ਫਾਜ਼ਿਲਕਾ, 28 ਜੂਨ 2024: ਫਾਜ਼ਿਲਕਾ ਪੁਲਿਸ (Fazilka police) ਨੇ ਇਕ ਅੰਤਰ-ਰਾਜੀ ਅਫੀਮ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਵੱਡੀ ਮਾਤਰਾ ‘ਚ ਅਫ਼ੀਮ ਬਰਾਮਦ ਕੀਤੀ ਹੈ | ਪੁਲਿਸ ਮੁਤਾਬਕ ਇਹ ਤਸਕਰੀ ਸਿੰਡੀਕੇਟ ਝਾਰਖੰਡ ਤੋਂ ਚੱਲ ਰਿਹਾ ਸੀ | ਪੁਲਿਸ ਨੇ ਨਾਕਾਬੰਦੀ ਕਰਕੇ ਅਬੋਹਰ-ਗੰਗਾਨਗਰ ਰੋਡ ‘ਤੇ ਪਿੰਡ ਸੱਪਾਂ ਵਾਲੀ ਦੇ ਬੱਸ ਅੱਡੇ ਵਿਖੇ ਨਾਕਾਬੰਦੀ ਕੀਤੀ ਅਤੇ ਇਨ੍ਹਾਂ ਨੂੰ ਫੜ ਲਿਆ ਗਿਆ |
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਕਅਤੀਆਂ ਕੋਲੋਂ 66 ਕਿੱਲੋ ਅਫੀਮ, 40 ਹਜ਼ਾਰ ਰੁਪਏ ਦੀ ਡਰੱਗ ਮਨੀ, 400 ਗ੍ਰਾਮ ਸੋਨਾ ਬਰਾਮਦ ਕੀਤਾ ਹੈ, ਅਫੀਮ ਮਾਰੂਤੀ ਸਵਿਫਟ ਕਾਰ ‘ਚ ਲੁਕਾ ਕੇ ਰੱਖੀ ਸੀ ਤੇ ਇੱਕ ਟਰੈਕਟਰ ਵੀ ਜ਼ਬਤ ਕਰ ਲਿਆ ਹੈ | ਪੁਲਿਸ ਵੱਲੋਂ ਫੜੇ ਗਏ ਮੁਲਾਜ਼ਮਾਂ ਦੀ ਪਛਾਣ ਸੁਖਯਾਦ ਸਿੰਘ ਉਰਫ ਯਾਦ ਵਾਸੀ ਪਿੰਡ ਦਲਮੀਰ ਖੇੜਾ ਅਤੇ ਦੂਜਾ ਜਗਰਾਜ ਸਿੰਘ ਵਾਸੀ ਪਿੰਡ ਭੰਮਾ ਸਿੰਘ ਵਾਲਾ, ਫਿਰੋਜ਼ਪੁਰ ਵਜੋਂ ਹੋਈ ਹੈ।
ਇਸਦੇ ਨਾਲ ਹੀ ਪੁਲਿਸ ਨੇ ਵਿੱਤੀ ਜਾਂਚ ਤੋਂ ਬਾਅਦ 42 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ, ਪੁਲਿਸ (Fazilka police) ਮੁਤਾਬਕ ਜੋ ਕਿ ਸੰਗਠਿਤ ਅਫੀਮ ਸਿੰਡੀਕੇਟ ਵੱਲੋਂ ਵਿੱਤੀ ਲੈਣ-ਦੇਣ ਲਈ ਵਰਤੇ ਜਾ ਰਹੇ ਸਨ | ਇਨ੍ਹਾਂ ਖਾਤਿਆਂ ‘ਚ 1.86 ਕਰੋੜ ਰੁਪਏ ਦੀ ਡਰੱਗ ਮਨੀ ਜਮ੍ਹਾਂ ਸੀ | ਪੁਲਿਸ ਐਨ.ਡੀ.ਪੀ.ਐਸ. ਐਕਟ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪ੍ਰਾਪਤ ਜਾਣਕਾਰੀ ‘ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਐਸ.ਐਚ.ਓ ਥਾਣਾ ਖੂਈਆਂ ਸਰਵਰ ਰਮਨ ਕੁਮਾਰ ਵੱਲੋਂ ਡੀ.ਐਸ.ਪੀ ਅਬੋਹਰ ਅਰੁਣ ਮੁੰਡਨ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਸਮੇਤ ਅਬੋਹਰ-ਗੰਗਾਨਗਰ ਰੋਡ ‘ਤੇ ਪਿੰਡ ਸੱਪਾਂ ਵਾਲੀ ਦੇ ਬੱਸ ਅੱਡੇ ਵਿਖੇ ਨਾਕਾਬੰਦੀ ਕੀਤੀ ਗਈ ਅਤੇ ਨਿਰਧਾਰਿਤ ਵਾਹਨ ਨੂੰ ਸਫ਼ਲਤਾਪੂਰਵਕ ਰੋਕ ਲਿਆ।