Site icon TheUnmute.com

ਪ੍ਰਨੀਤ ਕੌਰ ਵੱਲੋਂ ਪਿੰਡ ਭਸਮੜਾ ‘ਚ 4 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ 66 ਕੇ.ਵੀ. ਦਾ ਗਰਿੱਡ ਉਦਘਾਟਨ

ਪ੍ਰਨੀਤ ਕੌਰ ਵੱਲੋਂ

ਚੰਡੀਗੜ੍ਹ ,28 ਅਗਸਤ 2021 – ਪਟਿਆਲਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਾਸੀਆਂ ਨਾਲ ਕੀਤੇ ਗਏ ਹਰੇਕ ਵਾਅਦੇ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਹੈ।

ਉਹ ਅੱਜ ਹਲਕਾ ਸਨੌਰ ਦੇ ਪਿੰਡ ਭਸਮੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਲਗਾਏ ਗਏ 66 ਕਿਲੋਵਾਟ ਦੇ ਬਿਜਲੀ ਗਰਿਡ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ, ਬਿਜਲੀ ਨਿਗਮ ਦੇ ਪ੍ਰਬੰਧਕੀ ਡਾਇਰੈਕਟਰ ਆਰ.ਪੀ. ਪਾਂਡਵ ਵੀ ਮੌਜੂਦ ਸਨ।

ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਠੋਸ ਉਪਰਾਲੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਸ. ਹਰਿੰਦਰਪਾਲ ਸਿੰਘ ਹੈਰੀਮਾਨ ਵਿਧਾਇਕ ਨਹੀਂ ਬਣ ਸਕੇ ਪਰੰਤੂ ਇਨ੍ਹਾਂ ਨੇ ਸਨੌਰ ਹਲਕੇ ਵਿੱਚ ਵਿਕਾਸ ਦੇ ਕੰਮ ਕਰਵਾਉਣ ‘ਚ ਕੋਈ ਕਮੀ ਨਹੀਂ ਛੱਡੀ।

ਉਨ੍ਹਾਂ ਦੱਸਿਆ ਕਿ ਪਿੰਡ ਰੋਸ਼ਨਪੁਰ ਵਿਖੇ ਵੀ ਜਲਦੀ ਹੀ ਇੱਕ ਹੋਰ ਗਰਿੱਡ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਨੌਰ ਹਲਕੇ ਦੇ ਇਨ੍ਹਾਂ ਪਿੰਡਾਂ ਨੂੰ ਦੇਵੀਗੜ੍ਹ ਗਰਿੱਡ ਤੋਂ ਸਪਲਾਈ ਆਉਂਦੀ ਸੀ ਅਤੇ ਲਾਈਨ ਵਿੱਚ ਖਰਾਬੀ ਆਉਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਕਈ-ਕਈ ਦਿਨ ਬਿਜਲੀ ਤੋਂ ਵਾਂਝੇ ਹੋਣਾ ਪੈਦਾ ਸੀ ਜੋ ਹੁਣ ਇਹ ਸਮੱਸਿਆ ਹੱਲ ਹੋ ਜਾਵੇਗੀ।

ਸੰਸਦ ਮੈਂਬਰ ਨੇ ਦੱਸਿਆ ਕਿ 4 ਕਰੋੜ ਰੁਪਏ ਦੀ ਲਾਗਤ ਨਾਲ ਭਸਮੜਾ ਦੇ ਨਵੇਂ ਬਣੇ 66 ਕੇ.ਵੀ. ਸਬ ਸਟੇਸ਼ਨ ਨੂੰ 6.17 ਕਿਲੋਮੀਟਰ ਦੀ 66 ਕੇ.ਵੀ. ਲਾਈਨ (ਸਿੰਗਲ ਸਰਕਟ) ਨਾਲ ਬਣਾਇਆ ਗਿਆ ਹੈ ਅਤੇ 12.5 ਮੈਗਾਵਾਟ ਸਮਰੱਥਾ ਦਾ ਟਰਾਂਸਫਾਰਮਰ ਲਗਾਇਆ ਗਿਆ ਹੈ।

