July 5, 2024 12:03 am
ਸਰ ਛੋਟੂ ਰਾਮ

9 ਜਨਵਰੀ 1945: ਕਿਸਾਨ ਆਗੂ ਸਰ ਛੋਟੂ ਰਾਮ ਨੂੰ ਯਾਦ ਕਰਦਿਆਂ…

ਲਿਖਾਰੀ
ਗੁਲਜ਼ਾਰ ਸਿੰਘ ਸੰਧੂ

ਸਰ ਛੋਟੂ ਰਾਮ ਅਖੰਡ ਪੰਜਾਬ ਦਾ ਸਿਰ ਕੱਢ ਆਗੂ ਹੋ ਗੁਜ਼ਰਿਆ ਹੈ। ਉਸ ਵੇਲੇ ਦਾ ਪੰਜਾਬ ਪਾਕਿਸਤਾਨੀ ਪਿਸ਼ਾਵਰ ਤੋਂ ਦਿੱਲੀ ਪਾਰ ਦੇ ਪਲਵਲ ਤੱਕ ਫੈਲਿਆ ਹੋਇਆ ਸੀ। ਯੂਰਪ ਦੇ ਕਈ ਦੇਸ਼ਾਂ ਨਾਲੋਂ ਵੱਡਾ। ਉਹ ਆਪਣੇ ਮਾਪਿਆਂ ਦਾ ਸਭ ਤੋਂ ਛੋਟਾ ਬੇਟਾ ਸੀ। ਉਸ ਦਾ ਨਾਂ ਤਾਂ ਰਾਮ ਰਛਪਾਲ ਸੀ, ਪਰ ਛੋਟਾ ਹੋਣ ਕਾਰਨ ਉਸ ਦੀ ਅੱਲ ਛੋਟੂ ਰਾਮ ਪੈ ਗਈ। ਸਕੂਲ ਵਿਚ ਵੀ ਇਹੀਓ ਨਾਂ ਲਿਖਿਆ ਗਿਆ ਤਾਂ ਸਾਰੀ ਉਮਰ ਇਸ ਨਾਂ ਨਾਲ ਹੀ ਜੀਵਿਆ।

ਛੋਟੂ ਰਾਮ ਪੜ੍ਹਨ ਵਿਚ ਹੁਸ਼ਿਆਰ ਸੀ ਤੇ ਛੇਤੀ ਹੀ ਸਟੇਜ ’ਤੇ ਵੀ ਬੇਝਿਜਕ ਬੋਲਣ ਲੱਗ ਪਿਆ। ਉਸ ਦੀ ਪੜ੍ਹਾਈ ਜਾਰੀ ਰੱਖਣ ਲਈ ਉਸ ਦੇ ਆਰੀਆ ਸਮਾਜੀ ਪਿਤਾ ਨੂੰ ਵਾਰ ਵਾਰ ਸ਼ਾਹੂਕਾਰਾਂ ਤੋਂ ਕਰਜ਼ ਲੈਣਾ ਪਿਆ। ਜਦੋਂ ਉਸ ਨੇ ਨੌਵੀਂ ਸ਼੍ਰੇਣੀ ਵਿਚ ਜਾਣਾ ਸੀ ਤਾਂ ਪਿਤਾ ਆਪਣੇ ਬੇਟੇ ਨੂੰ ਨਾਲ ਲੈ ਕੇ ਸਿਖਰ ਦੁਪਹਿਰੇ ਇਕ ਵਾਰ ਫੇਰ ਸ਼ਾਹੂਕਾਰ ਘਾਸੀ ਰਾਮ ਦੇ ਘਰ ਪਹੁੰਚਿਆ। ਘਾਸੀ ਰਾਮ ਉਸ ਦੇ ਪਿਤਾ ਨੂੰ ਛੱਤ ਵਾਲੇ ਪੱਖੇ ਦੀ ਰੱਸੀ ਖਿੱਚਣ ਲਾ ਕੇ ਖ਼ੁਦ ਗੱਦੇ ’ਤੇ ਲੇਟ ਕੇ ਘੁਰਾੜੇ ਮਾਰਨ ਲੱਗ ਪਿਆ।

ਮਾੜੀ ਗੱਲ ਇਹ ਕਿ ਉਸ ਨੂੰ ਕਰਜ਼ ਦੇਣ ਤੋਂ ਵੀ ਨਾਂਹ ਕਰ ਦਿੱਤੀ। ਇਹ ਕਹਿ ਕੇ ਕਿ ਹੁਣ ਬੇਟਾ ਮਿਡਲ ਪਾਸ ਹੋ ਗਿਆ ਹੈ ਤੇ ਪਟਵਾਰੀ ਲੱਗ ਸਕਦਾ ਹੈ। ਛੋਟੂ ਰਾਮ ਨੂੰ ਪਿਤਾ ਦਾ ਉਹ ਵਾਲਾ ਨਿਰਾਦਰ ਸਾਰੀ ਉਮਰ ਨਹੀਂ ਭੁੱਲਿਆ। ਉਹਦੇ ਮਨ ਵਿਚ ਦੇਸੀ ਸ਼ਾਹੂਕਾਰਾਂ ਵਿਰੁੱਧ ਹੀ ਨਹੀਂ ਵਿਸ਼ਵ ਵਪਾਰ ਸੰਗਠਨ ਵਿਰੁੱਧ ਵੀ ਨਫ਼ਰਤ ਭਰੀ ਗਈ, ਜਿਹੜੇ ਕਿਸਾਨਾਂ ਨੂੰ ਕਰਜ਼ਾਈ ਕਰਕੇ ਖ਼ੁਦਕੁਸ਼ੀਆਂ ਦੇ ਰਾਹ ਤੋਰਦੇ ਸਨ।

ਇਹ ਸਬੱਬ ਦੀ ਗੱਲ ਹੈ ਕਿ ਇਨ੍ਹਾਂ ਦਿਨਾਂ ਵਿਚ ਹੀ ਨੌਜਵਾਨ ਛੋਟੂ ਰਾਮ ਦੀ ਗਾਜ਼ੀਆਬਾਦ ਦੇ ਰੇਲਵੇ ਸਟੇਸ਼ਨ ’ਤੇ ਛੱਜੂ ਰਾਮ ਨਾਂ ਦੇ ਇਕ ਪਰਉਪਕਾਰੀ ਸੇਠ ਨਾਲ ਮੁਲਾਕਾਤ ਹੋ ਗਈ। ਸੇਠ ਉਸ ਦੀ ਲਿਆਕਤ ਤੇ ਸਲੀਕੇ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਬੁੱਧੀਮਾਨ ਨੌਜਵਾਨ ਦੀ ਰੱਜ ਕੇ ਮਦਦ ਕੀਤੀ, ਬੀਏ ਪਾਸ ਕਰਨ ਤੱਕ।

ਛੋਟੂ ਰਾਮ ਨੇ ਬੀਏ ਪਾਸ ਕਰਕੇ ਦੋ ਤਿੰਨ ਦੇਸੀ ਰਿਆਸਤਾਂ ਦੇ ਰਾਜਿਆਂ, ਮਹਾਰਾਜਿਆਂ ਕੋਲ ਛੁੱਟ-ਪੁੱਟ ਨੌਕਰੀ ਕਰਨ ਉਪਰੰਤ ਆਗਰਾ ਦੇ ਲਾਅ ਕਾਲਜ ਤੋਂ ਵਕਾਲਤ ਵੀ ਪਾਸ ਕਰ ਲਈ ਤੇ ਉਥੋਂ ਦੀ ਕਚਹਿਰੀ ਵਿਚ ਵਕਾਲਤ ਕੀਤੀ। ਭਾਵੇਂ ਛੇਤੀ ਹੀ ਛੋਟੂ ਰਾਮ ਦਾ ਨਾਂ ਫੌਜਦਾਰੀ ਮੁਕੱਦਮਿਆਂ ਦੇ ਮਾਹਰ ਵਜੋਂ ਪ੍ਰਸਿੱਧ ਹੋ ਗਿਆ, ਪਰ ਉਸ ਦਾ ਮਨ ਇਸ ਧੰਦੇ ਵਿਚ ਨਹੀਂ ਸੀ ਲੱਗ ਰਿਹਾ।

ਅੰਤ ਉਸ ਨੇ ਰਾਜਨੀਤੀ ਵਿਚ ਕੁੱਦਣ ਦਾ ਮਨ ਬਣਾ ਲਿਆ ਤੇ 1923 ਦੀਆਂ ਪੰਜਾਬ ਕਾਊਂਸਲ ਚੋਣਾਂ ਲੜ ਕੇ ਭਾਰੀ ਮਤਦਾਨ ਨਾਲ ਜੇਤੂ ਰਿਹਾ। ਇਸ ਜਿੱਤ ਤੋਂ ਪਿੱਛੋਂ ਉਸ ਦਾ ਸੰਪਰਕ ਸਿਕੰਦਰ ਹਯਾਤ ਖ਼ਾਨ ਤੇ ਫੈ਼ਸਲ-ਏ-ਹੁਸੈਨ ਖਾਂ ਨਾਲ ਹੋ ਗਿਆ ਤੇ ਇਕ ਸ਼ਕਤੀਸ਼ਾਲੀ ਤਿੱਕੜੀ ਹੋਂਦ ਵਿਚ ਆ ਗਈ। ਫੇਰ ਤਿੰਨਾਂ ਨੇ ਮਿਲ ਕੇ ਇਕ ਵੱਖਰੀ ਯੂਨੀਅਨਿਸਟ ਪਾਰਟੀ ਦਾ ਗਠਨ ਕਰ ਲਿਆ।

