ਚੰਡੀਗੜ੍ਹ, 29 ਦਸੰਬਰ 2023: ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ (Temba Bavuma) ਭਾਰਤ ਦੇ ਖ਼ਿਲਾਫ਼ ਕੇਪਟਾਊਨ ‘ਚ 3 ਜਨਵਰੀ ਤੋਂ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ। ਡੀਨ ਐਲਗਰ ਦੂਜੇ ਟੈਸਟ ‘ਚ ਉਨ੍ਹਾਂ ਦੀ ਜਗ੍ਹਾ ਟੀਮ ਦੀ ਕਪਤਾਨੀ ਕਰਨਗੇ ਜਿਵੇਂ ਹੀ ਮੈਚ ਖ਼ਤਮ ਹੋਇਆ, ਦੱਖਣੀ ਅਫਰੀਕਾ ਦੇ ਮੁੱਖ ਕੋਚ ਸ਼ੁਕਰੀ ਕੋਨਰਾਡ ਨੇ ਪੁਸ਼ਟੀ ਕੀਤੀ ਕਿ ਟੇਂਬਾ ਬਾਵੁਮਾ ਹੈਮਸਟ੍ਰਿੰਗ ਦੇ ਖਿਚਾਅ ਨਾਲ ਬਾਹਰ ਹੋ ਗਿਆ ਸੀ। ਦੱਖਣੀ ਅਫਰੀਕਾ ਨੇ ਸੈਂਚੁਰੀਅਨ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਭਾਰਤ ਨੂੰ ਪਾਰੀ ਅਤੇ 32 ਦੌੜਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।
ਬਾਵੁਮਾ (Temba Bavuma) ਸੈਂਚੁਰੀਅਨ ਟੈਸਟ ਮੈਚ ਦੇ ਪਹਿਲੇ ਦਿਨ 20ਵੇਂ ਓਵਰ ‘ਚ ਲੌਂਗ ਆਫ ‘ਤੇ ਬਾਊਂਡਰੀ ਤੋਂ ਪਹਿਲਾਂ ਗੇਂਦ ਨੂੰ ਰੋਕਣ ਦੌਰਾਨ ਜ਼ਖਮੀ ਹੋ ਗਏ ਸਨ। ਉਸ ਤੋਂ ਬਾਅਦ ਉਹ ਤੁਰੰਤ ਮੈਦਾਨ ਛੱਡ ਗਏ ਅਤੇ ਉਸ ਨੂੰ ਸਕੈਨ ਲਈ ਭੇਜਿਆ ਗਿਆ, ਜਿਸ ਵਿਚ ਤਣਾਅ ਦਾ ਖੁਲਾਸਾ ਹੋਇਆ।
ਟੀਮ ਦੇ ਮੁੱਖ ਕੋਚ ਸ਼ੁਕਰੀ ਕੋਨਰਾਡਟ ਨੇ ਮੈਚ ਤੋਂ ਬਾਅਦ ਕਿਹਾ ਕਿ ਬਾਵੁਮਾ ਦੀ ਸਰੀਰਕ ਹਾਲਤ ਬਹੁਤੀ ਠੀਕ ਨਹੀਂ ਹੈ। ਉਹ ਹਰ ਮੋੜ ‘ਤੇ ਟੀਮ ਲਈ ਬੱਲੇਬਾਜ਼ੀ ਕਰਨ ਲਈ ਤਿਆਰ ਸੀ। ਅਸੀਂ ਉਸ ਦੀ ਸੱਟ ‘ਤੇ ਨਜ਼ਰ ਰੱਖ ਰਹੇ ਸੀ। ਬਾਵੁਮਾ ਦੀ ਹਾਲਤ ਨੂੰ ਦੇਖ ਕੇ ਸਾਨੂੰ ਲੱਗਾ ਕਿ ਜੇਕਰ ਉਸ ਨੂੰ ਬੱਲੇਬਾਜ਼ੀ ਲਈ ਭੇਜਿਆ ਜਾਂਦਾ ਤਾਂ ਉਸ ਦੀ ਸੱਟ ਹੋਰ ਵਿਗੜ ਸਕਦੀ ਸੀ।
ਜੇਕਰ ਅਸੀਂ ਜਲਦੀ ਵਿਕਟਾਂ ਗੁਆ ਦਿੰਦੇ ਤਾਂ ਸ਼ਾਇਦ ਉਸ ਨੂੰ ਬੱਲੇਬਾਜ਼ੀ ਲਈ ਭੇਜਿਆ ਜਾਂਦਾ। 150 ਦੌੜਾਂ ਤੋਂ ਅੱਗੇ ਹੋਣ ਕਾਰਨ ਮੈਨੂੰ ਲੱਗਾ ਕਿ ਉਨ੍ਹਾਂ ਨੂੰ ਜੋਖਮ ਲੈਣਾ ਜ਼ਰੂਰੀ ਨਹੀਂ ਸੀ।