ਇਸ ਗਰਿਡ ਸਬ ਸਟੇਸ਼ਨ ਤੋਂ ਲਗਭਗ 31 ਪਿੰਡਾਂ ਨੂੰ ਲਾਭ ਪ੍ਰਪਾਤ ਹੋਵੇਗਾ।ਇਸ ਤੋਂ ਇਲਾਵਾ ਪਹਿਲਾਂ ਚਲਦੇ 220 ਕੇ.ਵੀ. ਗਰਿਡ ਸਬ ਸਟੇਸ਼ਨ ਦੇਵੀਗੜ ਅਤੇ 66 ਕੇ.ਵੀ. ਗਰਿਡ ਸਬ ਸਟੇਸ਼ਨ ਰੋਹੜ ਜਗੀਰ ਦਾ ਲੋਡ ਵੀ ਘੱਟ ਗਿਆ ਹੈ, ਜਿਸ ਨਾਲ ਇਹਨਾਂ ਸਬ ਸਟੇਸ਼ਨਾ ਤੇ ਪੈਂਦੇ ਖਪਤਕਾਰਾ ਨੂੰ ਨਿਰਵਿਘਣ ਸਪਲਾਈ ਦੇਣ ਵਿੱਚ ਸਹਾਇਤਾ ਹੋਵੇਗੀ।

ਸ੍ਰੀਮਤੀ ਪ੍ਰਨੀਤ ਕੌਰ ਨੇ ਅੱਗੇ ਕਿਹਾ ਕਿ ਕੈਪਟਨ ਸਰਕਾਰ ਨੇ ਕੇਂਦਰ ਦੇ ਕਾਲੇ ਤਿੰਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਡੱਟਕੇ ਕਿਸਾਨਾਂ ਦਾ ਸਾਥ ਦਿੱਤਾ ਪ੍ਰੰਤੂ ਸੁਖਬੀਰ ਸਿੰਘ ਬਾਦਲ ਦੱਸਣ ਕਿ ਉਨ੍ਹਾਂ ਨੇ ਕੀ ਕੀਤਾ ਜਦਕਿ ਪੰਜਾਬ ਸਰਕਾਰ ਨੇ ਮਾੜੀ ਮਾਲੀ ਹਾਲਤ ਦੇ ਬਾਵਜੂਦ ਸ਼ਹੀਦ ਹੋਏ ਕਿਸਾਨਾਂ ਦੀ ਆਰਥਿਕ ਮਦਦ ਕੀਤੀ ਅਤੇ ਹਰ ਵਰਗ ਨਾਲ ਕੀਤੇ ਵਾਅਦੇ ਪੂਰੇ ਕਰਕੇ ਦਿਖਾਏ ਹਨ।

ਇਸ ਮੌਕੇ ਸ. ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਪਿੰਡ ਭਸਮੜਾ ਦੇੇ ਇਸ ਨਵੇਂ 66 ਕੇ.ਵੀ. ਸਬ ਸਟੇਸ਼ਨ ਨਾਲ ਪਿੰਡ ਭਸਮੜਾ, ਭੈਣੀ, ਘੜਾਮ, ਰਾਜਗੜ, ਨੰਦਗੜ, ਪਠਾਣ ਮਾਜਰਾ, ਸ਼ੇਰਗੜ, ਕਿਸ਼ਨਪੁਰਾ, ਕਪੂਰੀ, ਬਾਂਗੜਾ, ਖੇੜੀ ਰਾਜੂ, ਜਲਾਹਖੇੜੀ, ਜੱਲ੍ਹਾਖੇੜੀ, ਛੰਨਾ, ਪ੍ਰੇਮਪੁਰਾ, ਅਕਬਰ ਪੁਰ ਅਫ਼ਗਾਨਾ, ਫਰਾਂਸਵਾਲਾ, ਜਲਾਲਾਬਾਦ, ਮਾਲੀ ਮਾਜਰਾ, ਬਿਸ਼ਨ ਨਗਰ ਕੋਟਲਾ, ਦੇਵੀਨਗਰ, ਰੁੜਕੀ ਸਕੱਤਰ, ਰੁੜਕੀ ਮਾਲਕਣ, ਬੂੜੇ ਮਾਜਰਾ, ਬਰਕਤਪੁਰ, ਬਡਲਾ, ਬਡਲੀ, ਸਾਦਕਪੁਰ, ਮੀਰਾਂਪੁਰ ਅਤੇ ਪਿਪਲ ਖੇੜੀ ਆਦਿ ਪਿੰਡਾ ਨੂੰ ਲਾਭ ਹੋਵੇਗਾ ਤੇ ਬਿਜਲੀ ਨਿਰਵਿਘਨ ਪ੍ਰਾਪਤ ਹੋਵੇਗੀ।