ਇਸ ਪਾਰਟੀ ਦਾ ਮੂਲ ਏਜੰਡਾ ਧਰਮ, ਜਾਤੀ ਤੇ ਵਰਗ ਤੋਂ ਉੱਤੇ ਉੱਠ ਕੇ ਆਮ ਜਨਤਾ ਨੂੰ ਸਮਾਜ ਸੁਧਾਰ ਦੇ ਰਾਹ ਤੋਰਨਾ ਸੀ। ਪਾਰਟੀ ਦੇ ਕਿਸਾਨ ਚਿਹਰੇ ਵਜੋਂ ਜਾਣੀ ਜਾਂਦੀ ਜ਼ਿਮੀਂਦਾਰਾ ਲੀਗ ਵਿਚ ਵੀ ਨਵੀਂ ਰੂਹ ਫੂਕੀ ਗਈ। ਪਾਰਟੀ ਦੇ ਕਾਇਦੇ ਕਾਨੂੰਨ ਹਿੰਦੂਆਂ ਲਈ ਵੇਦ ਤੇ ਮੁਸਲਮਾਨਾਂ ਲਈ ਕੁਰਾਨ ਦੀ ਪਦਵੀ ਧਾਰ ਗਏ। ਫੇਰ ਜਦੋਂ ਚੌਧਰੀ ਛੋਟੂ ਰਾਮ ਨੂੰ ਖੇਤੀਬਾੜੀ, ਸਿੱਖਿਆ ਤੇ ਉਦਯੋਗ ਦੇ ਮਹਿਕਮਿਆਂ ਦਾ ਮੰਤਰੀ ਥਾਪਿਆ ਗਿਆ ਤਾਂ ਉਸ ਦੇ ਮੋਢਿਆਂ ’ਤੇ ਭਾਰੀ ਜ਼ਿੰਮੇਵਾਰੀ ਆ ਪਈ, ਜੋ ਉਸ ਨੇ ਪੂਰੀ ਦ੍ਰਿੜ੍ਹਤਾ, ਦਲੀਲ ਤੇ ਈਮਾਨਦਾਰੀ ਨਾਲ ਨਿਭਾਈ। ਜੇ ਸੱਚ ਪੁੱਛਦੇ ਹੋ ਤਾਂ ਗੋਰੇ ਹਾਕਮਾਂ ਤੋਂ 1930-1942 ਦੇ ਤੇਰਾਂ ਸਾਲਾਂ ਵਿਚ ਕਿਸਾਨ ਭਲਾਈ ਦੇ ਬਾਈ ਐਕਟ ਤੇ ਬਿੱਲ ਪਾਸ ਕਰਵਾਉਣ ਦਾ ਸਿਹਰਾ ਕੇਵਲ ਉਸ ਦੇ ਹੀ ਸਿਰ ਬੱਝਦਾ ਹੈ।

1937 ਦੀਆਂ ਚੋਣਾਂ ਵਿਚ ਤਾਂ ਹੱਦ ਹੀ ਹੋ ਗਈ। ਕੁੱਲ 124 ਸੀਟਾਂ ਵਿਚੋਂ ਯੂਨੀਅਨਿਸਟ ਪਾਰਟੀ ਨੂੰ 95, ਕਾਂਗਰਸ ਨੂੰ 18, ਅਕਾਲੀਆਂ ਨੂੰ 10 ਤੇ ਮੁਸਲਿਮ ਲੀਗ ਨੂੰ ਕੇਵਲ ਇਕ ਸੀਟ ਮਿਲੀ। ਅੰਤ ਮੁਹੰਮਦ ਅਲੀ ਜਿਨਾਹ ਨੇ ਯੂਨੀਅਨਿਸਟ ਪਾਰਟੀ ਦੇ ਮੁਸਲਮਾਨ ਨੇਤਾਵਾਂ ਦੇ ਬੇਟਿਆਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ। ਜਦੋਂ ਸਿਕੰਦਰ ਹਯਾਤ ਖਾਂ ਦਾ ਬੇਟਾ ਵੀ ਜਿਨਾਹ ਨਾਲ ਹੋ ਤੁਰਿਆ ਤਾਂ ਜਿਨਾਹ ਨੇ ਮਮਦੋਟ ਵਿੱਲਾ ਵਿਖੇ ਇਕ ਮੀਟਿੰਗ ਰੱਖੀ, ਜਿਸ ਵਿਚ ਹੋਰਨਾਂ ਗੱਲਾਂ ਤੋਂ ਬਿਨਾਂ ਸੁਤੰਤਰਤਾ ਪ੍ਰੋਗਰਾਮ ਦਾ ਮੁੱਦਾ ਵੀ ਸ਼ਾਮਲ ਸੀ।

ਜਦੋਂ ਉਸ ਨੇ ਭਵਿੱਖੀ ਸਰਕਾਰ ਵਿਚ ਛੋਟੂ ਰਾਮ ਨੂੰ ਮੰਤਰੀ ਬਣਾਉਣ ਦਾ ਚੋਗਾ ਪਾਉਣਾ ਚਾਹਿਆ ਤਾਂ ਛੋਟੂ ਰਾਮ ਨੇ ਮੇਜ਼ ’ਤੇ ਮੁੱਕਾ ਮਾਰ ਕੇ ‘ਨਹੀਂ, ਨਹੀਂ, ਕਦੀ ਨਹੀਂ ਮਿਸਟਰ ਜਿਨਾਹ’ ਕਿਹਾ ਤੇ ਮੀਟਿੰਗ ਵਿਚੋਂ ਉੱਠ ਗਿਆ। ਉਸ ਪਿੱਛੋਂ ਜਿਨਾਹ ਛੋਟੂ ਰਾਮ ਵਿਰੁੱਧ ਥਾਂ-ਥਾਂ ਜ਼ਹਿਰ ਉਗਲਣ ਦੇ ਨਾਲ ‘ਅਗਰ ਪਾਕਿਸਤਾਨ ਨਹੀਂ ਤੋ ਹਿੰਦੁਸਤਾਨ ਭੀ ਨਹੀਂ’ ਨਾਅਰੇ ਲਾਉਣ ਲੱਗ ਪਿਆ। ਅੰਤ ਛੋਟੂ ਰਾਮ ਵੱਲੋਂ ਜਿਨਾਹ ਨੂੰ ਇਕ ਤਰ੍ਹਾਂ ਦਾ ਹੁਕਮ ਭਿਜਵਾਇਆ ਗਿਆ ਕਿ ਜਿਨਾਹ 24 ਘੰਟੇ ਦੇ ਅੰਦਰ ਪੰਜਾਬ ਤੋਂ ਬਾਹਰ ਨਿਕਲ ਜਾਵੇ, ਨਹੀਂ ਤਾਂ ਆਪਣਾ ਪੜ੍ਹਿਆ ਵਿਚਾਰੇ। ਜਿਨਾਹ ਅਗਲੇ ਹੀ ਦਿਨ ਪੰਜਾਬ ਛੱਡ ਕੇ ਕਸ਼ਮੀਰ ਚਲਿਆ ਗਿਆ।

ਸਰ ਛੋਟੂ ਰਾਮ ਨੇ ਨਫ਼ਰਤ ਅਤੇ ਫਿ਼ਰਕਾਪ੍ਰਸਤੀ ਦੇ ਤੂਫ਼ਾਨ ਦਾ ਸਾਹਮਣਾ ਕਰਨ ਦੀਆਂ ਆਪਣੀਆਂ ਸਿਰਤੋੜ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ। ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਫਿ਼ਰਕਾਪ੍ਰਸਤੀ ਦੇ ਰੋਗ ਦੀ ਦਵਾਈ ਆਰਥਿਕ ਭਲਾਈ ਹੈ। 1937 ਤੋਂ ਹੀ ਪੇਂਡੂ ਵਿਕਾਸ ਲਈ ਨਵੇਂ ਪ੍ਰਾਇਮਰੀ ਅਤੇ ਮਿਡਲ ਸਕੂਲ ਖੋਲ੍ਹਣ, ਪ੍ਰਾਇਮਰੀ ਸਿਹਤ ਕੇਂਦਰ ਸਥਾਪਤ ਕਰਨ, ਪਸ਼ੂ ਹਸਪਤਾਲ ਖੋਲ੍ਹਣ, ਲਘੂ ਉਦਯੋਗਾਂ ਨੂੰ ਉਤਸ਼ਾਹ ਦੇਣ, ਕਰਜ਼ੇ ਦੇ ਕੇਸ ਨਿਪਟਾਉਣ, ਤੱਕਾਵੀ ਕਰਜ਼ੇ ਦੇਣ ਵਗੈਰਾ ਦਾ ਛੇ-ਸਾਲਾ ਪ੍ਰੋਗਰਾਮ ਉਲੀਕ ਕੇ ਵਿਕਾਸ ਕੰਮ ਹੋਰ ਤੇਜ਼ ਕਰ ਦਿੱਤੇ। ਉਸ ਨੇ ਫਿ਼ਰਕਾਪ੍ਰਸਤੀ ਰੋਕਣ ਲਈ ਅਖ਼ਬਾਰਾਂ ਦਾ ਸਹਾਰਾ ਵੀ ਲਿਆ।

ਉਰਦੂ ਅਖ਼ਬਾਰ ਮੁਸਲਿਮ ਲੀਗ ਦੇ ਹਾਮੀ ਸਨ। ਹਿੰਦੂ/ਸਿੱਖ ਮਾਲਕੀ ਵਾਲੇ ਅਖ਼ਬਾਰਾਂ ਨੇ ਨਾ ਸਿਰਫ਼ ਸਰ ਛੋਟੂ ਰਾਮ ਦਾ ਵਿਰੋਧ ਕਰਨਾ ਬੰਦ ਕਰ ਦਿੱਤਾ, ਸਗੋਂ ਉਸ ਦੀ ਛਵੀ ਹੋਰ ਉਭਾਰਨ ਵਿਚ ਜੁਟ ਗਏ। ਯੂਨੀਅਨਿਸਟ ਪਾਰਟੀ ਨੇ ਅੰਗਰੇਜ਼ੀ ਅਤੇ ਉਰਦੂ ਵਿਚ ਦੋ ਅਖ਼ਬਾਰ ਕੱਢਣ ਦਾ ਐਲਾਨ ਕੀਤਾ ਤਾਂ ਦੋ ਮਹੀਨਿਆਂ ਵਿਚ 35 ਲੱਖ ਰੁਪਏ ਚੰਦਾ ਇਕੱਠਾ ਹੋ ਗਿਆ।

