ਛੱਤੀਸਗੜ੍ਹ, 09 ਜਨਵਰੀ 2026: Chhattisgarh News: ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ‘ਚ ਨਕਸਲੀਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਹੈ। ਅੱਜ 18 ਔਰਤਾਂ ਸਮੇਤ 63 ਨਕਸਲੀਆਂ ਨੇ ਲੋਨ ਵਾਰਾਟੂ ਮੁਹਿੰਮ ਤਹਿਤ ਆਤਮ ਸਮਰਪਣ ਕਰ ਦਿੱਤਾ।ਆਤਮ ਸਮਰਪਣ ਕਰਨ ਵਾਲਿਆਂ ‘ਚ ਪੱਛਮੀ ਬਸਤਰ ਡਿਵੀਜ਼ਨ ਕਮੇਟੀ ਦੇ ਸਕੱਤਰ ਮੋਹਨ ਕਾਦੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀ ਪਤਨੀ ਸਮੇਤ ਆਤਮ ਸਮਰਪਣ ਕਰ ਦਿੱਤਾ। ਇਨ੍ਹਾਂ ਨਕਸਲੀਆਂ ‘ਤੇ 1 ਕਰੋੜ ਰੁਪਏ ਤੋਂ ਵੱਧ ਦਾ ਸੰਯੁਕਤ ਇਨਾਮ ਐਲਾਨਿਆ ਸੀ | ਇਸ ਵੱਡੇ ਪੱਧਰ ‘ਤੇ ਆਤਮ ਸਮਰਪਣ ਨੇ ਨਕਸਲਵਾਦੀ ਸੰਗਠਨ ਨੂੰ ਵੱਡਾ ਝਟਕਾ ਦਿੱਤਾ ਹੈ।
ਇਹ ਆਤਮ ਸਮਰਪਣ ਛੱਤੀਸਗੜ੍ਹ ਦੇ ਨਕਸਲਵਾਦੀਆਂ ਤੱਕ ਸੀਮਿਤ ਨਹੀਂ ਹਨ, ਸਗੋਂ ਰਾਜ ਤੋਂ ਬਾਹਰਲੇ ਨਕਸਲਵਾਦੀ ਵੀ ਸ਼ਾਮਲ ਹਨ। ਇਹ ਦਰਸਾਉਂਦਾ ਹੈ ਕਿ ਸੂਬੇ ਪੁਲਿਸ ਅਤੇ ਸੁਰੱਖਿਆ ਬਲ ਨਕਸਲਵਾਦ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰ ਰਹੇ ਹਨ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਸਫਲਤਾਪੂਰਵਕ ਘਟਾ ਰਹੇ ਹਨ। ਲੋਨ ਵਾਰਾਟੂ (ਘਰ ਵਾਪਸੀ) ਮੁਹਿੰਮ ਤਹਿਤ ਨਕਸਲੀਆਂ ਨੂੰ ਮੁੱਖ ਧਾਰਾ ‘ਚ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਸਫਲ ਸਾਬਤ ਹੋ ਰਹੀਆਂ ਹਨ, ਜਿਸ ਨਾਲ ਖੇਤਰ ‘ਚ ਸ਼ਾਂਤੀ ਅਤੇ ਵਿਕਾਸ ਦਾ ਰਾਹ ਪੱਧਰਾ ਹੋ ਰਿਹਾ ਹੈ।
ਸੁਰੱਖਿਆ ਬਲਾਂ ਵੱਲੋਂ ਕੀਤੇ ਜਾ ਰਹੇ ਤੀਬਰ ਆਪ੍ਰੇਸ਼ਨ ਨਕਸਲੀਆਂ ਵਿਰੁੱਧ ਮਨੋਵਿਗਿਆਨਕ ਦਬਾਅ ਬਣਾਉਣ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਪ੍ਰੇਰਿਤ ਕਰਨ ‘ਚ ਮੱਦਦਗਾਰ ਸਾਬਤ ਹੋ ਰਹੇ ਹਨ। ਸਰਕਾਰ ਦੀਆਂ ਪੁਨਰਵਾਸ ਨੀਤੀਆਂ ਦੇ ਤਹਿਤ ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਨੂੰ ਮੁੱਖ ਧਾਰਾ ‘ਚ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਜੀਵਨ ਦੇ ਮੌਕੇ ਪ੍ਰਦਾਨ ਕਰਨ ਲਈ ਪ੍ਰਬੰਧ ਕੀਤੇ ਜਾਣਗੇ। ਇਸ ਸਫਲਤਾ ਨਾਲ ਖੇਤਰ ‘ਚ ਸੁਰੱਖਿਆ ਸਥਿਤੀ ‘ਚ ਸੁਧਾਰ ਹੋਣ ਅਤੇ ਵਿਕਾਸ ਕਾਰਜਾਂ ‘ਚ ਤੇਜ਼ੀ ਆਉਣ ਦੀ ਉਮੀਦ ਹੈ। ਇਹ ਵਿਕਾਸ ਛੱਤੀਸਗੜ੍ਹ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਪ੍ਰਾਪਤੀ ਹੈ।
Read More: Chhattisgarh News: ਸੁਕਮਾ ਜ਼ਿਲ੍ਹੇ ‘ਚ ‘ਆਪ੍ਰੇਸ਼ਨ ਮੌਨਸੂਨ’, ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਜਾਰੀ




