਤੇ ਵਿਜ਼ਾਗ ਚਲੇ ਗਏ ਹਨ। ਉਹਨਾਂ ਕਿਹਾ ਕਿ ਜਦੋਂ ਇਕ ਵਾਰ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਗਈ ਤਾਂ ਪੰਜਾਬ ਸ਼ਰਾਬ ਘਪਲੇ ਜਿਸਦੀ ਜਾਂਚ ਵਿਚ ਸਰਕਾਰ ਵੱਲੋਂ ਦੋ ਆਈ ਏ ਐਸ ਅਧਿਕਾਰੀਆਂ ਖਿਲਾਫ ਜਾਂਚ ਦੀ ਪ੍ਰਵਾਨਗੀ ਨਾ ਦੇਣ ਕਾਰਨ ਦੇਰੀ ਹੋ ਰਹੀ ਹੈ, ਦੀ ਵੀ ਜਾਂਚ ਲੀਹ ’ਤੇ ਪੈ ਜਾਵੇਗੀ।

ਐਡਵੋਕੇਟ ਕਲੇਰ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਚਣ ਦੀ ਸਲਾਹ ਦੇ ਕੇ ਆਪ ਚੌਧਰੀ ਬਣ ਕੇ ਟਿੱਪਣੀਆਂ ਕਰਨ ਦਾ ਯਤਨ ਨਾ ਕਰਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੇ ਰਾਜ ਵਿਚ ਨਸ਼ਿਆਂ ਦਾ ਪਸਾਰ ਖ਼ਤਰਨਾਕ ਪੱਧਰ ਤੱਕ ਵੱਧ ਗਿਆ ਹੈ ਅਤੇ ਸਮਾਜ ਭਲਾਈ ਸਕੀਮਾਂ ਠੱਪ ਹੋ ਗਈਆਂ ਹਨ ਅਤੇ ਸਮਾਜ ਦਾ ਹਰ ਵਰਗ ਭਾਵੇਂ ਕਿਸਾਨ ਹੋਵੇ, ਵਪਾਰੀ ਹੋਵੇ ਜਾਂ ਫਿਰ ਉਦਯੋਗਪਤੀ ਜਾਂ ਨੌਜਵਾਨ ਹੋਵੇ, ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਤੇਜ਼ ਰਫਤਾਰ ਵਿਕਾਸ, ਸੜਕਾਂ ਦੇ ਬੁਨਿਆਦੀ ਢਾਂਚੇ ਵਿਚ ਅਣਕਿਆਸੇ ਵਾਧੇ ਤੇ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਲਈ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਆਪਣੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਲਈ ਜੁਮਲੇਬਾਜ਼ੀ ਤੋਂ ਪਹਿਲਾਂ ਇਸ ਸਾਰੀ ਸੱਚਾਈ ਵੱਲ ਵੇਖਣਾ ਚਾਹੀਦਾ ਹੈ।

Scroll to Top