ਕਿਸਾਨ ਮੁਖੀ ਕਾਨੂੰਨ ਕਿੰਨੇ ਪ੍ਰਭਾਵਸ਼ਾਲੀ ਸਨ, ਇਸ ਦੇ ਸਬੂਤ ਵਜੋਂ ਮੈਂ ਆਪਣੇ ਨਾਨਕਾ ਪਰਿਵਾਰ ਦੇ ਆਰਥਿਕ ਪਤਨ ਦੀ ਗੱਲ ਦੱਸਣੀ ਚਾਹਾਂਗਾ। ਛੋਟੂ ਰਾਮ ਵੱਲੋਂ ਪਾਸ ਕਰਵਾਏ 22 ਵਿਚੋਂ ਕੇਵਲ ਇਕ ਕਾਨੂੰਨ ਦਾ ਪ੍ਰਮਾਣ ਦੇ ਕੇ। ਸ਼ਾਹੂਕਾਰਾਂ ਵੱਲੋਂ ਗਹਿਣੇ ਦੁਆਰਾ ਹਥਿਆਈ ਜ਼ਮੀਨ ਨਾਲ ਸਬੰਧਤ ਇਸ ਐਕਟ ਦਾ ਨਾਂ ‘ਦਿ ਪੰਜਾਬ ਰੈਸਟੀਟਿਊਸ਼ਨ ਆਫ ਮਾਰਟਗੇਜਡ ਲੈਂਡ ਐਕਟ 1938’ ਸੀ। ਇਸ ਰਾਹੀਂ 8 ਜੂਨ 1901 ਤੋਂ ਲੈ ਕੇ 1938 ਤੱਕ ਅਸਲ ਮਾਲਕਾਂ ਦੀ ਸ਼ਾਹੂਕਾਰਾਂ ਕੋਲ ਗਹਿਣੇ ਪਈ ਜ਼ਮੀਨ ਐਕਟ ਦੇ ਪਾਸ ਹੁੰਦੇ ਸਾਰ ਅਸਲ ਮਾਲਕਾਂ ਦੀ ਹੋ ਜਾਣ ਸੀ। ਬਸ਼ਰਤੇ, ਇਸ ਭੂਮੀ ਨੂੰ ਗਹਿਣੇ ਪਿਆਂ 20 ਸਾਲ ਹੋ ਚੁੱਕੇ ਹੋਣ। ਦਲੀਲ ਇਹ ਕਿ ਸ਼ਾਹੂਕਾਰ ਪੂਰੇ ਦੋ ਦਹਾਕੇ ਜਾਂ ਇਸ ਤੋਂ ਵੱਧ ਇਸ ਜ਼ਮੀਨ ਦੀ ਖੱਟੀ ਖਾ ਚੁੱਕਿਆ ਹੈ ਤੇ ਹੁਣ ਉਸ ਨੂੰ ਇਸ ’ਤੇ ਕਾਬਜ਼ ਰਹਿਣ ਦਾ ਕੋਈ ਅਧਿਕਾਰ ਨਹੀਂ।

ਅਸਲ ਮਾਲਕ ਨੇ ਆਪਣੀ ਜ਼ਮੀਨ ਦੇ ਵੇਰਵੇ ਦੇ ਕੇ ਇਕ ਸਾਦੇ ਕਾਗਜ਼ ’ਤੇ ਡਿਪਟੀ ਕਮਿਸ਼ਨਰ ਨੂੰ ਅਰਜ਼ੀ ਦੇਣੀ ਹੁੰਦੀ ਸੀ, ਜਿਸ ਦੀ ਨਿਸ਼ਚਿਤ ਸਮੇਂ ’ਤੇ ਪੜਤਾਲ ਪਿੱਛੋਂ ਇਹ ਜ਼ਮੀਨ ਰਾਤੋ-ਰਾਤ ਅਸਲ ਮਾਲਕ ਦੀ ਹੋ ਜਾਣੀ ਸੀ। ਇਕ ਧੇਲਾ ਵੀ ਪੱਲਿਓਂ ਖਰਚੇ ਬਿਨਾਂ। ਨਤੀਜੇ ਵਜੋਂ 8 ਲੱਖ 35 ਹਜ਼ਾਰ ਇਕਾਈਆਂ ਜ਼ਮੀਨ (ਜਿਨ੍ਹਾਂ ਵਿਚ ਘੁਮਾਂ/ਏਕੜ/ਕਿੱਲੇ, ਵਿੱਘੇ ਤੇ ਕੱਚੇ ਵਿੱਘੇ ਸ਼ਾਮਲ ਸਨ), ਜਿਸ ਦੀ ਖੱਟੀ ਵੀਹਾਂ ਸਾਲਾਂ ਤੋਂ ਵੱਧ ਸਮੇਂ ਤੋਂ ਪੰਜਾਬ ਦੇ ਸ਼ਾਹੂਕਾਰ ਕੇਵਲ 4 ਲੱਖ 13 ਹਜ਼ਾਰ ਰੁਪਏ ਕਰਜ਼ਾ ਦੇ ਕੇ ਖਾਂਦੇ ਰਹੇ ਸਨ, ਤਿੰਨ ਲੱਖ 65 ਹਜ਼ਾਰ ਕਿਸਾਨਾਂ ਨੂੰ ਮੁਫ਼ਤੋ-ਮੁਫ਼ਤੀ ਵਾਪਸ ਮਿਲ ਗਈ ਸੀ।

ਮੇਰਾ ਨਾਨਾ ਵੀ ਸ਼ਾਹੂਕਾਰਾ ਕਰਦਾ ਸੀ। ਪਿੰਡ ਦੀ ਚਰਾਂਦ ਵਿਚ ਜੰਗਲੀ ਸੂਰਾਂ ਦਾ ਸ਼ਿਕਾਰ ਕਰਨਾ ਉਸ ਦਾ ਮਨਭਾਉਂਦਾ ਸ਼ੌਕ ਸੀ। ਅਫ਼ੀਮ ਵੀ ਖਾਂਦਾ ਸੀ। ਉਹਦੇ ਕੋਲ ਬਹੁਤ ਸਾਰੀ ਜ਼ਮੀਨ ਗਹਿਣੇ ਰੱਖੀ ਹੋਈ ਸੀ ਤੇ ਮਾਲਕਾਂ ਦੀ ਆਮਦਨ ਏਨੀ ਘਟ ਗਈ ਸੀ ਕਿ ਕਰਜ਼ੇ ਦੀ ਰਕਮ ਵਾਪਸ ਕਰਕੇ ਜ਼ਮੀਨ ਨਹੀਂ ਸਨ ਛੁਡਵਾ ਸਕਦੇ। ਛੋਟੂ ਰਾਮ ਵੱਲੋਂ ਪਾਸ ਕਰਵਾਏ ਐਕਟ ਨੇ ਇਹ ਜ਼ਮੀਨ ਅਸਲ ਮਾਲਕਾਂ ਨੂੰ ਰਾਤੋ ਰਾਤ ਵਾਪਸ ਕਰਵਾ ਦਿੱਤੀ ਸੀ। ਕਾਨੂੰਨ ’ਤੇ ਕਿੰਤੂ ਪ੍ਰੰਤੂ ਕਰਨ ਦਾ ਸਵਾਲ ਹੀ ਨਹੀਂ ਸੀ। ਫੇਰ ਵੀ ਵਕੀਲਾਂ ਨੇ ਮੇਰੇ ਨਾਨੇ ਨੂੰ ਭਰਮਾ ਲਿਆ ਕਿ ਉਹ ਕਚਹਿਰੀ ਵਿਚ ਕੇਸ ਪਾ ਦੇਵੇ ਤਾਂ ਉਸ ਨੂੰ ਗਹਿਣਿਓਂ ਖੁੱਸੀ ਜ਼ਮੀਨ ਬਦਲੇ ਸ਼ਾਮਲਾਟੀ ਚਰਾਂਦ ਵਿਚੋਂ ਵਧੇਰੇ ਜ਼ਮੀਨ ਮਿਲ ਜਾਵੇਗੀ।

ਜਦੋਂ ਕੇਸ ਫਸ ਗਿਆ ਤਾਂ ਨਾਨਾ ਸੱਚਮੁਚ ਦਾ ਪਾਗ਼ਲ ਹੋ ਗਿਆ ਤੇ ਪਗੜੀ ਵਿਚ ਖੰਭ ਟੰਗ ਕੇ ਸਰਕਾਰੇ ਦਰਬਾਰੇ ਜਾਣ ਲੱਗ ਪਿਆ। ਪੰਜ ਧੀਆਂ ਤੇ ਤਿੰਨ ਪੁੱਤਰਾਂ ਦਾ ਪਾਲਣ-ਪੋਸ਼ਣ ਅਸੰਭਵ ਹੋ ਗਿਆ। ਇਸ ਅਵਸਥਾ ਵਿਚ ਅਫ਼ੀਮ ਦੀ ਗੋਲੀ ਖਾ ਕੇ ਸਾਰੇ ਟੱਬਰ ਨੂੰ ਆਪਣੇ ਕੋਲ ਸੱਦ ਕੇ ਪੁੱਛਣ ਲੱਗ ਜਾਂਦਾ ਕਿ ਕਿਸ ਨੂੰ ਕਿੰਨੀ ਭੋਇੰ ਲੋੜੀਂਦੀ ਹੈ। ਸ਼ਾਮਲਾਟ ਵਿਚੋਂ ਮਿਲਣ ਤੋਂ ਪਿੱਛੋਂ ਪਰਿਵਾਰ ਦੇ ਹਰ ਮੈਂਬਰ ਦੇ ਨਾਂ ਲਗਵਾ ਦੇਵੇਗਾ। ਮੈਥੋਂ ਵੀ ਪੁੱਛਦਾ ਤਾਂ ਮੈਨੂੰ ਸਮਝ ਨਹੀਂ ਸੀ ਆਉਂਦੀ। ਮੇਰੀ ਨਾਨੀ ਨੇ ਮੇਰੇ ਕੰਨ ਵਿਚ ਫੂਕ ਮਾਰਨੀ ਕਿ ਏਨੀ ਮੰਗ ਲੈ। ਮੇਰੀ ਮੰਗ ਸੁਣ ਕੇ ਨਾਨੇ ਨੇ ਖੁਸ਼ ਹੋ ਜਾਣਾ ਤੇ ਖਾਣਾ ਖਾ ਕੇ ਸੌਂ ਜਾਣਾ। ਸਮਾਂ ਪਾ ਕੇ ਮੈਂ ਵੀ ਛੋਟੂ ਰਾਮ ਦਾ ਮਦਾਹ ਹੋਏ ਬਿਨਾਂ ਨਹੀਂ ਰਹਿ ਸਕਿਆ।

