NDA

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 8 ਕੈਡਿਟ NDA ਤੋਂ ਹੋਏ ਗ੍ਰੈਜੂਏਟ

ਚੰਡੀਗੜ੍ਹ, 31ਮਈ 2025: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸਏਐਸ ਨਗਰ ਦੇ 8 ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (NDA), ਖੜਕਵਾਸਲਾ (ਪੁਣੇ) ਤੋਂ ਗ੍ਰੈਜੂਏਟ ਹੋਏ ਹਨ। ਇਨ੍ਹਾਂ ਕੈਡਿਟਾਂ ਨੇ ਐਨਡੀਏ ਦੇ 148ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ‘ਚ ਹਿੱਸਾ ਲਿਆ, ਜਿਸਦਾ ਨਿਰੀਖਣ ਜਨਰਲ ਵੀਕੇ ਸਿੰਘ, ਪੀਵੀਐਸਐਮ, ਏਵੀਐਸਐਮ, ਵਾਈਐਸਐਮ, ਏਡੀਸੀ (ਸੇਵਾਮੁਕਤ), ਮਿਜ਼ੋਰਮ ਦੇ ਰਾਜਪਾਲ ਅਤੇ ਸਾਬਕਾ ਫੌਜ ਮੁਖੀ ਨੇ ਕੀਤਾ।

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਅੱਠ ਕੈਡਿਟਾਂ – ਪਰਮਜੋਤ ਸਿੰਘ ਅਤੇ ਅਨਿਕੇਤ ਕਹੋਲ (ਹੁਸ਼ਿਆਰਪੁਰ), ਅਰਪਿਤ ਪਰਾਸ਼ਰ (ਸੰਗਰੂਰ), ਅਭੈ ਸਿੰਘ ਰਾਘਵ ਅਤੇ ਵਿਸ਼ੇਸ਼ ਸੂਦ (ਐਸ.ਏ.ਐਸ. ਨਗਰ), ਉਧੀਬੀਰ ਸਿੰਘ (ਰੋਪੜ), ਅਨੁਰਾਗ ਚੌਹਾਨ ਅਤੇ ਤਨਮਯ ਸ਼ਰਮਾ (ਪਠਾਨਕੋਟ) – ਨੇ ਐਨ.ਡੀ.ਏ. ਵਿਖੇ ਤਿੰਨ ਸਾਲ ਦੀ ਸਿਖਲਾਈ ਦੀ ਮਿਆਦ ਸਫਲਤਾਪੂਰਵਕ ਪੂਰੀ ਕੀਤੀ ਹੈ ਅਤੇ ਹੁਣ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਬਣਨ ਤੋਂ ਪਹਿਲਾਂ ਇੱਕ ਸਾਲ ਦੀ ਸਿਖਲਾਈ ਦੀ ਮਿਆਦ ਲਈ ਸਰਵਿਸ ਟ੍ਰੇਨਿੰਗ ਅਕੈਡਮੀਆਂ ‘ਚ ਜਾਣਗੇ।

ਮੰਤਰੀ ਅਮਨ ਅਰੋੜਾ ਨੇ ਇਨ੍ਹਾਂ ਨਵੇਂ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਜੀਵਨ ਵਿੱਚ ਨਵੀਆਂ ਉਚਾਈਆਂ ਨੂੰ ਛੂਹਣ ਅਤੇ ਰਾਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ ਦੀ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ‘ਚ ਕਮਿਸ਼ਨਡ ਅਫਸਰ ਬਣਨ ਦੇ ਸੁਪਨਿਆਂ ਨੂੰ ਸਾਕਾਰ ਕਰਨ ‘ਚ ਮੱਦਦ ਕਰਨ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ। ਉਨ੍ਹਾਂ ਸੰਸਥਾ ਦੁਆਰਾ ਪ੍ਰਾਪਤ ਕੀਤੇ ਜਾ ਰਹੇ ਸ਼ਾਨਦਾਰ ਨਤੀਜਿਆਂ ‘ਤੇ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟ ਕੀਤੀ।

ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਕੈਡਿਟਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇੰਸਟੀਚਿਊਟ ਦੇ 28 ਹੋਰ ਕੈਡਿਟਾਂ ਨੂੰ ਸਰਵਿਸ ਟ੍ਰੇਨਿੰਗ ਅਕੈਡਮੀਆਂ ‘ਚ ਸ਼ਾਮਲ ਹੋਣ ਲਈ ਆਪਣੇ ਕਾਲ-ਅੱਪ ਲੈਟਰਾਂ ਦੀ ਉਡੀਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੰਸਟੀਚਿਊਟ ਦੇ ਤਿੰਨ ਸਾਬਕਾ ਕੈਡਿਟਾਂ ਇਸ ਸਮੇਂ ਐਨਡੀਏ, ਖੜਕਵਾਸਲਾ ਵਿਖੇ ਇੰਸਟ੍ਰਕਟਰ ਵਜੋਂ ਸੇਵਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਇਹ ਪ੍ਰਾਪਤੀਆਂ ਇੰਸਟੀਚਿਊਟ ਅਤੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ।

Read More: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 13 ਕੈਡਿਟਾਂ ਦੀ NDA ਤੇ ਹੋਰ ਰੱਖਿਆ ਅਕੈਡਮੀਆਂ ‘ਚ ਹੋਈ ਚੋਣ

Scroll to Top