ਚੰਡੀਗੜ੍ਹ, 19 ਦਸੰਬਰ 2023: ਵੱਡੀ ਗਿਣਤੀ ‘ਚ ਵਿਰੋਧੀ ਧਿਰ ਦੇ ਸੰਸਦ (Parliament) ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ‘ਚ ਵਿਰੋਧੀ ਧਿਰ ਸੰਸਦ ਭਵਨ ਕੰਪਲੈਕਸ ‘ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਨੇੜੇ ਖੜ੍ਹੇ ਹੋ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਕੁਝ ਹੋਰ ਵਿਰੋਧੀ ਸੰਸਦ ਮੈਂਬਰਾਂ ਨੂੰ ਮੰਗਲਵਾਰ ਨੂੰ ਸੰਸਦ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ । ਮੰਗਲਵਾਰ ਨੂੰ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ‘ਚ ਸ਼ਸ਼ੀ ਥਰੂਰ, ਡਿੰਪਲ ਯਾਦਵ, ਮਨੀਸ਼ ਤਿਵਾਰੀ, ਸੁਪ੍ਰੀਆ ਸੁਲੇ ਅਤੇ ਦਾਨਿਸ਼ ਅਲੀ ਆਦਿ ਦੇ ਨਾਂ ਸ਼ਾਮਲ ਹਨ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਲਈ ਲੋਕ ਸਭਾ ਵਿੱਚ ਪ੍ਰਸਤਾਵ ਰੱਖਿਆ। ਇਸ ਪ੍ਰਸਤਾਵ ‘ਚ ਮੁਹੰਮਦ ਫੈਜ਼ਲ, ਕਾਰਤੀ ਚਿਦੰਬਰਮ, ਸੁਦੀਪ ਬੰਧੋਪਾਧਿਆਏ ਸਮੇਤ 49 ਸੰਸਦ ਮੈਂਬਰਾਂ ਦੇ ਨਾਂ ਸ਼ਾਮਲ ਹਨ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਵਿਰੋਧੀ ਧਿਰ ਦੇ 92 ਸੰਸਦ (Parliament) ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ‘ਤੇ ਹਮਲੇ ਕਰ ਰਹੀ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਦੌਰਾਨ ਇੱਕ ਸੰਸਦ ਮੈਂਬਰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਇਸ ‘ਤੇ ਇਤਰਾਜ਼ ਜਤਾਇਆ ਅਤੇ ਇਸ ਨੂੰ ਸਦਨ ਦਾ ਅਪਮਾਨ ਦੱਸਿਆ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੇਅਰਮੈਨ ਦੀ ਨਕਲ ਕਰਨ ਵਾਲਾ ਵਿਅਕਤੀ ਟੀਐਮਸੀ ਸੰਸਦ ਕਲਿਆਣ ਬੈਨਰਜੀ ਹੈ। ਇਸ ਇਜਲਾਸ ਲਈ ਹੁਣ ਤੱਕ ਵਿਰੋਧੀ ਧਿਰ ਦੇ 141 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ।
ਵਿਰੋਧੀ ਧਿਰ ਦੇ 92 ਸੰਸਦ ਮੈਂਬਰਾਂ ਦੀ ਮੁਅੱਤਲੀ ‘ਤੇ, ਐੱਨਸੀਪੀ ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਕਿਹਾ, ‘ਅਸੀਂ ਸਿਰਫ਼ ਸਰਕਾਰ ਤੋਂ ਸੰਸਦ ਦੀ ਸੁਰੱਖਿਆ ਵਿੱਚ ਢਿੱਲ ‘ਤੇ ਜਵਾਬ ਮੰਗ ਰਹੇ ਹਾਂ ਅਤੇ ਚਾਹੁੰਦੇ ਹਾਂ ਕਿ ਸਦਨ ਵਿੱਚ ਇਸ ‘ਤੇ ਚਰਚਾ ਹੋਵੇ। ਇਹ ਅਹਿਮ ਮੁੱਦਾ ਹੈ ਪਰ ਸਰਕਾਰ ਇਸ ‘ਤੇ ਚਰਚਾ ਕਰਨ ਤੋਂ ਭੱਜ ਰਹੀ ਹੈ।