ਛੋਟੂ ਰਾਮ ਦੇ ਸਭ ਰੰਗ ਨਿਰਾਲੇ ਸਨ। 1939 ਵਿਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਛੋਟੂ ਰਾਮ ਦੀ ਪ੍ਰੇਰਨਾ ਸਦਕਾ ਅਖੰਡ ਪੰਜਾਬ ਦੇ ਅਣਗਿਣਤ ਨੌਜਵਾਨ ਫੌਜ ਵਿਚ ਭਰਤੀ ਹੋ ਗਏ। ਉਨ੍ਹਾਂ ਦਿਨਾਂ ਵਿਚ ਫੌਜੀ ਭਰਤੀ ਲਈ ਪ੍ਰੇਰਨ ਵਾਸਤੇ ਇਕ ਲੋਕ ਬੋਲੀ ਵੀ ਆਮ ਹੋ ਚੁੱਕੀ ਸੀ। ਪੂਰੇ ਪੰਜਾਬ ਵਿਚ:

ਭਰਤੀ ਹੋ ਜਾਣਾ, ਹੋ ਜਾਣਾ ਰੰਗਰੂਟ

ਏਥੇ ਮਿਲਦੀ ਟੁੱਟੀ ਹੋਈ ਜੁੱਤੀ, ਉੱਥੇ ਮਿਲਦੇ ਬੂਟ,

ਭਰਤੀ ਹੋ ਜਾਣਾ…

ਏਥੇ ਮਿਲਦੇ ਪਾਟੇ ਹੋਏ ਕੱਪੜੇ, ਉੱਥੇ ਮਿਲਦੇ ਸੂਟ,

ਭਰਤੀ ਹੋ ਜਾਣਾ…

ਖ਼ੈਰ, ਛੋਟੂ ਰਾਮ ਦੇ ਇਸ ਉਪਰਾਲੇ ਤੋਂ ਗੋਰੇ ਹਾਕਮ ਬਹੁਤ ਪ੍ਰਭਾਵਿਤ ਹੋਏ। ਉਸ ਨੇ ਹਿਟਲਰ ਦੀ ਚੜ੍ਹਤ ਨੂੰ ਨੱਥ ਪਾਉਣ ਵਿਚ ਉਨ੍ਹਾਂ ਦਾ ਸਾਥ ਦਿੱਤਾ ਸੀ। ਉਨ੍ਹਾਂ ਨੇ ਖੁਸ਼ ਹੋ ਕੇ ਛੋਟੂ ਰਾਮ ਨੂੰ ਮਿੰਟਗੁਮਰੀ ਦੀ ਬਾਰ ਵਿਚ ਚਾਰ ਮੁਰੱਬੇ ਜ਼ਮੀਨ ਅਲਾਟ ਕਰ ਦਿੱਤੀ। ਛੋਟੂ ਰਾਮ ਨੇ ਇਹ ਜ਼ਮੀਨ ਏਸ ਸ਼ਰਤ ’ਤੇ ਪ੍ਰਵਾਨ ਕੀਤੀ ਕਿ ਉੱਥੇ ਬੇਜ਼ਮੀਨੇ ਤੇ ਦਲਿਤਾਂ ਨੂੰ ਵੀ 3000 ਏਕੜ ਜ਼ਮੀਨ ਦਿੱਤੀ ਜਾਵੇ। ਗੋਰੀ ਸਰਕਾਰ ਨੂੰ ਸ਼ਰਤ ਮੰਨਣੀ ਪਈ। ਇਸ ਦਾ ਹੇਠਲੇ ਵਰਗ ਦੇ ਲੋਕਾਂ ਨੂੰ ਬਹੁਤ ਲਾਭ ਹੋਇਆ।
ਸਰ ਛੋਟੂ ਰਾਮ ਸਭ ਤਰ੍ਹਾਂ ਦੀ ਵਿਵਸਥਾ ਵਿਚੋਂ ਲੋਕ ਭਲਾਈ ਦਾ ਮੁੱਦਾ ਲੱਭ ਕੇ ਉਸ ’ਤੇ ਪਹਿਰਾ ਦਿੰਦਾ ਸੀ।

ਕਿਸਾਨੀ ਉਪਜ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਨੀਂਹ ਰੱਖਣ ਵਾਲਾ ਵੀ ਉਹੀਓ ਸੀ। ਦੂਜੇ ਵਿਸ਼ਵ ਯੁੱਧ ਸਮੇਂ ਵਾਇਸਰਾਇ ਲਾਰਡ ਵੇਵਲ ਨੇ ਸਾਰੇ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਬੁਲਾ ਕੇ ਹਿੰਦੋਸਤਾਨ ਤੋਂ ਵਿਦੇਸ਼ਾਂ ਵਿਚ ਭੇਜੀ ਜਾਣ ਵਾਲੀ ਕਣਕ ਦਾ ਮੁੱਲ ਛੇ ਰੁਪਏ ਮਣ ਰੱਖਣਾ ਚਾਹਿਆ। ਮੰਡੀ ਵਿਚ ਇਹੀਓ ਕਣਕ ਦਸ ਰੁਪਏ ਮਣ ਵਿਕ ਰਹੀ ਸੀ। ਇਸ ਤੋਂ ਪਹਿਲਾਂ ਗੋਰੀ ਸਰਕਾਰ ਬੰਗਾਲ ਦੇ ਕਿਸਾਨਾਂ ਕੋਲੋਂ ਚੌਲ ਸਸਤੇ ਭਾਅ ਖਰੀਦ ਕੇ ਲਿਜਾ ਚੁੱਕੀ ਸੀ, ਜਿਸ ਦੇ ਨਤੀਜੇ ਵਜੋਂ ਉੱਥੇ 30 ਲੱਖ ਵਸੋਂ ਭੁੱਖ ਨਾਲ ਮਰ ਗਈ ਸੀ। ਸਰ ਛੋਟੂ ਰਾਮ ਇਸ ਸਭ ਕਾਸੇ ਤੋਂ ਜਾਣੂ ਸੀ। ਉਹ ਕਿਸੇ ਸੂਰਤ ਵਿਚ ਵੀ ਪੰਜਾਬ ਨੂੰ ਬੰਗਾਲ ਵਾਲੇ ਰਾਹ ਨਹੀਂ ਸੀ ਤੋਰਨਾ ਚਾਹੁੰਦਾ।

ਉਸ ਨੇ ਵਾਇਸਰਾਇ ਨੂੰ ਕੋਰਾ ਉੱਤਰ ਦਿੱਤਾ ਕਿ ਪੰਜਾਬ ਤੋਂ ਕਣਕ ਦਾ ਇਕ ਦਾਣਾ ਵੀ 10 ਰੁਪਏ ਮਣ ਤੋਂ ਘੱਟ ਕੀਮਤ ਮਿਲੇ ਬਿਨਾਂ ਬਾਹਰ ਨਹੀਂ ਜਾਵੇਗਾ। ਇਹ ਵੀ ਕਿ ਜੇ ਧੱਕਾ ਕੀਤਾ ਗਿਆ ਤਾਂ ਪੰਜਾਬੀ ਆਪਣੀ ਖੜ੍ਹੀ ਫ਼ਸਲ ਨੂੰ ਅੱਗ ਲਾ ਦੇਣਗੇ। ਵਾਇਸਰਾਇ ਗੁੱਸੇ ਵਿਚ ਉੱਠ ਕੇ ਚਲਾ ਗਿਆ ਤੇ ਸਰ ਛੋਟੂ ਰਾਮ ਨੇ ਕੋਈ ਪ੍ਰਵਾਹ ਨਹੀਂ ਕੀਤੀ। ਖ਼ੁਦ ਵੀ ਉੱਠ ਗਿਆ। ਵਾਇਸਰਾਇ ਨੇ ਪੰਜਾਬ ਦੇ ਗਵਰਨਰ ਨੂੰ ਇਹ ਹੁਕਮ ਵੀ ਦਿੱਤਾ ਕਿ ਛੋਟੂ ਰਾਮ ਤੋਂ ਮੰਤਰੀ ਦਾ ਪਦ ਵਾਪਸ ਲੈ ਲਿਆ ਜਾਵੇ। ਜਦੋਂ ਗਵਰਨਰ ਨੇ ਕਿਹਾ ਕਿ ਅਜਿਹਾ ਕਰਨ ਨਾਲ ਤਾਂ ਸਾਰੇ ਪਾਸੇ ਭਾਂਬੜ ਮਚ ਜਾਵੇਗਾ ਤਾਂ ਸਰਕਾਰ ਨੂੰ ਸਾਰੀ ਕਣਕ 10 ਰੁਪਏ ਮਣ ਖਰੀਦਣੀ ਪਈ। ਸਰ ਛੋਟੂ ਰਾਮ ਦੀ ਪੂਰੇ ਹਿੰਦੋਸਤਾਨ ਵਿਚ ਬੱਲੇ-ਬੱਲੇ ਹੋ ਗਈ।

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਰ ਛੋਟੂ ਰਾਮ ਦਾ ਭਾਖੜਾ ਡੈਮ ਦੀ ਉਸਾਰੀ ਵਿਚ ਵੀ ਮਹੱਤਵਪੂਰਨ ਯੋਗਦਾਨ ਸੀ। ਡੈਮ ਲਈ ਥਾਂ ਲੱਭਣ, ਪਾਣੀ ਦਾ ਵਹਾਅ ਜਾਨਣ, ਸੱਜੇ ਖੱਬੇ ਦੀਆਂ ਪਹਾੜੀਆਂ ਦੀ ਪਕਿਆਈ ਵੇਖਣ ਅਤੇ ਇਸ ਦੀ ਉਚਾਈ ਮਿੱਥਣ ਦਾ ਕੰਮ ਤਾਂ ਬਰਤਾਨਵੀ ਸਰਕਾਰ ਦੇ ਇੰਜਨੀਅਰਾਂ ਨੇ ਅਮਰੀਕਾ ਦੇ ਉਨ੍ਹਾਂ ਇੰਜਨੀਅਰਾਂ ਦੀ ਸਹਾਇਤਾ ਨਾਲ ਨੇਪਰੇ ਚਾੜ੍ਹ ਲਿਆ ਸੀ, ਜਿਹੜੇ ਡੈਮ ਬਣਾਉਣ ਦੇ ਮਾਹਿਰ ਸਨ, ਪਰ ਅਸਲੀ ਅਚੜਣ ਉਦੋਂ ਸ਼ੁਰੂ ਹੋਈ ਜਦੋਂ ਇਨ੍ਹਾਂ ਪਰਬਤਾਂ ਵਿਚ ਵਸਦੇ ਲੋਕਾਂ ਨੂੰ ਉੱਥੋਂ ਉਠਾ ਕੇ ਕਿਧਰੇ ਹੋਰ ਬਿਠਾਉਣਾ ਸੀ। ਵਸੋਂ ਦੇ ਉੱਠ ਜਾਣ ਤੋਂ ਪਿੱਛੋਂ ਹੀ ਮਿਥੀ ਗਈ ਝੀਲ ਵਿਚ ਪਾਣੀ ਭਰਨਾ ਸੀ। ਇਸ ਤੋਂ ਪਹਿਲਾਂ ਝੀਲ ਦੀ ਸਤਾਹ ਵਾਲੀ ਜ਼ਮੀਨ ਦੀ ਪਕਿਆਈ ਪਰਖਣ ਲਈ ਵੱਡੀ ਪੱਧਰ ’ਤੇ ਡਰਿਲਿੰਗ ਕੀਤੀ ਜਾਣੀ ਸੀ।

