ਫਾਜ਼ਿਲਕਾ, 12 ਅਪ੍ਰੈਲ 2024: ਲੋਕ ਸਭਾ ਚੋਣਾਂ 2024 ਦੇ ਮੱਦੇਨਜਰ ਜ਼ਿਲ੍ਹੇ ਵਿਚ ਚੋਣ ਤਿਆਰੀਆਂ ਤੇਜੀ ਨਾਲ ਜਾਰੀ ਹਨ। ਇਸੇ ਲੜੀ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਪੋਪਲੀ ਪੀਸੀਐਸ ਦੀ ਪ੍ਰਧਾਨਗੀ ਹੇਠ ਹਥਿਆਰ (Weapons) ਜਮ੍ਹਾਂ ਕਰਵਾਉਣ ਸਬੰਧੀ ਬਣੀ ਸਕਰੀਨਿੰਗ ਕਮੇਟੀ ਦੀ ਬੈਠਕ ਅੱਜ ਹੋਈ। ਇਸ ਵਿਚ ਐਸਪੀ ਰਮਨੀਸ਼ ਚੌਧਰੀ ਵੀ ਹਾਜਰ ਸਨ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰਾਕੇਸ਼ ਕੁਮਾਰ ਪੋਪਲੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ 14411 ਕੁੱਲ ਹਥਿਆਰ (Weapons) ਹਨ ਅਤੇ ਇੰਨ੍ਹਾਂ ਵਿਚੋਂ 9171 ਲੋਕਾਂ ਨੇ ਆਪਣੇ ਹਥਿਆਰ ਜਮਾਂ ਕਰਵਾ ਦਿੱਤੇ ਹਨ। ਉਨ੍ਹਾਂ ਨੇਕਿਹਾ ਕਿ ਇਸ ਤੋਂ ਬਿਨ੍ਹਾਂ 25 ਲੋਕਾਂ ਦੀਆਂ ਅਰਜੀਆਂ ਪ੍ਰਾਪਤ ਹੋਈਆਂ ਸਨ ਜਿੰਨ੍ਹਾਂ ਦੀ ਸੁਰੱਖਿਆ ਸਥਿਤੀ ਦਾ ਜਾਇਜਾ ਲੈਣ ਉਪਰੰਤ ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਥਿਆਰ ਨੇੜੇ ਦੇ ਪੁਲਿਸ ਥਾਣੇ ਜਾਂ ਮਾਨਤਾ ਪ੍ਰਾਪਤ ਅਸਲਾ ਡੀਲਰ ਕੋਲ ਜਮ੍ਹਾਂ ਕਰਵਾ ਦੇਣ।
ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਨੇ ਕਿਹਾ ਕਿ ਚੋਣ ਪ੍ਰਕ੍ਰਿਆ ਨੂੰ ਸਾਂਤੀਪੂਰਵਕ ਮੁਕੰਮਲ ਕਰਨ ਲਈ ਸਾਰੀਆਂ ਅਗੇਤੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦੀ ਕੋਈ ਵਿਸੇਸ਼ ਜ਼ਰੂਰਤ ਹੋਵੇ ਤਾਂ ਅਜਿਹਾ ਅਸਲਾ ਧਾਰਕ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਕੋਲ ਪਹੁੰਚ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਲੋਕ ਬਿਨ੍ਹਾਂ ਦੇਰੀ ਹਥਿਆਰ ਜਮ੍ਹਾਂ ਕਰਵਾ ਦੇਣ।