ਚੰਡੀਗੜ੍ਹ, 26 ਅਪ੍ਰੈਲ 2023: ਸੂਡਾਨ (Sudan) ਵਿੱਚ 72 ਘੰਟੇ ਦੀ ਜੰਗਬੰਦੀ ਤੋਂ ਬਾਅਦ ਰਾਜਧਾਨੀ ਖਾਰਤੁਮ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਝੜੱਪਾਂ ਜਾਰੀ ਹਨ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ 550 ਤੋਂ ਵੱਧ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਨੂੰ ਸਾਊਦੀ ਅਰਬ ਦੇ ਜੇਦਾਹ ਲਿਆਂਦਾ ਗਿਆ ਹੈ। ਹੁਣ ਤੱਕ ਤਿੰਨ ਬੈਚਾਂ ਵਿੱਚ 561 ਨਾਗਰਿਕਾਂ ਨੂੰ ਜੇਦਾਹ ਲਿਆਂਦਾ ਗਿਆ ਹੈ। ਸੂਡਾਨ ਵਿੱਚ 4 ਹਜ਼ਾਰ ਤੋਂ ਵੱਧ ਭਾਰਤੀ ਰਹਿੰਦੇ ਹਨ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ‘ਆਪ੍ਰੇਸ਼ਨ ਕਾਵੇਰੀ’ ਦੇ ਪਹਿਲੇ ਬੈਚ ਵਿੱਚ, 278 ਭਾਰਤੀਆਂ ਨੂੰ ਜਲ ਸੈਨਾ ਦੇ ਜਹਾਜ਼ ਆਈਐਨਐਸ ਸੁਮੇਧਾ ਦੁਆਰਾ ਪੋਰਟ ਸੂਡਾਨ ਤੋਂ ਸਾਊਦੀ ਅਰਬ ਦੇ ਜੇਦਾਹ ਲਈ ਏਅਰਲਿਫਟ ਕੀਤਾ ਗਿਆ ਸੀ। ਇਸ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੇ ਸੀ-130 ਜੇ ਜਹਾਜ਼ ਰਾਹੀਂ 148 ਅਤੇ 135 ਭਾਰਤੀਆਂ ਨੂੰ ਜੇਦਾਹ ਲਿਆਂਦਾ ਗਿਆ। ਹੁਣ ਉਨ੍ਹਾਂ ਨੂੰ ਜਲਦੀ ਹੀ ਏਅਰਲਿਫਟ ਕਰਕੇ ਭਾਰਤ ਲਿਆਂਦਾ ਜਾਵੇਗਾ।
ਸੂਡਾਨ (Sudan) ਵਿੱਚ ਤਖਤਾਪਲਟ ਲਈ ਫੌਜ ਅਤੇ ਅਰਧ ਸੈਨਿਕ ਬਲ (ਆਰਐਸਐਫ) ਵਿਚਕਾਰ 15 ਅਪ੍ਰੈਲ ਨੂੰ ਲੜਾਈ ਸ਼ੁਰੂ ਹੋਈ ਸੀ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, ਲੜਾਈ ਵਿੱਚ ਹੁਣ ਤੱਕ ਸੈਨਿਕਾਂ ਸਮੇਤ 459 ਜਣਿਆਂ ਦੀ ਮੌਤ ਹੋ ਚੁੱਕੀ ਹੈ। 4,072 ਜ਼ਖਮੀ ਹੋਏ ਹਨ। ਸੂਡਾਨ ਵਿੱਚ 27 ਅਪ੍ਰੈਲ ਦੀ ਅੱਧੀ ਰਾਤ 12 ਤੱਕ 72 ਘੰਟੇ ਦੀ ਜੰਗਬੰਦੀ ਹੈ। ਇਸ ਦੌਰਾਨ ਦੂਜੇ ਦੇਸ਼ਾਂ ਲਈ ਆਪਣੇ ਨਾਗਰਿਕਾਂ ਨੂੰ ਇੱਥੋਂ ਕੱਢਣ ਦਾ ਸਮਾਂ ਆ ਗਿਆ ਹੈ।