ਚੰਡੀਗੜ੍ਹ, 25 ਦਸੰਬਰ 2023: ਸਕੂਲ ਆਫ਼ ਐਮੀਨੈਸ (SCHOOL OF EMINENCE) ਦੇ 11 ਵੀ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕਰਨ ਦੇ ਮਕਸਦ ਨਾਲ 9 ਦਿਨਾਂ ਸਰਦ ਰੁੱਤ ਰਿਹਾਇਸ਼ੀ ਕੈਂਪ ਲਗਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਕੈਂਪ ਅੰਮ੍ਰਿਤਸਰ ਦੇ ਸਕੂਲ ਆਫ਼ ਐਮੀਨੈਸ ਵਿਚ ਲਗਾਇਆ ਗਿਆ ਹੈ ਜਿਸ ਵਿਚ ਸੂਬੇ ਦੇ ਵੱਖ ਵੱਖ ਸਕੂਲ ਆਫ਼ ਐਮੀਨੈਸ ਦੇ 600 ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ 360 ਸਟੈਟਰਜੀ ਸਿਖਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਫ੍ਰੀ ਗਾਈਡਿੰਗ ਅਤੇ ਕੌਸਲਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ।
ਸ.ਬੈਂਸ ਨੇ ਦੱਸਿਆ ਕਿ ਇਹ ਕੈਂਪ 23-12-2023 ਤੋਂ 31-12-2023 ਤੱਕ ਲੱਗ ਰਿਹਾ ਹੈ। ਇਸ ਕੈਂਪ ਵਿੱਚ ਭਾਗ ਲੈਣ ਲਈ ਸਕੂਲ ਆਫ ਐਮੀਨਸ (SCHOOL OF EMINENCE) ਦੇ ਪ੍ਰਿੰਸੀਪਲਾਂ ਵੱਲੋਂ ਸਾਰੇ ਹੀ ਵਿਦਿਆਰਥੀਆਂ ਦੀ ਓਰੀਐਂਟੇਸ਼ਨ ਕੀਤੀ ਗਈ ਅਤੇ ਉਨਾਂ ਨੂੰ ਕੈਂਪ ਸਬੰਧੀ ਜਾਗਰੂਕ ਕੀਤਾ ਗਿਆ ਜਿਸ ਤੋਂ ਬਾਅਦ ਮਾਪਿਆਂ ਦੀ ਸਹਿਮਤੀ ਦੇ ਨਾਲ ਮੈਡੀਕਲ ਅਤੇ ਨਾਨ ਮੈਡੀਕਲ ਦੇ ਲਗਭਗ 1500 ਵਿਦਿਆਰਥੀਆਂ ਨੇ ਰਜਿਸਟਰ ਕੀਤਾ ਸੀ ਜਿਸ ਉਪਰੰਤ ਟੈਸਟ,ਮੈਰਿਟ ਦੇ ਆਧਾਰ ਤੇ ਵਿਦਿਆਰਥੀ ਸ਼ਾਰਟ ਲਿਸਟ ਕੀਤੇ ਗਏ।
ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਆਈ.ਆਈ.ਟੀ.-ਜੇ.ਈ.ਈ.ਅਤੇ ਨੀਟ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵੱਖ ਵੱਖ ਨਾਮੀ ਭਾਈਵਾਲ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ ਵਲੋਂ ਕਰਵਾਈ ਜਾਵੇਗੀ। ਇਸ ਵਰਕਸ਼ਾਪ ਵਿੱਚ ਨਾ ਕੇਵਲ ਸਕੂਲ ਅਧਿਆਪਕ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣਗੇ ਸਗੋਂ ਇੰਡਸਟਰੀ ਦੇ ਨਾਮੀ ਟਿਊਟਰ ਵੀ ਵਿਦਿਆਰਥੀਆਂ ਦੇ ਰੂਬਰੂ ਹੋਣਗੇ।
ਇਸ ਸਰਦ ਰੁੱਤ ਰਿਹਾਇਸ਼ੀ ਕੈਂਪ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਦੀ ਦਿਨ ਦੀ ਸ਼ੁਰੂਆਤ ਖੇਡਾਂ ਅਤੇ ਯੋਗਾ ਨਾਲ ਹੋਵੇਗਾ। ਜਿਸ ਉਪਰੰਤ ਵੱਖ ਮਾਹਿਰਾਂ ਵਲੋਂ ਪੇਪਰ ਦੀ ਤਿਆਰੀ ਸਬੰਧੀ ਤਕਨੀਕ ਬਾਰੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਸੰਸਿਆ ਨੂੰ ਵੀ ਦੂਰ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਇਸ ਕੈਂਪ ਦੌਰਾਨ ਵਿਰਾਸਤੀ ਟੂਰ ਵੀ ਕਰਵਾਇਆ ਜਾਵੇਗਾ ਤਾਂ ਜ਼ੋ ਇਨ੍ਹਾਂ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਨਾਲ ਵੀ ਜੋੜਿਆ ਜਾ ਸਕੇ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੀ ਦਿਸ਼ਾ ਵਿੱਚ ਇਹ ਇੱਕ ਨਿਵੇਕਲਾ ਕਦਮ ਹੈ ਅਤੇ ਆਪਣੀ ਕਿਸਮ ਦਾ ਇਹ ਪਹਿਲਾ ਕੈਂਪ ਹੈ ਜਿਸ ਵਿਚ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਸਮੇਤ ਉਨ੍ਹਾਂ ਦੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ।
ਭਗਵੰਤ ਸਿੰਘ ਮਾਨ ਸਰਕਾਰ ਦਾ ਇਹ ਉਪਰਾਲਾ ਗਰੀਬ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਅਹਿਮ ਯੋਗਦਾਨ ਪਾਏਗਾ।