ਇਹ ਕੰਮ ਰਿਆਸਤ ਬਿਲਾਸਪੁਰ ਦੇ ਰਾਜੇ ਦੀ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਸੀ ਹੋ ਸਕਦਾ। ਓਧਰ ਪੰਜਾਬ ਸਰਕਾਰ ਵੀ ਡੈਮ ’ਤੇ ਹੋਣ ਵਾਲੇ ਖਰਚੇ ਦੇ ਮੁਕਾਬਲੇ ’ਤੇ ਆਮਦਨ ਹੋਣ ਦੇ ਸੰਭਾਵੀ ਅੰਕੜੇ ਮੰਗਣ ਲੱਗ ਪਈ। ਡੈਮ ਉਸਾਰੀ ਦਾ ਕੰਮ ਤਾਂ ਕੇਂਦਰ ਦੀ ਸਰਕਾਰ ਨੇ ਕਰਨਾ ਸੀ, ਪਰ ਨਹਿਰਾਂ ਕੱਢਣ ਦਾ ਪੰਜਾਬ ਸਰਕਾਰ ਨੇ। ਪੰਜਾਬ ਸਰਕਾਰ ਇਹ ਪੱਕਾ ਕਰਨਾ ਚਾਹੁੰਦੀ ਸੀ ਕਿ ਨਹਿਰਾਂ ’ਤੇ ਹੋਣ ਵਾਲੇ ਖਰਚੇ ਦੇ ਵਿਆਜ ਜਿੰਨੀ ਆਮਦਨ ਜ਼ਰੂਰ ਹੋਵੇ।

ਸਰ ਛੋਟੂ ਰਾਮ ਨੇ ਇਸ ਮੰਗ ਦਾ ਜ਼ਬਰਦਸਤ ਵਿਰੋਧ ਕਰਦਿਆਂ ਸਬੰਧਤ ਧਿਰਾਂ ਨੂੰ ਸਮਝਾਇਆ ਕਿ ਸ਼ਹਿਰਾਂ ਵਿਚ ਸਕੂਲ, ਕਾਲਜ ਤੇ ਹਸਪਤਾਲ ਬਣਾਉਣ ਵੇਲੇ ਤਾਂ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਨਹੀਂ ਮੰਗਿਆ ਜਾਂਦਾ। ਗ੍ਰਾਮੀਣ ਵਸੋਂ ਨੂੰ ਹੋਣ ਵਾਲੇ ਲਾਭ ਨਾਲ ਸਬੰਧਤ ਪ੍ਰਾਜੈਕਟ ਬਾਰੇ ਆਨਾਕਾਨੀ ਪੇਂਡੂ ਵਰਗ ਨਾਲ ਵਿਤਕਰਾ ਹੈ। ਜਦੋਂ ਉਸ ਨੇ ਇਸ ਬਾਰੇ ਭਾਸ਼ਨ ਦੇ ਕੇ ਤੇ ‘ਜਾਟ ਗਜ਼ਟ’ ਵਿਚ ਲੇਖ ਲਿਖਿਆ ਤਾਂ ਸਭਨਾਂ ਧਿਰਾਂ ਦੇ ਕੰਨ ਖੁੱਲ੍ਹ ਗਏ ਤੇ ਰਜ਼ਾਮੰਦ ਹੋਣਾ ਪਿਆ।

ਬਿਲਾਸਪੁਰ ਦਾ ਰਾਜਾ ਆਪਣੇ ਕਿਸਾਨਾਂ ਨੂੰ ਕਿਸੇ ਹੋਰ ਥਾਂ ਭੇਜਣ ਦੇ ਰਾਹ ਵਿਚ ਰੋੜਾ ਅਟਕਾ ਰਿਹਾ ਸੀ। ਛੋਟੂ ਰਾਮ ਵੱਲੋਂ ਕਿਸਾਨਾਂ ਦੇ ਹੱਕ ਵਿਚ ਪਾਸ ਕਰਵਾਏ ਐਕਟਾਂ ਦੀ ਗੂੰਜ ਪਰਬਤਾਂ ਤੱਕ ਪਹੁੰਚ ਚੁੱਕੀ ਸੀ। ਉਸ ਨੇ ਸਭ ਤੋਂ ਪਹਿਲਾਂ ਕਿਸਾਨਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਰਾਜਸਥਾਨ ਵਿਚ ਵਧੇਰੇ ਜ਼ਮੀਨ ਲੈਣ ਲਈ ਮਨਾਇਆ ਤੇ ਫਿਰ ਬਿਲਾਸਪੁਰ ਦੇ ਰਾਜੇ ਨੂੰ ਪੁੱਛਿਆ ਕਿ ਜਦੋਂ ਇਸ ਪ੍ਰਾਜੈਕਟ ਦੀ ਯੋਜਨਾਬੰਦੀ ਹੋ ਰਹੀ ਸੀ, ਉਦੋਂ ਜ਼ੁਬਾਨੀ ਪ੍ਰਵਾਨਗੀ ਦੇਣ ਵੇਲੇ ਉਸ ਦੀ ਹੋਸ਼ ਕਿੱਥੇ ਸੀ। ਹੁਣ ਪੂਰੀ ਤਿਆਰੀ ਹੋ ਜਾਣ ਉਪਰੰਤ ਹੁਜਤਾਂ ਕਰਨ ਦਾ ਉਸ ਨੂੰ ਕੋਈ ਹੱਕ ਨਹੀਂ। ਅੰਤ 1944 ਦੇ ਨਵੰਬਰ ਮਹੀਨੇ ਪੰਜਾਬ ਸਰਕਾਰ ਤੇ ਬਿਲਾਸਪੁਰ ਦੇ ਰਾਜੇ ਵਿਚ ਲਿਖਤੀ ਸਮਝੌਤਾ ਹੋ ਗਿਆ। ਡਰਿਲਿੰਗ ਲਈ ਵੀ ਰਾਹ ਪੱਧਰਾ ਹੋ ਗਿਆ, ਜਿਹੜੀ 58 ਥਾਵਾਂ ’ਤੇ ਕੀਤੀ ਗਈ।

ਕੁਦਰਤ ਦੀ ਸਿਤਮ ਜ਼ਰੀਫ਼ੀ ਦੇਖੋ ਕਿ ਇਸ ਯੋਜਨਾ ਦੇ ਸਾਰੇ ਪੱਖਾਂ ਨੂੰ ਕਲਮਬੰਦ ਕਰਕੇ ਇਸ ਇਤਿਹਾਸਕ ਸਮਝੌਤੇ ਦੇ ਅੰਤਿਮ ਰੂਪ ’ਤੇ ਸਰ ਛੋਟੂ ਰਾਮ ਨੇ 8 ਜਨਵਰੀ, 1945 ਨੂੰ ਦਸਤਖ਼ਤ ਕੀਤੇ ਅਤੇ ਅਗਲੇ ਦਿਨ 9 ਜਨਵਰੀ ਨੂੰ ਖ਼ੁਦ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਕੇ ਪਰਲੋਕ ਸਿਧਾਰ ਗਿਆ। ਸਰ ਛੋਟੂ ਰਾਮ ਦਾ ਆਖ਼ਰੀ ਉਮਰੇ ਕਿਸੇ ਤਰ੍ਹਾਂ ਕਸ਼ਟ ਭੋਗੇ ਬਿਨਾਂ ਚੁੱਪ ਚੁਪੀਤੇ ਤੁਰ ਜਾਣਾ, ਉਸ ਦੀ ਸੁਹਿਰਦ ਸੋਚ ਤੇ ਅਗਾਂਹਵਧੂ ਧਾਰਨਾ ’ਤੇ ਮੋਹਰ ਲਾਉਂਦਾ ਹੈ।

ਰਾਮ ਰਛਪਾਲ ਤੋਂ ਛੋਟੂ ਰਾਮ, ਚੌਧਰੀ ਛੋਟੂ ਰਾਮ ਤੇ ਫੇਰ ਸਰ ਛੋਟੂ ਰਾਮ ਦਾ ਨਾਂ ਤਾਂ ਮੈਂ ਆਪਣੇ ਨਾਨਕਿਆਂ ਤੋਂ ਹੀ ਸੁਣਦਾ ਆਇਆ ਹਾਂ, ਪਰ ਉਸ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਭਰਪੂਰ ਜਾਣਕਾਰੀ ਮੈਨੂੰ ਪ੍ਰੋ. ਬਸੰਤ ਸਿੰਘ ਬਰਾੜ ਦੀ ਹਾਲ ਵਿਚ ਹੀ ਛਪੀ ਪੁਸਤਕ ‘ਕਿਸਾਨਾਂ ਦੇ ਮਸੀਹਾ ਸਰ ਛੋਟੂ ਰਾਮ’ ਵਿਚੋਂ ਮਿਲੀ ਹੈ। ਪ੍ਰੋ. ਬਰਾੜ ਦੇ ਸ਼ਬਦ ਹਨ:

