ਚੰਡੀਗੜ੍ਹ, 9 ਨਵੰਬਰ 2023: ਹਰਿਆਣਾ ਦੇ ਯਮੁਨਾਨਗਰ ‘ਚ ਜ਼ਹਿਰੀਲੀ ਸ਼ਰਾਬ (liquor) ਕਾਰਨ 7 ਜਣਿਆਂ ਦੀ ਮੌਤ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ। ਮੰਡੇਬਰੀ ਅਤੇ ਪੰਜੇਟੋ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਤੀਜੇ ਪਿੰਡ ਫੂਨਸਗੜ੍ਹ ਵਿੱਚ ਵੀ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਹੁਣ ਤੱਕ ਕੁੱਲ 7 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 3 ਹੋਰਾਂ ਦਾ ਇਲਾਜ ਚੱਲ ਰਿਹਾ ਹੈ। ਸਾਰੇ ਮ੍ਰਿਤਕ ਮਜ਼ਦੂਰਾਂ ਦਾ ਕੰਮ ਕਰਦੇ ਸਨ।
ਆਬਕਾਰੀ ਵਿਭਾਗ ਨੇ ਉਸ ਸ਼ਰਾਬ (liquor) ਦੇ ਠੇਕੇ ਨੂੰ ਸੀਲ ਕਰ ਦਿੱਤਾ ਹੈ ਜਿੱਥੋਂ ਇਹ ਕਥਿਤ ਜ਼ਹਿਰੀਲੀ ਸ਼ਰਾਬ ਖਰੀਦੀ ਜਾਂਦੀ ਸੀ। ਇਹ ਸ਼ਰਾਬ ਦਾ ਠੇਕਾ ਤਿੰਨ-ਚਾਰ ਪਿੰਡਾਂ ਦੇ ਵਿਚਕਾਰ ਸਥਿਤ ਹੈ। ਇਸ ਦੇ ਨਾਲ ਹੀ ਪੁਲਿਸ ਅਤੇ ਫੋਰੈਂਸਿਕ ਟੀਮਾਂ ਨੇ ਦੋਵਾਂ ਪਿੰਡਾਂ ਦੇ ਸ਼ਮਸ਼ਾਨਘਾਟ ਵਿੱਚ ਪਹੁੰਚ ਕੇ ਮ੍ਰਿਤਕਾਂ ਦੇ ਨਮੂਨੇ ਲਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦਾ ਬੁੱਧਵਾਰ ਨੂੰ ਬਿਨਾਂ ਪੋਸਟਮਾਰਟਮ ਦੇ ਸਸਕਾਰ ਕਰ ਦਿੱਤਾ ਗਿਆ। ਪੁਲਿਸ ਹੁਣ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।
ਦੱਸ ਦਈਏ ਕਿ ਯਮੁਨਾਨਗਰ ‘ਚ ਮੰਡੇਬਰੀ ਦੇ 4 ਅਤੇ ਪੰਜੇਟੋ ਮਾਜਰਾ ਦੇ 2 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ। ਤੀਜੇ ਪਿੰਡ ਫੂੰਸਗੜ੍ਹ ਵਿਖੇ ਵੀ 23 ਸਾਲਾ ਨੌਜਵਾਨ ਪ੍ਰਵੀਨ ਉਰਫ ਫਿਰੰਗੀ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਇਸ ‘ਚ ਵੀ ਮੌਤ ਦੇ ਕਾਰਨਾਂ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਮੁਤਾਬਕ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਸੱਤ ਤੱਕ ਪਹੁੰਚ ਗਈ ਹੈ।
ਯਮੁਨਾਨਗਰ ਦੇ ਏਐਸਪੀ ਹਿਮਾਦਰੀ ਕੌਸ਼ਿਕ ਨੇ ਦੱਸਿਆ ਕਿ ਕੱਲ੍ਹ ਪਿੰਡ ਦੇ ਦੋ ਵਿਅਕਤੀਆਂ ਦੀ ਹੋਈ ਮੌਤ ਦੇ ਸਬੰਧ ਵਿੱਚ ਉਹ ਅੱਜ ਸ਼ਰਾਬ ਦੇ ਠੇਕੇ ’ਤੇ ਪੁੱਜੇ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਿਭਾਗ ਦੀਆਂ ਚਾਰ ਟੀਮਾਂ ਇਸ ਮਾਮਲੇ ਵਿੱਚ ਜੁਟੀਆਂ ਹੋਈਆਂ ਹਨ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਰਨ ਵਾਲੇ ਜ਼ਿਆਦਾਤਰ ਮਜ਼ਦੂਰ ਸਨ ਅਤੇ ਉਨ੍ਹਾਂ ਦੀ ਮੌਤ ਕਿਸ ਕਾਰਨ ਹੋਈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।