ਝੋਨੇ ਦੀ ਖਰੀਦ

ਪੰਜਾਬ ਦੀਆਂ ਮੰਡੀਆਂ ‘ਚ 99% ਝੋਨੇ ਦੀ ਖਰੀਦ ਹੋਈ: ਹਰਚੰਦ ਸਿੰਘ ਬਰਸਟ

ਮੋਹਾਲੀ, 10 ਨਵੰਬਰ 2025: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ 2025-26 ਦੇ ਖਰੀਦ ਸੀਜ਼ਨ ਲਈ ਸੂਬੇ ਦੀਆਂ ਮੰਡੀਆਂ ‘ਚ ਚੱਲ ਰਹੇ ਝੋਨੇ ਦੀ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ। ਬੈਠਕ ਦੌਰਾਨ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਭਰ ਦੀਆਂ ਸਾਰੀਆਂ ਮੰਡੀਆਂ ‘ਚ ਝੋਨੇ ਦੀ ਆਮਦ, ਖਰੀਦ ਅਤੇ ਚੁਕਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ।

ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਸਮੇਤ ਕਿਸੇ ਨੂੰ ਵੀ ਮੰਡੀਆਂ ‘ਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ। ਮੰਡੀਆਂ ‘ਚੋਂ ਚੁਕਾਈ ਵੀ ਤੇਜ਼ੀ ਨਾਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ‘ਚ ਪਹੁੰਚ ਰਹੀ ਲਗਭੱਗ 99 ਫੀਸਦੀ ਫਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ, ਅਤੇ ਖਰੀਦੀ ਗਈ ਲਗਭੱਗ 92 ਫੀਸਦੀ ਫਸਲ ਦੀ ਚੁਕਾਈ ਹੋ ਚੁੱਕੀ ਹੈ। ਪੰਜਾਬ ਰਾਜ ‘ਚ ਝੋਨੇ ਦੀ ਸੁਚਾਰੂ ਖਰੀਦ ਲਈ, 152 ਮੁੱਖ ਯਾਰਡ, 283 ਸਬ-ਯਾਰਡ ਅਤੇ 1,387 ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ, ਅਤੇ ਕਿਸਾਨਾਂ ਦੀ ਸਹੂਲਤ ਲਈ 715 ਆਰਜੀ ਖਰੀਦ ਕੇਂਦਰ ਵੀ ਸਥਾਪਿਤ ਕੀਤੇ ਹਨ।

ਬਰਸਟ ਨੇ ਦੱਸਿਆ ਕਿ 9 ਨਵੰਬਰ ਤੱਕ, ਮੰਡੀਆਂ ‘ਚ 149.25 ਲੱਖ ਮੀਟ੍ਰਿਕ ਟਨ ਝੋਨਾ ਪਹੁੰਚਿਆ ਸੀ, ਅਤੇ 147.62 ਲੱਖ ਮੀਟ੍ਰਿਕ ਟਨ ਖਰੀਦਿਆ ਸੀ, ਜਿਸ ‘ਚੋਂ 147.39 ਲੱਖ ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਦੁਆਰਾ ਖਰੀਦਿਆ ਸੀ। ਮੰਡੀਆਂ ‘ਚੋਂ ਲਗਭੱਗ 135.27 ਲੱਖ ਮੀਟ੍ਰਿਕ ਟਨ ਝੋਨਾ ਚੁੱਕਿਆ ਹੈ।

ਚੇਅਰਮੈਨ ਨੇ ਦੱਸਿਆ ਕਿ ਪਨਗਰੇਨ ਨੇ ਸਭ ਤੋਂ ਵੱਧ 62.31 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਹੈ। ਇਸੇ ਤਰ੍ਹਾਂ ਮਾਰਕਫੈੱਡ ਵੱਲੋਂ 37.36 ਲੱਖ ਮੀਟ੍ਰਿਕ ਟਨ, ਪਨਸਪ ਵੱਲੋਂ 30.68 ਲੱਖ ਮੀਟ੍ਰਿਕ ਟਨ, ਵੇਅਰਹਾਊਸਾਂ ਵੱਲੋਂ 16.63 ਲੱਖ ਮੀਟ੍ਰਿਕ ਟਨ, ਐਫ.ਸੀ.ਆਈ ਵੱਲੋਂ 0.41 ਲੱਖ ਮੀਟ੍ਰਿਕ ਟਨ ਅਤੇ ਵਪਾਰੀਆਂ ਵੱਲੋਂ 0.23 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ। ਪਿਛਲੇ ਐਤਵਾਰ ਨੂੰ ਮੰਡੀਆਂ ‘ਚ 2.09 ਲੱਖ ਮੀਟ੍ਰਿਕ ਟਨ ਝੋਨਾ ਪਹੁੰਚਿਆ, ਜਦੋਂ ਕਿ 2.17 ਲੱਖ ਮੀਟ੍ਰਿਕ ਟਨ ਖਰੀਦਿਆ ਗਿਆ ਅਤੇ 3.41 ਲੱਖ ਮੀਟ੍ਰਿਕ ਟਨ ਲਿਫਟਿੰਗ ਕੀਤੀ।

Read More: ਝੋਨੇ ਦੀ ਖਰੀਦ ਲਈ 66679 ਕਿਸਾਨਾਂ ਨੂੰ 1646.47 ਕਰੋੜ ਰੁਪਏ ਦੀ ਕੀਤੀ ਅਦਾਇਗੀ: ਲਾਲ ਚੰਦ ਕਟਾਰੂਚੱਕ

Scroll to Top