ਸਰ ਛੋਟੂ ਰਾਮ ਵਿਲੱਖਣ ਸ਼ਖ਼ਸੀਅਤ ਦੇ ਮਾਲਕ

ਉਨ੍ਹਾਂ ਵਿਚ ਰੱਤੀ ਭਰ ਵੀ ਬਣਾਵਟ ਨਹੀਂ ਸੀ, ਜੋ ਅੰਦਰੋ ਸਨ, ਉਹੀ ਬਾਹਰੋਂ। ਸਦਾ ਖਰੀ-ਖਰੀ ਗੱਲ ਕਰਦੇ ਸਨ। ਹੱਦ ਦਰਜੇ ਦੇ ਅਕਲਮੰਦ, ਸੰਵੇਦਨਸ਼ੀਲ, ਸੂਝਵਾਨ ਅਤੇ ਬੁੱਧੀਮਾਨ ਹੀ ਨਹੀਂ, ਸਗੋਂ ਸੁਭਾਵਿਕ ਸੂਝ-ਬੂਝ ਵਿਚ ਵੀ ਨਿਪੁੰਨ ਸਨ। ਅਤਿਅੰਤ ਮਿਹਨਤੀ ਹੋਣ ਕਰਕੇ ਹਰ ਕੰਮ ਸੰਪੂਰਨ ਕਰਨ ਲਈ ਉਤਾਵਲੇ ਰਹਿੰਦੇ ਸਨ।’

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਦਾ ਲਿਖਿਆ ਹੋਇਆ ਮੁੱਖ ਬੰਦ ਵੀ ਪ੍ਰੋ. ਬਰਾੜ ਦੀ ਧਾਰਨਾ ’ਤੇ ਸਹੀ ਪਾਉਂਦਾ ਹੈ। ਉਹ ਲਿਖਦੇ ਹਨ:

‘ਸਰ ਛੋਟੂ ਰਾਮ ਬਾਰੇ ਲਿਖਣਾ ਹੋਵੇ ਤਾਂ ਕਲਮ ਥੱਕ ਜਾਂਦੀ ਹੈ। ਇਸ ਕਿਸਾਨਾਂ ਦੇ ਮਸੀਹਾ ਰਾਹੀਂ ਪ੍ਰਮਾਤਮਾ ਨੇ ਇਕ ਵਿਅਕਤੀ ਦੇ ਰੂਪ ਵਿਚ ਇਕ ਵਿਸ਼ਾਲ ਸੰਸਥਾ ਨੂੰ ਜਨਮ ਦਿੱਤਾ। ਉਨ੍ਹਾਂ ਜਿੱਥੇ ਵੀ ਕਦਮ ਰੱਖਿਆ, ਜਿਸ ਜ਼ਿੰਮੇਵਾਰੀ ਨੂੰ ਹੱਥ ਵਿਚ ਲਿਆ, ਇਕ ਮੀਲ ਪੱਥਰ ਸਿਰਜਿਆ। ਕਿਸਾਨ ਭਲਾਈ, ਖੇਤ ਮਜ਼ਦੂਰਾਂ, ਮਿਹਨਤ-ਮੁਸ਼ੱਕਤ ਨਾਲ ਰੋਟੀ ਕਮਾਉਂਦੀ ਗ਼ਰੀਬ ਜਨਤਾ ਦੀ ਸ਼ਾਹੂਕਾਰਾਂ ਤੇ ਸਰਕਾਰੀ ਅਫ਼ਸਰਾਂ ਹੱਥੀਂ ਲੁੱਟ ਉਨ੍ਹਾਂ ਦਾ ਸੀਨਾ ਸਾੜਦੀ ਸੀ। ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਤੇ ਹਰਬਿਆਂ ਅਤੇ ਵਿਦੇਸ਼ੀ ਸਰਕਾਰ ਦੀਆਂ ਅੜਚਣਾਂ ਦੇ ਬਾਵਜੂਦ ਕਿਸਾਨਾਂ ਅਤੇ ਪੇਂਡੂ ਵਸਨੀਕਾਂ ਨੂੰ ਉਨ੍ਹਾਂ ਦੀ ਦੇਣ ਬੇਮਿਸਾਲ ਹੈ।’
ਸਰ ਛੋਟੂ ਰਾਮ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ 1930 ਦੇ ਦਹਾਕੇ ਵਿਚ ਡੇਢ ਦਰਜਨ ਲੇਖ ਵੀ ਲਿਖੇ, ਜਿਹੜੇ ‘ਵਿਚਾਰਾ ਜ਼ਿਮੀਂਦਾਰ’ ਲੇਖ ਲੜੀ ਅਧੀਨ ‘ਜਾਟ ਗਜ਼ਟ’ ਵਿਚ ਛਪੇ। ਇਨ੍ਹਾਂ ਵਿਚ ਵੀ ਕਿਸਾਨਾਂ ਨੂੰ ਸਰਗਰਮ ਤੇ ਸੁਤੰਤਰ ਰੂਪ ਵਿਚ ਜਥੇਬੰਦ ਹੋ ਕੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦਾ ਸੰਦੇਸ਼ ਸੀ। ਅੰਤਲਾ ਲੇਖ ਕਿਸਾਨਾਂ ਲਈ ਸੰਦੇਸ਼ ਹੈ, ਜਿਹੜਾ ਕਿ ਪੌਣੀ ਸਦੀ ਲੰਘ ਜਾਣ ’ਤੇ ਵੀ ਓਨਾ ਹੀ ਪ੍ਰਸੰਗਕ ਹੈ। ਉਸ ਦਾ ਸਾਰ ਇਹ ਸੀ:

‘ਸਭਾਅ ਪੱਖੋਂ ਹਰ ਮਨੁੱਖ ਆਪਣੀਆਂ ਆਦਤਾਂ ਦਾ ਗ਼ੁਲਾਮ ਅਤੇ ਆਧੁਨਿਕ ਵਿਚਾਰਧਾਰਾ ਦਾ ਪ੍ਰਸੰਸਕ ਹੁੰਦਾ ਹੈ, ਪ੍ਰੰਤੂ ਕੁਝ ਹੱਦ ਤੱਕ ਇਤਿਹਾਸਕ ਘਟਨਾਵਾਂ, ਆਲੇ-ਦੁਆਲੇ ਦੇ ਪ੍ਰਭਾਵ, ਉਸ ਦੀ ਆਪਣੀ ਅਗਿਆਨਤਾ ਅਤੇ ਚੁੱਪ ਅਤੇ ਕੁਝ ਗਲਤਫਹਿਮੀਆਂ ਕਰਕੇ ਕਿਸਾਨ ਦਾ ਰਵੱਈਆ ਇਸ ਤਰ੍ਹਾਂ ਢਲ ਗਿਆ ਹੈ ਕਿ ਉਹ ਆਪਣੇ ਆਪ ਨੂੰ ਅੱਜ-ਕੱਲ੍ਹ ਦੀ ਜ਼ਿੰਦਗੀ ਦੀ ਖਿੱਚੋਤਾਣ ਦਾ ਸਾਹਮਣਾ ਕਰਨ ਦੇ ਲਾਇਕ ਨਹੀਂ ਸਮਝਦਾ। ਉਸ ਦੇ ਮਨ ਵਿਚ ਅਜਿਹੇ ਵਿਚਾਰ ਘਰ ਕਰ ਗਏ ਹਨ ਅਤੇ ਉਸ ਨੂੰ ਅਜਿਹੇ ਫਿਕਰਾਂ ਅਤੇ ਵਿਚਾਰਧਾਰਾਵਾਂ ਦੀ ਆਦਤ ਪੈ ਗਈ ਹੈ ਕਿ ਉਹ ਆਪਣੇ ਟੀਚੇ ’ਤੇ ਪਹੁੰਚਣ ਦਾ ਰਾਹ ਨਹੀਂ ਲੱਭ ਸਕਦਾ।

ਹਿੰਦੂ ਧਰਮ ਅਨੁਸਾਰ ਜੀਵਨ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਪੜਾਅ ਬ੍ਰਹਮਚਾਰੀ ਜੀਵਨ ਦਾ ਹੁੰਦਾ ਹੈ। ਇਹ ਗਿਆਨ ਪ੍ਰਾਪਤ ਕਰਨ ਅਤੇ ਮਾਨਸਿਕ ਅਤੇ ਸਰੀਰਕ ਸ਼ਕਤੀਆਂ ਦਾ ਵਿਕਾਸ ਕਰਨ ਦਾ ਸਮਾਂ ਹੁੰਦਾ ਹੈ ਤਾਂ ਕਿ ਮਨੁੱਖ ਭਵਿੱਖ ਦੇ ਸਾਰੇ ਸੰਘਰਸ਼ਾਂ ਲਈ ਤਿਆਰ ਹੋ ਜਾਵੇ। ਦੂਸਰਾ, ਗ੍ਰਹਿਸਥ ਆਸ਼ਰਮ ਹੁੰਦਾ ਹੈ, ਜਿਸ ਦਾ ਸਬੰਧ ਪਰਿਵਾਰਕ ਜੀਵਨ ਨਾਲ ਹੁੰਦਾ ਹੈ। ਇਸ ਪੜਾਅ ’ਤੇ ਪਹੁੰਚਣ ’ਤੇ ਮਨੁੱਖ ਨੂੰ ਬੱਚੇ ਪੈਦਾ ਕਰਨ, ਰੋਜ਼ੀ-ਰੋਟੀ ਕਮਾਉਣ, ਧਨ ਜੋੜਨ, ਧਾਰਮਿਕ ਬਣਨ ਅਤੇ ਨਾਮਣਾ ਖੱਟਣ ਦਾ ਆਦੇਸ਼ ਹੈ। ਜਿਸ ਮਾਨਸਿਕਤਾ ਨੇ ਕਿਸਾਨ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ, ਉਸ ਦਾ ਸਬੰਧ ਮੁੱਖ ਤੌਰ ’ਤੇ ਤੀਜੇ ਅਤੇ ਚੌਥੇ ਪੜਾਵਾਂ ਨਾਲ ਹੈ। ਇਸ ਤੋਂ ਇਲਾਵਾ ਉਹ ਹਿੰਦੂ, ਇਸਲਾਮ ਅਤੇ ਸਿੱਖ ਧਰਮਾਂ ਦੇ ਪੁਜਾਰੀਆਂ, ਸੰਤਾਂ ਅਤੇ ਫ਼ਕੀਰਾਂ ਤੋਂ ਕੁਝ ਸਿੱਖਿਆ ਲੈਂਦਾ ਹੈ, ਜਿਸ ਵਿਚ ਕਈ ਪੱਖਾਂ ਤੋਂ ਨੁਕਸ ਹੁੰਦੇ ਹਨ।

