ਚੰਡੀਗੜ੍ਹ, 22 ਅਗਸਤ 2023: ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਇਕ ਕੇਬਲ ਕਾਰ (cable car) ‘ਚ ਅਚਾਨਕ ਖਰਾਬੀ ਆ ਗਈ। ਇਸ ਕਾਰਨ ਕੇਬਲ ਕਾਰ ‘ਚ ਬੈਠੇ ਛੇ ਬੱਚਿਆਂ ਸਮੇਤ ਅੱਠ ਵਿਅਕਤੀ ਕਰੀਬ 1200 ਫੁੱਟ ਤੋਂ ਵੱਧ ਦੀ ਉਚਾਈ ‘ਤੇ ਫਸ ਗਏ। ਸਥਾਨਕ ਮੀਡੀਆ ਦੇ ਅਨੁਸਾਰ, ਬੱਚਿਆਂ ਦਾ ਇੱਕ ਸਮੂਹ ਸਕੂਲ ਜਾ ਰਿਹਾ ਸੀ ਜਦੋਂ ਇੱਕ ਕੇਬਲ ਟੁੱਟ ਗਈ, ਜਿਸ ਨਾਲ ਉਹ ਜ਼ਮੀਨ ਤੋਂ ਲਗਭਗ 1,200 ਫੁੱਟ ਉੱਪਰ ਲਟਕ ਗਏ। ਰਿਪੋਰਟ ‘ਚ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੇ ਸਕੂਲ ਜਾ ਰਹੇ ਸਨ। ਹਾਲਾਂਕਿ ਫੌਜ ਦੇ ਹੈਲੀਕਾਪਟਰ ਕਾਰ ਤੱਕ ਪਹੁੰਚ ਗਏ ਹਨ, ਪਰ ਬਚਾਅ ਦੀ ਸਥਿਤੀ ਸਪੱਸ਼ਟ ਨਹੀਂ ਹੈ।
ਪਾਕਿਸਤਾਨ ‘ਚ ਰੈਸਕਿਊ ਸਰਵਿਸ 1122 ਦੇ ਜਵਾਨ ਕੇਬਲ ਕਾਰ (cable car) ‘ਚ ਫਸੇ ਬੱਚਿਆਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਕੇਬਲ ਕਾਰ ਅਜਿਹੀ ਥਾਂ ‘ਤੇ ਫਸੀ ਹੋਈ ਹੈ ਜਿੱਥੇ ਹੈਲੀਕਾਪਟਰ ਤੋਂ ਬਿਨਾਂ ਮੱਦਦ ਕਰਨਾ ਲਗਭਗ ਅਸੰਭਵ ਹੈ।ਕੇਬਲ ਪਹਾੜਾਂ ਨਾਲ ਘਿਰੀ ਡੂੰਘੀ ਖੱਡ ਦੇ ਵਿਚਕਾਰ ਲਟਕ ਗਈ ਹੈ। ਇੱਥੇ ਦੂਰ-ਦੁਰਾਡੇ ਪਿੰਡਾਂ ਅਤੇ ਕਸਬਿਆਂ ਦੇ ਲੋਕ ਅਕਸਰ ਕੇਬਲ ਕਾਰਾਂ ਦੀ ਵਰਤੋਂ ਕਰਦੇ ਹਨ।
ਪਾਕਿਸਤਾਨ ਦੀ ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਨੇ ਇਕ ਬਿਆਨ ‘ਚ ਕਿਹਾ ਕਿ ਘੱਟੋ-ਘੱਟ 1,200 ਫੁੱਟ ਦੀ ਉਚਾਈ ‘ਤੇ ਫਸੀ ਕੇਬਲ ਕਾਰ ‘ਚ ਸਵਾਰ ਛੇ ਬੱਚਿਆਂ ਅਤੇ ਦੋ ਬਾਲਗਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।