ਚੰਡੀਗੜ੍ਹ, 04 ਦਸੰਬਰ 2024: ਭਾਰਤ (India) ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜੇ ਟੈਸਟ ਮੈਚ ਦਾ ਪਹਿਲਾ ਦਿਨ ਤੇਜ਼ ਗੇਂਦਬਾਜ਼ਾਂ ਦੇ ਨਾਂ ਰਿਹਾ। ਦਿਨ ਵਿੱਚ ਕੁੱਲ 23 ਵਿਕਟਾਂ ਡਿੱਗੀਆਂ। ਇਨ੍ਹਾਂ ‘ਚੋਂ 22 ਵਿਕਟਾਂ ਤੇਜ਼ ਗੇਂਦਬਾਜ਼ਾਂ ਨੇ ਲਈਆਂ। ਮੁਹੰਮਦ ਸਿਰਾਜ (6/15) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ‘ਚ 23.2 ਓਵਰਾਂ ‘ਚ ਸਿਰਫ 55 ਦੌੜਾਂ ‘ਤੇ ਆਊਟ ਕਰ ਦਿੱਤਾ।
ਭਾਰਤ (India) ਨੇ ਆਪਣੇ 91 ਸਾਲ ਪੁਰਾਣੇ ਟੈਸਟ ਕ੍ਰਿਕਟ ਇਤਿਹਾਸ ‘ਚ ਵਿਰੋਧੀ ਟੀਮ ਨੂੰ ਸਭ ਤੋਂ ਘੱਟ ਸਕੋਰ ‘ਤੇ ਆਊਟ ਕੀਤਾ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2021 ‘ਚ ਮੁੰਬਈ ਟੈਸਟ ‘ਚ ਨਿਊਜ਼ੀਲੈਂਡ ਨੂੰ 62 ਦੌੜਾਂ ‘ਤੇ ਆਊਟ ਕਰ ਦਿੱਤਾ ਸੀ। ਭਾਰਤੀ ਟੀਮ ਵੀ 153 ਦੌੜਾਂ ‘ਤੇ ਸਿਮਟ ਗਈ ਸੀ ਪਰ ਇਸ ਨੇ ਪਹਿਲੀ ਪਾਰੀ ‘ਚ 98 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਲੈ ਲਈ ਸੀ।
ਸਿਰਾਜ ਨੇ ਨਾ ਸਿਰਫ ਟੈਸਟ ਕ੍ਰਿਕਟ ‘ਚ ਆਪਣੀ ਸਰਵੋਤਮ ਗੇਂਦਬਾਜ਼ੀ ਕੀਤੀ ਸਗੋਂ ਟੈਸਟ ਕ੍ਰਿਕਟ ਦੇ ਪਹਿਲੇ ਦਿਨ ਲੰਚ ਤੋਂ ਪਹਿਲਾਂ ਸਰਵੋਤਮ ਗੇਂਦਬਾਜ਼ੀ ਕਰਨ ਵਾਲੇ ਟੈਸਟ ਇਤਿਹਾਸ ਦੇ ਦੂਜੇ ਗੇਂਦਬਾਜ਼ ਵੀ ਬਣ ਗਏ। 2015 ‘ਚ ਸਟੂਅਰਟ ਬ੍ਰਾਡ ਨੇ ਆਸਟ੍ਰੇਲੀਆ ਖ਼ਿਲਾਫ਼ 15 ਦੌੜਾਂ ਦੇ ਕੇ 8 ਵਿਕਟਾਂ ਲਈਆਂ ਸਨ। ਸਿਰਾਜ ਲੰਚ ਤੋਂ ਪਹਿਲਾਂ ਪੰਜ ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਵੀ ਬਣ ਗਏ। ਇਸ ਤੋਂ ਪਹਿਲਾਂ ਮਨਿੰਦਰ ਸਿੰਘ ਨੇ 1987 ‘ਚ ਬੰਗਲੌਰ ‘ਚ ਪਾਕਿਸਤਾਨ ਖ਼ਿਲਾਫ਼ ਪੰਜ ਵਿਕਟਾਂ ਲਈਆਂ ਸਨ। ਖਾਸ ਗੱਲ ਇਹ ਹੈ ਕਿ ਇਸ ਮੈਚ ‘ਚ ਭਾਰਤ ਨੂੰ 16 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਹੁਣ ਭਾਰਤੀ ਪ੍ਰਸ਼ੰਸਕਾਂ ਨੂੰ ਚਿੰਤਾ ਹੈ ਕਿ 36 ਸਾਲਾਂ ਬਾਅਦ ਇਤਿਹਾਸ ਆਪਣੇ ਆਪ ਨੂੰ ਦੁਹਰਾ ਸਕਦਾ ਹੈ ਅਤੇ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੈਚ ‘ਚ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਦੱਖਣੀ ਅਫਰੀਕਾ ਦਾ ਸਕੋਰ 62/3 ਹੈ। ਪਹਿਲੀ ਪਾਰੀ ਦੇ ਆਧਾਰ ‘ਤੇ ਭਾਰਤ ਕੋਲ 36 ਦੌੜਾਂ ਦੀ ਬੜ੍ਹਤ ਹੈ। ਮੈਚ ਜਿੱਤਣ ਲਈ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਦੀਆਂ ਬਾਕੀ ਸੱਤ ਵਿਕਟਾਂ ਜਲਦੀ ਤੋਂ ਜਲਦੀ ਝਟਕਾ ਕੇ ਟੀਚਾ ਮਿਲਣ ‘ਤੇ ਹਾਸਲ ਕਰਨਾ ਹੋਵੇਗਾ। ਜੇਕਰ ਅਫਰੀਕੀ ਟੀਮ ਭਾਰਤ ਨੂੰ 100 ਦੌੜਾਂ ਦਾ ਟੀਚਾ ਦੇਣ ‘ਚ ਸਫਲ ਰਹਿੰਦੀ ਹੈ ਤਾਂ ਪਿੱਚ ਦੇ ਸੁਭਾਅ ਨੂੰ ਦੇਖਦੇ ਹੋਏ ਭਾਰਤੀ ਟੀਮ ਨੂੰ ਹਾਰ ਦਾ ਖ਼ਤਰਾ ਹੋਵੇਗਾ।