ਨੂਰਪੁਰ ਬੇਦੀ, 29 ਦਸੰਬਰ 2023: ਨੂਰਪੁਰ ਬੇਦੀ ਦੇ ਮੁੱਖ ਬਾਜ਼ਾਰ ਵਿੱਚ ਉਦੋਂ ਹਫੜਾ ਦਫੜੀ ਮਚ ਗਈ ਜਦੋਂ ਕਿ ਇੱਕ ਜੰਗਲੀ ਜੀਵ ਸਾਂਬਰ ਕੱਪੜੇ ਦੀ ਦੁਕਾਨ ਜਾ ਵੜਿਆ। ਉਕਤ ਦੁਕਾਨ ਦੇ ਮਾਲਕ ਸੰਜੀਵ ਲੋਟੀਆ ਨੇ ਦੱਸਿਆ ਕਿ ਉਹ ਆਪਣੇ ਦੁਕਾਨ ਦੇ ਵਿੱਚ ਗਾਹਕਾਂ ਨੂੰ ਕੱਪੜੇ ਵੇਚ ਰਹੇ ਸੀ। ਜਦੋਂ ਕਿ ਅਚਾਨਕ ਪਿਛਲੇ ਪਾਸੇ ਤੋਂ ਤੇਜ ਗਤੀ ਨਾਲ ਸਾਂਬਰ ਉਹਨਾਂ ਦੀ ਦੁਕਾਨ ਵਿੱਚ ਆ ਵੜਿਆ ਅਤੇ ਦੁਕਾਨ ਵਿੱਚ ਵੇਚਣ ਵਾਲੇ ਕੱਪੜੇ ਉਲਟ ਪੁਲਟ ਕੇ ਰੱਖ ਦਿੱਤੇ। ਜਿਸ ਨਾਲ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ।
ਉਹਨਾਂ ਨੇ ਦੱਸਿਆ ਕਿ ਸਾਂਬਰ ਨੇ ਦੂਜੇ ਪਾਸੇ ਦਾ ਸ਼ੀਸ਼ਾ ਤੋੜਨ ਲਈ ਕੋਸ਼ਿਸ਼ ਕੀਤੀ। ਜਿਸ ਦੇ ਨਾਲ ਉਸਦੇ ਸਿਰ ਵਿੱਚੋਂ ਖੂਨ ਵੀ ਨਿਕਲਿਆ। ਪਰ ਦੁਕਾਨ ਦੇ ਮਾਲਕ ਅਤੇ ਹੋਰ ਲੋਕਾਂ ਦੇ ਸਹਿਯੋਗ ਨਾਲ ਸਾਂਬਰ ਨੂੰ ਮੁੜ ਪਿਛਲੇ ਪਾਸੇ ਵੱਲ ਕੱਢ ਦਿੱਤਾ ਅਤੇ ਉਹ ਬਾਹਰ ਨਿਕਲ ਗਿਆ। ਦੁਕਾਨ ਦੇ ਮਾਲਕ ਸੰਜੀਵ ਲੋਟੀਆ ਨੇ ਦੱਸਿਆ ਕਿ ਇਸ ਘਟਨਾ ਨਾਲ ਉਸ ਦੀ ਦੁਕਾਨ ਵਿੱਚ ਨੁਕਸਾਨ ਵੀ ਹੋਇਆ ਹੈ। ਉਸ ਨੇ ਜੰਗਲੀ ਜੀਵ ਵਿਭਾਗ ਨੂੰ ਬੇਨਤੀ ਕੀਤੀ ਕੀ ਭਟਕ ਰਹੇ ਸਾਂਬਰ ਨੂੰ ਕਾਬੂ ‘ਚ ਕੀਤਾ ਜਾਵੇ ਅਤੇ ਜੰਗਲੀ ਜੀਵਾਂ ਨੂੰ ਸੰਘਣੀ ਆਬਾਦੀ ਵਿੱਚ ਆਉਣ ਤੋਂ ਰੋਕਿਆ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।