ਚੰਡੀਗ੍ਹੜ, 27 ਦਸੰਬਰ 2023: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਮੈਚਾਂ ਦੀ ਟੈਸਟ (Test) ਸੀਰੀਜ਼ ਦਾ ਪਹਿਲਾ ਮੈਚ ਸੈਂਚੁਰੀਅਨ ‘ਚ ਖੇਡਿਆ ਜਾ ਰਿਹਾ ਹੈ। ਟੈਸਟ ਦੇ ਪਹਿਲੇ ਦਿਨ ਮੀਂਹ ਕਾਰਨ ਵਿਘਨ ਪਿਆ ਅਤੇ ਸਿਰਫ਼ 59 ਓਵਰ ਹੀ ਖੇਡੇ ਜਾ ਸਕੇ। ਅੱਜ ਦੂਜੇ ਦਿਨ ਭਾਰਤੀ ਟੀਮ ਆਪਣੀ ਪਹਿਲੀ ਪਾਰੀ ‘ਚ ਅੱਠ ਵਿਕਟਾਂ ‘ਤੇ 208 ਦੌੜਾਂ ਨਾਲ ਅੱਗੇ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੀ ਪਹਿਲੀ ਪਾਰੀ 245 ਦੌੜਾਂ ‘ਤੇ ਸਮਾਪਤ ਹੋ ਗਈ।
ਅੱਜ ਜਦੋਂ ਭਾਰਤੀ ਟੀਮ ਮੈਦਾਨ ‘ਤੇ ਆਈ ਤਾਂ ਕੇ.ਐੱਲ ਰਾਹੁਲ 70 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕੋਏਤਜ਼ੀ ਦੀ ਗੇਂਦ ‘ਤੇ ਛੱਕਾ ਲਗਾ ਕੇ ਆਪਣੇ ਟੈਸਟ (Test) ਕਰੀਅਰ ਦਾ ਅੱਠਵਾਂ ਸੈਂਕੜਾ ਪੂਰਾ ਕੀਤਾ। ਉਹ 137 ਗੇਂਦਾਂ ਵਿੱਚ 14 ਚੌਕਿਆਂ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ 101 ਦੌੜਾਂ ਬਣਾ ਕੇ ਆਊਟ ਹੋ ਗਿਆ। ਦੱਖਣੀ ਅਫਰੀਕਾ ਲਈ ਕਾਗਿਸੋ ਰਬਾਡਾ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ। ਨੈਂਡਰੇ ਬਰਗਰ ਨੇ ਤਿੰਨ, ਮਾਰਕੋ ਜੈਨਸਨ ਅਤੇ ਗੇਰਾਲਡ ਕੋਏਤਜ਼ੀ ਨੇ ਇਕ-ਇਕ ਵਿਕਟ ਹਾਸਲ ਕੀਤੀ।
ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ 11 ਦੇ ਸਕੋਰ ‘ਤੇ ਲੱਗਾ। ਸਿਰਾਜ ਨੇ ਏਡਨ ਮਾਰਕਰਮ ਨੂੰ ਵਿਕਟਕੀਪਰ ਕੇਐਲ ਰਾਹੁਲ ਹੱਥੋਂ ਕੈਚ ਕਰਵਾਇਆ। ਉਹ 17 ਗੇਂਦਾਂ ਵਿੱਚ ਪੰਜ ਦੌੜਾਂ ਹੀ ਬਣਾ ਸਕਿਆ। ਇਸ ਸਮੇਂ ਡੀਨ ਐਲਗਰ ਅਤੇ ਟੋਨੀ ਡੀ ਜਾਰਗੀ ਕ੍ਰੀਜ਼ ‘ਤੇ ਹਨ।