July 4, 2024 7:51 pm
Punjab Police

698 ਪੁਲਿਸ ਟੀਮਾਂ ਨੇ ਸੂਬੇ ‘ਚ 16118 ਗੁਰਦੁਆਰਿਆਂ, 4263 ਮੰਦਰਾਂ, 1930 ਚਰਚਾਂ ਅਤੇ 777 ਮਸਜਿਦਾਂ ਦੀ ਚੈਕਿੰਗ ਕੀਤੀ

ਚੰਡੀਗੜ, 19 ਜੂਨ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਰਾਰਤੀ ਅਨਸਰਾਂ ‘ਤੇ ਸਖ਼ਤੀ ਨਾਲ ਨਜ਼ਰ ਰੱਖਣ ਲਈ ਸਾਰੇ ਧਾਰਮਿਕ ਸਥਾਨਾਂ ‘ਤੇ ਪੁਖ਼ਤਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ (Punjab Police) ਵੱਲੋਂ ਅਜਿਹੀਆਂ ਸੰਸਥਾਵਾਂ ਜਿਵੇਂ ਗੁਰਦੁਆਰਿਆਂ, ਮੰਦਰਾਂ, ਚਰਚਾਂ ਅਤੇ ਮਸਜਿਦਾਂ ’ਤੇ ਦੋ ਦਿਨਾਂ ਵਿਸ਼ੇਸ਼ ਚੈਕਿੰਗ ਕੀਤੀ ਗਈ ।

ਇਸ ਚੈਕਿੰਗ ਦਾ ਉਦੇਸ਼ ਧਾਰਮਿਕ ਸੰਸਥਾਵਾਂ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਅਤੇ ਇਹ ਯਕੀਨੀ ਬਣਾਉਣ ਸੀ ਅਜਿਹੀਆਂ ਸੰਸਥਾਵਾਂ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਪੂਰੀ ਤਰਾਂ ਕੰਮ ਕਰ ਰਹੇ ਹਨ। ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲਿਆਂ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਇਹ ਵਿਸ਼ੇਸ਼ ਚੈਕਿੰਗ ਕੀਤੀ ਗਈ ਸੀ ।

ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁੁਕਲਾ ਨੇ ਕਿਹਾ ਕਿ ਸੀਪੀਜ/ਐਸਐਸਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਸਾਰੇ ਧਾਰਮਿਕ ਸਥਾਨਾਂ ਜਿਨਾਂ ਵਿੱਚ ਮੰਦਰਾਂ, ਗੁਰਦੁਆਰਿਆਂ, ਚਰਚਾਂ ਅਤੇ ਮਸਜਿਦਾਂ ਸ਼ਾਮਲ ਹਨ, ਦਾ ਦੌਰਾ ਕਰਨ ਲਈ ਲਈ ਲੋੜੀਂਦੀ ਗਿਣਤੀ ਵਿੱਚ ਟੀਮਾਂ ਤਾਇਨਾਤ ਕਰਨ ਅਤੇ ਪੁਜਾਰੀਆਂ ਅਤੇ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨਾਲ ਸੁਰੱਖਿਆ ਸਮੀਖਿਆ ਮੀਟਿੰਗਾਂ ਕਰਨ। ਉਨਾਂ ਕਿਹਾ ਕਿ ਗਜਟਿਡ ਰੈਂਕ ਦੇ ਅਧਿਕਾਰੀਆਂ (ਜੀ.ਓਜ) ਨੂੰ ਮਹੱਤਵਪੂਰਨ ਧਾਰਮਿਕ ਸਮੂਹਾਂ ਜਿਵੇਂ ਕਿ ਸਤਕਾਰ ਕਮੇਟੀਆਂ ਅਤੇ ਸ਼ਿਵ ਸੈਨਾ ਆਗੂਆਂ ਨਾਲ ਮੀਟਿੰਗਾਂ ਕਰਨ ਲਈ ਵੀ ਕਿਹਾ ਗਿਆ ਸੀ।

Punjab Police

ਉਨਾਂ ਨੇ ਪੁਲਿਸ ਟੀਮਾਂ (Punjab Police) ਨੂੰ ਇਹ ਵੀ ਹਦਾਇਤ ਕੀਤੀ ਕਿ ਸਾਰੇ ਧਾਰਮਿਕ ਸਥਾਨਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਜਾਣ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਚੌਕੀਦਾਰ/ਸੁਰੱਖਿਆ ਗਾਰਡ ਵੱਲੋਂ ਨਿਗਰਾਨੀ ਕੀਤੀ ਜਾਵੇ। ਇਸ ਦੌਰਾਨ ਘੱਟੋ-ਘੱਟ 698 ਪੁਲੀਸ ਟੀਮਾਂ, ਜਿਨਾਂ ਵਿੱਚ 4000 ਤੋਂ ਵੱਧ ਪੁਲੀਸ ਮੁਲਾਜਮ ਸ਼ਾਮਲ ਸਨ, ਨੇ ਸੂਬੇ ਭਰ ਵਿੱਚ 16118 ਗੁਰਦੁਆਰਿਆਂ, 4263 ਮੰਦਰਾਂ, 1930 ਚਰਚਾਂ ਅਤੇ 777 ਮਸਜਿਦਾਂ ਦੀ ਚੈਕਿੰਗ ਕੀਤੀ। ਇਹ ਸਮੁੱਚੀ ਚੈਕਿੰਗ ਦੀ ਨਿਗਰਾਨੀ ਰੇਂਜ ਇੰਸਪੈਕਟਰ ਜਨਰਲ ਆਫ ਪੁਲਿਸ (ਆਈ.ਜੀ.ਐਸ.ਪੀ.) ਵੱਲੋਂ ਖੁਦ ਕੀਤੀ ਗਈ।

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਮੂਹ ਗੁਰਦੁਆਰਿਆਂ, ਮੰਦਰਾਂ, ਚਰਚਾਂ ਅਤੇ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਧਾਰਮਿਕ ਅਦਾਰਿਆਂ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਮੇਸ਼ਾ ਚੌਕਸ ਰਹਿਣ।

ਉਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਹਫਤਾਵਾਰੀ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕੰਮ ਕਰ ਰਹੇ ਹਨ ਜਾਂ ਨਹੀਂ। ਉਨਾਂ ਪ੍ਰਬੰਧਕ ਕਮੇਟੀਆਂ ਨੂੰ ਆਪੋ-ਆਪਣੇ ਧਾਰਮਿਕ ਸਥਾਨਾਂ ਦੇ ਪ੍ਰਵੇਸ਼ ਦੁਆਰ ‘ਤੇ ਸੁਰੱਖਿਆ ਗਾਰਡ ਤਾਇਨਾਤ ਕਰਨ ਦੀ ਸਲਾਹ ਵੀ ਦਿੱਤੀ। ਜ਼ਿਕਰਯੋਗ ਹੈ ਕਿ ਸੀਪੀਜ/ਐਸਐਸਪੀਜ ਨੂੰ ਸਮਾਜ ਵਿਰੋਧੀ ਅਨਸਰਾਂ ‘ਤੇ ਨਿਗਰਾਨੀ ਵਧਾਉਣ ਲਈ ਸਾਰੇ ਧਾਰਮਿਕ ਸਥਾਨਾਂ ਦੇ ਆਲੇ ਦੁਆਲੇ ਪੁਲਿਸ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।