ਚੰਡੀਗੜ੍ਹ, 27 ਜਨਵਰੀ 2024: ਆਮਦਨ ਕਰ ਵਿਭਾਗ ਵੱਲੋਂ ਆਯਕਰ ਭਵਨ, ਸੈਕਟਰ-17 ਈ, ਚੰਡੀਗੜ੍ਹ ਵਿਖੇ 75ਵਾਂ ਗਣਤੰਤਰ ਦਿਵਸ (75th Republic Day) ਮਨਾਇਆ ਗਿਆ। ਇਸ ਮੌਕੇ ਉੱਤਰੀ ਪੱਛਮੀ ਖੇਤਰ, ਚੰਡੀਗੜ੍ਹ ਦੇ ਆਮਦਨ ਕਰ ਵਿਭਾਗ ਦੇ ਪ੍ਰਿੰ. ਚੀਫ਼ ਕਮਿਸ਼ਨਰ ਸ੍ਰੀਮਤੀ ਅਮਰਾਪਾਲੀ ਦਾਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸ੍ਰੀਮਤੀ ਅਮਰਾਪਾਲੀ ਦਾਸ ਨੇ ਤਿਰੰਗਾ ਲਹਿਰਾਇਆ ਅਤੇ ਸੀਨੀਅਰ ਅਧਿਕਾਰੀਆਂ ਨੇ ਰਾਸ਼ਟਰ ਦੇ ਵਿਕਾਸ ਅਤੇ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦੇ ਤਿਰੰਗੇ ਦੇ ਤਿੰਨੋਂ ਰੰਗਾਂ ਦੇ ਗੁਬਾਰੇ ਛੱਡੇ। ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਆਮਦਨ ਕਰ ਵਿਭਾਗ, ਗੁਰੂਕੁਲ ਗਲੋਬਲ ਸਕੂਲ ਅਤੇ ਸ਼ਿਵਾਲਿਕ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਸਾਡੇ ਕੌਮੀ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੀਆਂ ਅਤੇ ਵਿਸ਼ਵ-ਵਿਆਪੀ ਭਾਈਚਾਰੇ ਨੂੰ ਉਤਸ਼ਾਹਿਤ ਕਰਦਿਆਂ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕੀਤਾ ਗਿਆ।
ਗਣਤੰਤਰ ਦਿਵਸ (75th Republic Day) ਮੌਕੇ ਭਾਸ਼ਣ ਦਿੰਦਿਆਂ ਸ੍ਰੀਮਤੀ ਅਮਰਾਪਾਲੀ ਦਾਸ ਨੇ ਰਾਸ਼ਟਰ ਨਿਰਮਾਣ ਵਿੱਚ ਆਮਦਨ ਕਰ ਵਿਭਾਗ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਦੇਸ਼ ਦੀ ਆਜ਼ਾਦੀ ਤੋਂ ਹੁਣ ਤੱਕ ਦੇ ਵਿੱਤੀ ਵਿਕਾਸ ਵਿੱਚ ਵਿਭਾਗ ਦੇ ਪ੍ਰਮੁੱਖ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਆਦਰਸ਼ ਨਾਗਰਿਕ ਬਣਨ ਲਈ ਪ੍ਰੇਰਿਆ।
ਇਸ ਪ੍ਰੋਗਰਾਮ ਵਿੱਚ ਤਿਰੰਗੇ ਨੂੰ ਥੀਮ ਵਜੋਂ ਅਪਣਾਇਆ ਗਿਆ, ਜਿਸ ਵਿੱਚ “ਸਰਬੋਤਮ ਦੇਸ਼ ਭਗਤੀ ਦੇ ਪਹਿਰਾਵੇ” ਲਈ ਪੁਰਸਕਾਰ ਦਿੱਤੇ ਗਏ। ਉੱਥੇ ਸਥਿਤ ਥੀਮ ਵਾਲੇ ਫੋਟੋ ਬੂਥ ਨੇ ਹਾਜ਼ਰੀਨਾਂ ਦੇ ਉਤਸ਼ਾਹ ਨੂੰ ਵਧਾਇਆ। ਇਸ ਵਿਸ਼ੇਸ਼ ਯਾਦਗਾਰੀ ਸਮਾਗਮ ਵਿੱਚ ਐੱਨ. ਜੈਸ਼ੰਕਰ, ਪੀ.ਸੀ.ਆਈ.ਟੀ.-1, ਚੰਡੀਗੜ੍ਹ, ਸੀਨੀਅਰ ਅਧਿਕਾਰੀ, ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਹੋਏ।