ਚੰਡੀਗੜ੍ਹ, 08 ਜੁਲਾਈ 2023: ਪੱਛਮੀ ਬੰਗਾਲ (West Bengal) ‘ਚ ਸ਼ਨੀਵਾਰ ਸਵੇਰੇ 7 ਵਜੇ 73,887 ਗ੍ਰਾਮ ਪੰਚਾਇਤ ਸੀਟਾਂ ‘ਚੋਂ 64,874 ‘ਤੇ ਵੋਟਿੰਗ ਚੱਲ ਰਹੀ ਹੈ। ਬਾਕੀ 9,013 ਸੀਟਾਂ ‘ਤੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ । ਸਭ ਤੋਂ ਵੱਧ 8,874 ਉਮੀਦਵਾਰ ਜੋ ਬਿਨਾਂ ਮੁਕਾਬਲਾ ਚੁਣੇ ਗਏ ਹਨ, ਉਹ ਤ੍ਰਿਣਮੂਲ ਕਾਂਗਰਸ ਦੇ ਹਨ।
ਕੇਂਦਰੀ ਬਲਾਂ ਦੀ ਤਾਇਨਾਤੀ ਤੋਂ ਬਾਅਦ ਵੀ ਵੱਖ-ਵੱਖ ਇਲਾਕਿਆਂ ਤੋਂ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਸਵੇਰੇ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ, ਕੂਚ ਬਿਹਾਰ ਦੇ ਸਿਤਾਈ ਦੇ ਬਾਰਵਿਟਾ ਪ੍ਰਾਇਮਰੀ ਸਕੂਲ ਦੇ ਪੋਲਿੰਗ ਬੂਥ ਦੀ ਭੰਨਤੋੜ ਕੀਤੀ ਗਈ ਅਤੇ ਬੈਲਟ ਪੇਪਰਾਂ ਨੂੰ ਅੱਗ ਲਗਾ ਦਿੱਤੀ ਗਈ।
ਪੱਛਮੀ ਬੰਗਾਲ (West Bengal) ਦੇ ਰਾਜਪਾਲ ਸੀਵੀ ਆਨੰਦ ਬੋਸ ਪੋਲਿੰਗ ਵਾਲੇ ਦਿਨ ਗਰਾਊਂਡ ਜ਼ੀਰੋ ‘ਤੇ ਹਨ। ਰਾਜਪਾਲ ਚੋਣ ਹਿੰਸਾ ਦਰਮਿਆਨ ਵੱਖ-ਵੱਖ ਇਲਾਕਿਆਂ ‘ਚ ਘੁੰਮ ਰਹੇ ਹਨ। ਸ਼ਨੀਵਾਰ ਨੂੰ ਵੋਟਿੰਗ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਰਾਜਪਾਲ ਰਾਜ ਭਵਨ ਤੋਂ ਚਲੇ ਗਏ। ਸਵੇਰੇ ਜਿਵੇਂ ਹੀ ਰਾਜਪਾਲ ਦਾ ਕਾਫਲਾ ਬੈਰਕਪੁਰ ਪਹੁੰਚਿਆ ਤਾਂ ਪਿੰਡ ਵਾਸੀਆਂ ਨੇ ਉਸ ਨੂੰ ਘੇਰ ਲਿਆ। ਰਾਜਪਾਲ ਸੀਵੀ ਆਨੰਦ ਬੋਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਸਾਰੀਆਂ ਸ਼ਿਕਾਇਤਾਂ ਸੁਣੀਆਂ। ਲੋਕਾਂ ਨੇ ਕਿਹਾ ਕਿ ਚੋਣਾਂ ਦੇ ਨਾਂ ‘ਤੇ ਹੁੱਲੜਬਾਜ਼ੀ ਚੱਲ ਰਹੀ ਹੈ।
ਪਿਛਲੇ 24 ਘੰਟਿਆਂ ਵਿੱਚ ਪੰਜ ਜ਼ਿਲ੍ਹਿਆਂ ਵਿੱਚ ਚੋਣ ਹਿੰਸਾ ਵਿੱਚ ਅੱਠ ਜਣਿਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਪੰਜ ਟੀਐਮਸੀ ਵਰਕਰ, ਇੱਕ ਸੀਪੀਆਈ (ਐਮ) ਵਰਕਰ, ਇੱਕ ਭਾਜਪਾ ਉਮੀਦਵਾਰ ਦਾ ਇੱਕ ਪੋਲਿੰਗ ਏਜੰਟ ਅਤੇ ਇੱਕ ਆਜ਼ਾਦ ਉਮੀਦਵਾਰ ਦਾ ਇੱਕ ਪੋਲਿੰਗ ਏਜੰਟ ਸ਼ਾਮਲ ਹੈ। 9 ਜੂਨ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ।
ਬੰਗਾਲ ‘ਚ ਚੱਲ ਰਹੀ ਹਿੰਸਾ ਦਰਮਿਆਨ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਬੰਗਾਲ ਵਿੱਚ ਚੋਣਾਂ ਅਤੇ ਲੋਕਤੰਤਰ ਨੂੰ ਮਜ਼ਾਕ ਬਣਾ ਦਿੱਤਾ ਗਿਆ ਹੈ।
ਮਾਲਦਾ ਜ਼ਿਲ੍ਹੇ ਵਿੱਚ ਸਵੇਰੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਵਿਚਾਲੇ ਝੜੱਪਾਂ ਵੀ ਹੋਈਆਂ। ਇਸੇ ਤਰ੍ਹਾਂ, ਹੁਗਲੀ, ਹਾਵੜਾ ਅਤੇ ਪੂਰਬੀ ਮੇਦਿਨੀਪੁਰ ਜ਼ਿਲ੍ਹਿਆਂ ਵਿੱਚ ਅਕਸਰ ਮਾਮੂਲੀ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਭਾਜਪਾ, ਸੀਪੀਆਈ (ਐਮ) ਅਤੇ ਕਾਂਗਰਸ ਨੇ ਇੱਕ ਦੂਜੇ ‘ਤੇ ਹਮਲੇ ਦਾ ਦੋਸ਼ ਲਗਾਇਆ ਹੈ। ਵੋਟਾਂ ਦੀ ਗਿਣਤੀ 11 ਜੁਲਾਈ ਨੂੰ ਹੋਵੇਗੀ।