ਸ. ਹੈਰੀਮਾਨ ਨੇ ਸਨੌਰ ਹਲਕੇ ‘ਚ ਚੱਲ ਰਹੇ ਵਿਕਾਸ ਕਾਰਜ ਗਿਣਾਉਂਦਿਆਂ ਕਿਹਾ ਕਿ ਜਿੰਨੇ ਕੰਮ ਕੈਪਟਨ ਸਰਕਾਰ ਨੇ ਹਲਕੇ ‘ਚ ਕਰਵਾਏ ਹਨ, ਪਹਿਲਾਂ ਕਦੇ ਨਹੀਂ ਹੋਏ।

ਇਸ ਮੌਕੇ ਬਿਜਲੀ ਨਿਗਮ ਦੇ ਡਾਇਰੈਕਟਰ ਆਰ.ਪੀ. ਪਾਂਡਵ ਨੇ ਕਿਹਾ ਕਿ ਸਨੌਰ ਹਲਕੇ ਵਿੱਚ ਦੋ ਨਵੇਂ ਬਿਜਲੀ ਗਰਿੱਡ ਲੱਗਣ ਨਾਲ ਜਿੱਥੇ ਹਲਕੇ ਦਾ ਵਿਕਾਸ ਹੋਵੇਗਾ ਨਵੀਂ ਇੰਡਸਟਰੀ ਆਵੇਗੀ ਉਥੇ ਹੀ ਇਨ੍ਹਾਂ ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲ ਸਕੇਗੀ।

ਇਸ ਮੌਕੇ ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਸੇਖੋਂ, ਚੇਅਰਮੈਨ ਰਤਿੰਦਰ ਸਿੰਘ ਰਿੱਕੀ ਮਾਨ, ਜੋਗਿੰਦਰ ਸਿੰਘ ਕਾਕੜਾ, ਚੇਅਰਮੈਨ ਅਸ਼ਵਨੀ ਬੱਤਾ, ਚੇਅਰਪਰਸਨ ਅੰਮ੍ਰਿਤਪਾਲ ਕੌਰ, ਵਾਈਸ ਚੇਅਰਮੈਨ ਗੁਰਮੀਤ ਸਿੰਘ, ਦੀਦਾਰ ਸਿੰਘ ਦੌਣਕਲਾਂ, ਮੁੱਖ ਇੰਜੀਨੀਅਰ ਟੀ.ਐਸ ਇੰਜ: ਆਰ.ਐਸ. ਸਰਾਓ, ਡਿਪਟੀ ਚੀਫ਼ ਇੰਜੀਨੀਅਰ ਸੁਰਿੰਦਰ ਚੋਪੜਾ, ਵਧੀਕ ਐਸ.ਈ. ਗੁਰਤੇਜ ਸਿੰਘ ਚਹਿਲ, ਸੀਨੀਅਰ ਐਕਸੀਐਨ ਜਤਿੰਦਰਪਾਲ ਸਿੰਘ ਕੰਡਾ, ਭਸਮੜਾ ਪਿੰਡ ਦੇ ਸਰਪੰਚ ਸ੍ਰੀਮਤੀ ਰਜਨੀ, ਪਰਲਾਦ ਸ਼ਰਮਾ, ਰਮੇਸ਼ ਸ਼ਰਮਾ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਮੌਜੂਦ ਸਨ। ਪਿੰਡ ਵਾਸੀਆਂ ਨੇ ਸ੍ਰੀਮਤੀ ਪ੍ਰਨੀਤ ਕੌਰ ਤੇ ਹਰਿੰਦਰਪਾਲ ਸਿੰਘ ਹੈਰੀਮਾਨ ਦਾ ਸਨਮਾਨ ਵੀ ਕੀਤਾ।

Exit mobile version