ਐ ਕਿਸਾਨ, ਹੁਣ ਤੱਕ ਤੈਨੂੰ ਹਮੇਸ਼ਾ ਸ਼ਾਂਤੀ ਅਤੇ ਸੰਤੁਸ਼ਟੀ ਦੇ ਪਾਠ ਪੜ੍ਹਾਏ ਜਾਂਦੇ ਰਹੇ ਹਨ। ਹੁਣ ਮੈਂ ਤੈਨੂੰ ਅਸੰਤੋਸ਼ ਦਾ ਸਬਕ ਸਿਖਾਉਣਾ ਚਾਹੁੰਦਾ ਹਾਂ। ਸ਼ਾਂਤੀ ਅਤੇ ਸੰਤੁਸ਼ਟੀ ਦੋਵੇਂ ਹੀ ਸੰਘਰਸ਼ ਦੇ ਦੁਸ਼ਮਣ ਹਨ। ਮੈਂ ਤੈਨੂੰ ਸਰਗਰਮੀਆਂ ਵਿਚ ਰੁੱਝਿਆ ਵੇਖਣਾ ਚਾਹੁੰਦਾ ਹਾਂ। ਜੋ ਕੋਈ ਵੀ ਕਿਸਮਤ ਵਿਚ ਯਕੀਨ ਰੱਖਣ ਦਾ ਪ੍ਰਚਾਰ ਕਰਦਾ ਹੈ, ਉਹ ਗਲਤ ਹੈ। ਕਿਸਮਤ ਦਾ ਸਮਰਥਨ ਕਰਨ ਵਾਲਿਆਂ ਦੇ ਵਿਰੁੱਧ ਡਟ ਜਾ। ਮੈਂ ਤੈਨੂੰ ਭਾਗਵਾਦ ਦੇ ਵਿਰੁੱਧ ਪ੍ਰਚਾਰ ਕਰਨ ਦੀ ਲੋੜ ਦਾ ਆਦੇਸ਼ ਦਿੰਦਾ ਹਾਂ। ਜੇ ਤੇਰੇ ਤੋਂ ਉਪਰ ਵਾਲਾ ਕੋਈ ਮਨੁੱਖ ਤੇਰੇ ਕੰਮ ਵਿਚ ਅੜਿੱਕਾ ਪਾਉਂਦਾ ਹੈ ਤਾਂ ਉਸ ਦੇ ਵਿਰੁੱਧ ਵੀ ਲੜਾਈ ਕਰ। ਜੇ ਤੂੰ ਕਿਸਮਤ ’ਤੇ ਨਿਰਭਰ ਰਿਹਾ ਤਾਂ ਤੂੰ ਕਦੇ ਤਰੱਕੀ ਨਹੀਂ ਕਰ ਸਕਦਾ। ਸਿਰਫ਼ ਉਹ ਆਦਮੀ ਤਰੱਕੀ ਕਰ ਸਕਦਾ ਹੈ, ਜਿਹੜਾ ਆਪਣੀ ਵਰਤਮਾਨ ਹਾਲਤ ਤੋਂ ਅਸੰਤੁਸ਼ਟ ਅਤੇ ਨਾਖੁਸ਼ ਹੈ। ਜਿਸ ਆਦਮੀ ਨੇ ਕਿਸਮਤ ਨਾਲ ਸਮਝੌਤਾ ਕਰ ਲਿਆ, ਉਹ ਤਰੱਕੀ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਹੁਣ ਤੱਕ ਤੈਨੂੰ ਸ਼ਾਂਤੀ ਦੇ ਉਪਦੇਸ਼ ਦਿੱਤੇ ਜਾਂਦੇ ਰਹੇ ਹਨ, ਪਰ ਮੈਂ ਚਾਹੁੰਦਾ ਹਾਂ ਕਿ ਤੂੰ ਅਸੰਤੋਸ਼, ਹਿਲਜੁਲ, ਕਾਰਜਸ਼ੀਲਤਾ ਅਤੇ ਗਤੀਵਾਦ ਦੇ ਫ਼ਾਇਦੇ ਸਮਝ ਸਕੇਂ।

ਸਰਗਰਮੀ ਜੀਵਨ ਦੀ ਨਿਸ਼ਾਨੀ ਹੈ, ਕੋਸ਼ਿਸ਼ ਆਪਣੇ ਆਪ ਵਿਚ ਜੀਵਨ ਹੈ। ਕ੍ਰਿਆਹੀਣਤਾ ਮੌਤ ਹੈ। ਇਹ ਲਾਸ਼ ਦਾ ਲੱਛਣ ਹੈ। ਇਸ ਨੂੰ ਤਿਆਗ ਦੇ, ਮੱਥਾ ਟੇਕ ਦੇ। ਵੇਖ, ਜਦ ਤੱਕ ਪਾਣੀ ਵਗਦਾ ਰਹਿੰਦਾ, ਸ਼ੁੱਧ ਰਹਿੰਦਾ ਹੈ, ਖੜ੍ਹਾ ਪਾਣੀ ਬਦਬੂ ਮਾਰਨ ਲਗਦਾ ਹੈ। ਗੁੰਮਰਾਹ ਹੋਏ ਆਗੂਆਂ ਨੇ ਕ੍ਰਿਆਹੀਣਤਾ ਦਾ ਪ੍ਰਚਾਰ ਕੀਤਾ ਹੈ। ਮੈਂ ਤੈਨੂੰ ਕ੍ਰਾਂਤੀ ਦਾ ਸਬਕ ਸਿਖਾਉਣਾ ਚਾਹੁੰਦਾ ਹਾਂ। ਸ਼ਾਂਤੀਵਾਦ ਜਾਂ ਕ੍ਰਿਆਹੀਣਤਾ ਦਾ ਸਿਰਫ਼ ਸ਼ਮਸ਼ਾਨਘਾਟ ’ਤੇ ਰਾਜ ਹੁੰਦਾ ਹੈ। ਇਸ ਦਾ ਜਿਉਂਦੇ ਲੋਕਾਂ ਦੀ ਦੁਨੀਆਂ ਵਿਚ ਕੀ ਕੰਮ? ਐ ਕਿਸਾਨ, ਤੂੰ ਜਿਊਂਦਾ ਜਾਗਦਾ ਹੈਂ। ਜੇ ਤੂੰ ਮੁਰਦਿਆਂ ਦੇ ਬਰਾਬਰ ਨਹੀਂ ਸਮਝਿਆ ਜਾਣਾ ਚਾਹੁੰਦਾ ਤਾਂ ਕ੍ਰਿਆਹੀਣਤਾ ਦੇ ਸਰਾਪ ਤੋਂ ਪਿੱਛਾ ਛੁਡਾ। ਸਿਰ ਤੋਂ ਪੈਰਾਂ ਤੱਕ ਰੌਲਾ ਪਾ, ਦਰਿਆ ਵਾਂਗ ਸ਼ੋਰ ਮਚਾ। ਸਮੁੰਦਰ ਦਾ ਜਵਾਰਭਾਟਾ ਬਣ, ਸ਼ੇਰ ਵਾਂਗ ਦਹਾੜ ਕੇ ਜੰਗਲ ਦਾ ਰਾਜਾ ਬਣ। ਨੀਵੀਂ ਪਾਉਣਾ ਨੈਤਿਕ ਜੁਰਮ ਹੈ, ਪਾਪ ਹੈ ਅਤੇ ਆਪਣੀ ਬਰਾਦਰੀ ਦੀ ਹੇਠੀ ਵੀ ਹੈ।

ਇਸ ਲਈ ਉਪਰ ਵੇਖ ਆਕਾਸ਼ ’ਤੇ ਨਜ਼ਰਾਂ ਗੱਡ, ਜ਼ਮੀਨ ’ਤੇ ਤੁਰਨ ਵਾਲਾ ਜਨੌਰ ਨਾ ਬਣ, ਬਲਕਿ ਬਾਜ਼ ਵਾਂਗ ਉੱਚੀਆਂ ਉਡਾਰੀਆਂ ਮਾਰਨਾ ਸਿੱਖ। ਜੇ ਤੂੰ ਦੂਰ ਤੱਕ ਨਜ਼ਰ ਹੀ ਨਹੀਂ ਮਾਰਦਾ ਤਾਂ ਤਰੱਕੀ ਕਿਵੇਂ ਕਰ ਸਕਦਾ ਹੈਂ? ਇਹ ਕੋਈ ਅਤਿਕਥਨੀ ਨਹੀਂ ਕਿ ਤੇਰੇ ਪੈਰ ਜ਼ਮੀਨ ’ਤੇ ਗੱਡੇ ਹੋਏ ਅਤੇ ਨਜ਼ਰ ਆਕਾਸ਼ ਉੱਤੇ ਟਿਕੀ ਹੋਣੀ ਚਾਹੀਦੀ ਹੈ। ਤੇਰੀ ਤਿੱਖੀ ਨਜ਼ਰ ਚੀਰ ਕੇ ਲੰਘ ਜਾਣ ਵਾਲੀ ਹੋਣੀ ਚਾਹੀਦੀ ਹੈ। ਲੋਕਾਂ ਦੀ ਨਜ਼ਰ ਵਿਚ ਤੂੰ ਬਹਾਦਰ ਹੈਂ। ਪਰ ਮੇਰੇ ਕਿਸਾਨ ਭਾਈ, ਮੈਂ ਅਜਿਹਾ ਨਹੀਂ ਸਮਝਦਾ। ਤੇਰੀ ਬਹਾਦਰੀ ਸਿਰਫ਼ ਜਿਸਮਾਨੀ ਕਾਰਨਾਮਿਆਂ ਤੱਕ ਸੀਮਤ ਹੈ ਅਤੇ ਉਹ ਵੀ ਤਦ ਜਦ ਤੂੰ ਰਣ ਖੇਤਰ ਵਿਚ ਹੁੰਦਾ ਹੈਂ ਜਾਂ ਜਦ ਤੇਰੀ ਡਾਂਗ ਨੂੰ ਤੇਰੇ ਆਪਣੇ ਭਰਾ ਦਾ ਸਿਰ ਪਾੜਨ ਦੀ ਤਾਂਘ ਹੁੰਦੀ ਹੈ।

