ਦਿੱਲੀ, 26 ਮਈ 2025: Corona cases in india: ਦੇਸ਼ ਭਰ ‘ਚ ਕੋਰੋਨਾ ਦੇ ਮਾਮਲੇ ਵੱਧਣ ਨਾਲ ਸਿਹਤ ਵਿਭਾਗ ਅਤੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਪਿਛਲੇ ਇੱਕ ਹਫ਼ਤੇ ‘ਚ ਦੇਸ਼ ‘ਚ ਕੋਰੋਨਾ ਦੇ 752 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੌਰਾਨ 305 ਜਣਿਆਂ ਨੇ ਕੋਰੋਨਾ ਦੀ ਲਾਗ ਨੂੰ ਮਾਤ ਦੇ ਕੇ ਤੰਦਰੁਸਤ ਹੋਏ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਪਿਛਲੇ ਸੱਤ ਦਿਨਾਂ ਦੌਰਾਨ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੀ ਗਿਣਤੀ ਸੱਤ ਦਰਜ ਕੀਤੀ ਹੈ।
ਮ੍ਰਿਤਕਾਂ ‘ਚ ਮਹਾਰਾਸ਼ਟਰ ਦੇ ਚਾਰ, ਕੇਰਲ ਦੇ ਦੋ ਅਤੇ ਕਰਨਾਟਕ ਦਾ ਇੱਕ ਵਿਅਕਤੀ ਸ਼ਾਮਲ ਹੈ। ਨਵੇਂ ਮਾਮਲਿਆਂ ਦੀ ਗੱਲ ਕਰੀਏ ਤਾਂ ਪਿਛਲੇ ਇੱਕ ਹਫ਼ਤੇ (19 ਮਈ ਤੋਂ ਬਾਅਦ) ‘ਚ ਕੇਰਲ ‘ਚ ਸਭ ਤੋਂ ਵੱਧ 335, ਮਹਾਰਾਸ਼ਟਰ ‘ਚ 153, ਦਿੱਲੀ ‘ਚ 99, ਗੁਜਰਾਤ ‘ਚ 76 ਅਤੇ ਕਰਨਾਟਕ ‘ਚ 34 ਮਾਮਲੇ ਸਾਹਮਣੇ ਆਏ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੁਤਾਬਕ 26 ਮਈ ਨੂੰ ਸਵੇਰੇ 8:00 ਵਜੇ ਦੇਸ਼ ਭਰ ‘ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1009 ਪਹੁੰਚ ਗਈ ਹੈ।
ਕੁੱਲ ਮਾਮਲਿਆਂ ਦੀ ਗੱਲ ਕਰੀਏ ਤਾਂ ਕੇਰਲ ‘ਚ ਸਭ ਤੋਂ ਵੱਧ 403 ਕੋਰੋਨਾ ਮਾਮਲੇ (Corona cases) ਦਰਜ ਕੀਤੇ ਗਏ ਹਨ। ਹੁਣ ਤੱਕ ਮੁੰਬਈ ‘ਚ 209 ਅਤੇ ਦਿੱਲੀ ‘ਚ 104 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਸ਼ਹਿਰਾਂ ਤੋਂ ਬਾਅਦ ਗੁਜਰਾਤ ‘ਚ 83 ਮਾਮਲੇ ਦਰਜ ਕੀਤੇ ਗਏ ਹਨ। ਕਰਨਾਟਕ ‘ਚ 47, ਉੱਤਰ ਪ੍ਰਦੇਸ਼ ‘ਚ 15 ਅਤੇ ਪੱਛਮੀ ਬੰਗਾਲ ‘ਚ 12 ਮਾਮਲੇ ਸਾਹਮਣੇ ਆਏ ਹਨ। ਕੇਂਦਰ ਸਰਕਾਰ ਦੀ ਏਜੰਸੀ ਇੰਡੀਅਨ ਸਾਰਸ-ਕੋਵ-2 ਜੀਨੋਮਿਕਸ ਕੰਸੋਰਟੀਅਮ (ਇਨਸਾਕੋਗ) ਦੇ ਤਾਜ਼ਾ ਅੰਕੜਿਆਂ ਅਨੁਸਾਰ, ਨਵੇਂ ਕੋਰੋਨਾ ਇਨਫੈਕਸ਼ਨਾਂ ‘ਚ ਵਾਧੇ ਦੇ ਵਿਚਕਾਰ ਦੋ ਨਵੇਂ ਰੂਪਾਂ ਦੇ ਮਾਮਲੇ ਸਾਹਮਣੇ ਆਏ ਹਨ।
ਪੱਛਮੀ ਬੰਗਾਲ ‘ਚ ਚਾਰ ਹੋਰ ਜਣਿਆਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਹੁਣ ਇੱਥੇ ਸਰਗਰਮ ਮਾਮਲਿਆਂ ਦੀ ਗਿਣਤੀ 11 ਹੋ ਗਈ ਹੈ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਹ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦਾ ਇਲਾਜ ਸਰਕਾਰੀ ਅਤੇ ਨਿੱਜੀ ਹਸਪਤਾਲਾਂ ‘ਚ ਕੀਤਾ ਜਾ ਰਿਹਾ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਮਾਮਲੇ ਕੋਲਕਾਤਾ ਅਤੇ ਇਸਦੇ ਉਪਨਗਰਾਂ ਤੋਂ ਸਾਹਮਣੇ ਆਏ ਹਨ। 19 ਮਈ ਤੱਕ, ਬੰਗਾਲ ਵਿੱਚ ਕੋਰੋਨਾ ਦਾ ਸਿਰਫ਼ ਇੱਕ ਹੀ ਸਰਗਰਮ ਕੇਸ ਸੀ।
Read More: Corona virus: ਸਿੰਗਾਪੁਰ ਅਤੇ ਹਾਂਗਕਾਂਗ ਤੋਂ ਬਾਅਦ ਭਾਰਤ ‘ਚ ਕਰੋਨਾ ਵਾਇਰਸ ਦੀ ਐਂਟਰੀ !