ਪੁਲੀਸ ਦੇ ਸਿਪਾਹੀ ਨੂੰ ਵੇਖ ਕੇ ਹੀ ਤੂੰ ਕੰਬਣ ਲੱਗ ਪੈਂਦਾ ਹੈਂ। ਜਦ ਕਿਸੇ ਸਰਕਾਰੀ ਕਰਮਚਾਰੀ ਨੂੰ ਵੇਖਦਾ ਹੈਂ, ਤਦ ਵੀ ਇਸੇ ਤਰ੍ਹਾਂ ਹੁੰਦਾ ਹੈ। ਕੋਈ ਬਦਮਾਸ਼ ਬੰਦੂਕ ਤਾਣ ਕੇ ਸਾਰੇ ਪਿੰਡ ਨੂੰ ਡਰਾ ਲੈਂਦਾ ਹੈ ਅਤੇ ਨਾਜਾਇਜ਼ ਮੰਗ ਪੂਰੀ ਕਰਵਾ ਲੈਂਦਾ ਹੈ। ਸਾਰੇ ਕਿਸਾਨਾਂ ਦੀ ਇਖ਼ਲਾਕੀ ਕਾਇਰਤਾਂ ਨੂੰ ਕੁਝ ਵਧਾ-ਚੜ੍ਹਾ ਕੇ ਦੱਸਣ ’ਤੇ ਸ਼ਾਇਦ ਮੇਰੇ ਕੁਝ ਸਕੇ ਸਬੰਧੀ ਵੀ ਮੇਰੇ ਨਾਲ ਗੁੱਸੇ ਹੋ ਜਾਣ। ਮੈਂ ਇਹ ਸਭ ਕੁਝ ਆਮ ਕਿਸਾਨਾਂ ਅਤੇ ਕੌਂਸਲ ਦੇ ਕਿਸਾਨ ਮੈਂਬਰਾਂ ਦੇ ਚੋਭਾਂ ਮਾਰਨ ਦੀ ਜ਼ਰੂਰਤ ਚੇਤੇ ਕਰਵਾਉਣ ਲਈ ਜਾਣ-ਬੁੱਝ ਕੇ ਕਰ ਰਿਹਾ ਹਾਂ। ਸਗੋਂ, ਮੈਂ ਆਪਣਾ ਚਾਬੁਕ ਹੋਰ ਤਿੱਖਾ ਕਰਨ ਵਾਲਾ ਹਾਂ।

ਕਿਸਾਨ ਨੂੰ ਇਸ ਕਿਸਮ ਦੀ ਸਿੱਖਿਆ ਦਿੱਤੀ ਜਾਂਦੀ ਹੈ, ਜੋ ਉਸ ਨੂੰ ਕ੍ਰਿਆਹੀਣ ਬਣਾ ਦਿੰਦੀ ਹੈ। ਉਸ ਵਿਚ ਬਹੁਤ ਜ਼ਿਆਦਾ ਹੀਣ ਭਾਵਨਾ ਪੈਦਾ ਕਰ ਦਿੱਤੀ ਗਈ ਹੈ। ਮੈਂ ਚਾਹੁੰਦਾ ਹਾਂ ਕਿ ਇਸ ਅਹਿਸਾਸ-ਏ-ਕਮਤਰੀ ਦਾ ਸਥਾਨ ਫ਼ਖਰ ਅਤੇ ਆਤਮ-ਸਨਮਾਨ ਮੱਲ ਲਵੇ। ਮੈਂ ਕਿਸਾਨ ਨੂੰ ਹੁਕਮਰਾਨ ਵੇਖਣਾ ਚਾਹੁੰਦਾ ਹਾਂ ਅਤੇ ਇਸੇ ਕਰਕੇ ਮੈਂ ਚਾਹੁੰਦਾ ਹਾਂ ਕਿ ਉਹ ਦੂਜਿਆਂ ਉਪਰ ਨਿਰਭਰ ਹੋਣ ਦੀ ਭਾਵਨਾ ਤੋਂ ਪਿੱਛਾ ਛੁਡਾਵੇ। ਗਲਤ ਸਿੱਖਿਆ ਤੋਂ ਇਲਾਵਾ ਫ਼ਜ਼ੂਲ ਦੇ ਫ਼ਿਕਰਾਂ ਅਤੇ ਸ਼ਰਾਫ਼ਤ ਨੇ ਉਸ ਨੂੰ ਡਰਪੋਕ ਅਤੇ ਬੇਸਮਝ ਬਣਾ ਦਿੱਤਾ ਹੈ – ਅਤੇ ਉਸ ਨੇ ਹਜ਼ਾਰਾਂ ਨਵੇਂ ਦੇਵੀ ਦੇਵਤੇ ਸਿਰਜ ਲਏ ਹਨ। ਇਸ ਲਈ ਮੈਂ ਕਹਿੰਦਾ ਹਾਂ ਕਿ ਐ ਕਿਸਾਨ, ਉਸ ਸਰਬਸ਼ਕਤੀਮਾਨ ਭਗਵਾਨ ਤੋਂ ਸਿਵਾਏ ਕਿਸੇ ਨੂੰ ਭਗਵਾਨ ਸਮਝ ਕੇ ਨਾ ਪੂਜ, ਕਿਸੇ ਦਾ ਪਿੱਛਲੱਗ ਨਾ ਬਣ, ਕਿਸੇ ਦਾ ਗ਼ੁਲਾਮ ਨਹੀਂ, ਸਗੋਂ ਮਾਲਕ ਬਣ, ਗ਼ੁਲਾਮੀ ਛੱਡ ਅਤੇ ਹਾਕਮ ਬਣ।’

ਇਹ ਦੱਸਣਾ ਵੀ ਬਣਦਾ ਹੈ ਕਿ ਸਰ ਛੋਟੂ ਰਾਮ ਨੇ ਇਕ ਕਿਸਾਨ ਭਲਾਈ ਫੰਡ ਸਥਾਪਤ ਕੀਤਾ ਸੀ, ਜਿਸ ਰਾਹੀਂ ਗ਼ਰੀਬ ਪਰ ਲਾਇਕ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਜਾਂਦੇ ਸਨ। 1995 ਵਿਚ ਸਰ ਛੋਟੂ ਰਾਮ ਦੇ 50ਵੇਂ ਵਰ੍ਹੀਣੇ ’ਤੇ ਪਾਕਿਸਤਾਨ ਦੇ ਨੋਬੇਲ ਇਨਾਮ ਜੇਤੂ ਅਬਦੁਸ ਹਮੀਦ ਨੇ ਆਪਣੇ ਸ਼ਰਧਾਂਜਲੀ ਸੰਦੇਸ਼ ਵਿਚ ਲਿਖਿਆ ਸੀ ਕਿ ਜੇ ਕਿਸਾਨ ਭਲਾਈ ਫੰਡ ਵਿਚੋਂ ਉਸ ਨੂੰ ਵਿਦੇਸ਼ ਜਾ ਕੇ ਪੜ੍ਹਨ ਦਾ ਮੌਕਾ ਨਾ ਮਿਲਦਾ ਤਾਂ ਉਸ ਦੀ ਕਾਬਲੀਅਤ ਗ਼ਰੀਬੀ ਥੱਲੇ ਹੀ ਦੱਬੀ ਰਹਿ ਜਾਣੀ ਸੀ।

ਆਪਣੇ ਬਚਪਨ ਸਮੇਂ ਸਰ ਛੋਟੂ ਰਾਮ ਦੀ ਪਹੁੰਚ ਦਾ ਸ਼ਿਕਾਰ ਹੋਏ ਆਪਣੇ ਨਾਨਕਾ ਪਰਿਵਾਰ ਦੀ ਦੁਰਦਸ਼ਾ ਦਾ ਚਸ਼ਮਦੀਦ ਗਵਾਹ ਹੋਣ ਦੇ ਬਾਵਜੂਦ ਮੈਂ ਸਰ ਛੋਟੂ ਰਾਮ ਦੀ ਕਿਸਾਨੀ ਨੂੰ ਦੇਣ ਅੱਗੇ ਸਿਰ ਝੁਕਾਉਂਦਾ ਹਾਂ। ਜੇ ਕੋਈ ਹਰਿਆਣਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਤਾਂ ਸਰ ਛੋਟੂ ਰਾਮ ਦਾ ਗੁਣ ਗਾਇਨ ਸਰਦਾਰ ਪਟੇਲ ਨਾਲੋਂ ਵੱਧ ਹੋਣਾ ਸੀ। ਇਸ ਕਰਕੇ ਕਿ ਉਸ ਨੇ ਆਪਣੇ ਲੋਕਾਂ ਲਈ ਵਿਦੇਸ਼ੀ ਹਾਕਮਾਂ ਤੋਂ ਕਾਨੂੰਨ ਪਾਸ ਕਰਵਾਏ।

ਸਰਦਾਰ ਪਟੇਲ ਦੀ ਕਾਰਗੁਜ਼ਾਰੀ ਤਾਂ ਸੁਤੰਤਰ ਭਾਰਤ ਦਾ ਗ੍ਰਹਿ ਮੰਤਰੀ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਮਾਤਰ ਹੀ ਸੀ। ਅੱਜ ਦਾ ਪ੍ਰਧਾਨ ਮੰਤਰੀ ਸਰਦਾਰ ਪਟੇਲ ਦਾ ਉੱਚਾ ਬੁੱਤ ਬਣਾ ਕੇ, ਉਸ ਦੀ ਛਾਂ ਮਾਣ ਰਿਹਾ ਹੈ। ਇਹ ਸੱਚ ਹੈ ਕਿ ਹਰਿਆਣਾ ਤੋਂ ਗੁਲਜ਼ਾਰੀ ਲਾਲ ਨੰਦਾ ਵੀ ਇਸ ਕੁਰਸੀ ’ਤੇ ਬੈਠਿਆ, ਪਰ ਉਸ ਨੂੰ ‘ਚਾਰ ਦਿਨ ਕੀ ਚਾਂਦਨੀ’ ਹੀ ਕਿਹਾ ਜਾ ਸਕਦਾ ਹੈ। ਉੱਤਰੀ ਭਾਰਤ ਦੇ ਵਸਨੀਕ ਸਰਦਾਰ ਪਟੇਲ ਨੂੰ ਭੁੱਲ ਜਾਣਗੇ, ਸਰ ਛੋਟੂ ਰਾਮ ਨੂੰ ਨਹੀਂ। ਅੱਜ ਦੇ ਸਮਿਆਂ ਵਾਲਾ ਕਿਸਾਨ ਅੰਦੋਲਨ ਇਸ ਦੀ ਪੁਸ਼ਟੀ ਕਰਦਾ ਹੈ।