ਚੰਡੀਗੜ੍ਹ,18 ਅਕਤੂਬਰ 2023: ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ ਮੰਗਲਵਾਰ ਨੂੰ ਗਾਜ਼ਾ (Gaza) ਦੇ ਅਲ-ਅਹਲੀ ਅਰਬ ਹਸਪਤਾਲ ਨੂੰ ਕਈ ਧਮਾਕਿਆਂ ਨੇ ਹਿਲਾ ਕੇ ਰੱਖ ਦਿੱਤਾ। ਇਨ੍ਹਾਂ ‘ਚ ਘੱਟੋ-ਘੱਟ 500 ਜਣਿਆਂ ਦੀ ਮੌਤ ਦੀ ਖ਼ਬਰ ਹੈ | ਇਸਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੇ ਇਜ਼ਰਾਈਲ ਦੌਰੇ ਤੋਂ ਪਹਿਲਾਂ ਇੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹਮਾਸ ਦੇ ਹਮਲਿਆਂ ਦਰਮਿਆਨ ਇਜ਼ਰਾਈਲ ਪੁਲਿਸ ਨੇ ਸਾਰੀਆਂ ਥਾਵਾਂ ‘ਤੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਤੇਲ ਅਵੀਵ ਤੋਂ ਯੇਰੂਸ਼ਲਮ ਤੱਕ ਪੁਲਿਸ ਘੋੜਿਆਂ ‘ਤੇ ਸਵਾਰ ਹੋ ਕੇ ਛਾਪੇਮਾਰੀ ਕਰ ਰਹੀ ਹੈ।
ਗਾਜ਼ਾ (Gaza) ਦੇ ਅਲ-ਅਹਲੀ ਹਸਪਤਾਲ ‘ਚ ਹੋਏ ਜ਼ਬਰਦਸਤ ਧਮਾਕੇ ‘ਚ 500 ਤੋਂ ਵੱਧ ਜਣਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਸਬੰਧੀ ਕਈ ਦੇਸ਼ਾਂ ਨੇ ਇਜ਼ਰਾਈਲ ‘ਤੇ ਬਰਬਰਤਾ ਦਾ ਦੋਸ਼ ਲਾਇਆ ਹੈ। ਜਦੋਂ ਕਿ ਇਜ਼ਰਾਈਲ ਨੇ ਇਨ੍ਹਾਂ ਹਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਸਾਫ਼ ਇਨਕਾਰ ਕੀਤਾ ਹੈ। ਖਬਰਾਂ ਹਨ ਕਿ ਇਜ਼ਰਾਈਲ ਗਾਜ਼ਾ ਵਿੱਚ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇਜ਼ਰਾਇਲੀ ਹਵਾਈ ਫੌਜ ਨੇ ਹਮਾਸ ਦੇ ਦੋ ਲੜਾਕਿਆਂ ਨੂੰ ਮਾਰ ਦਿੱਤਾ। ਇਨ੍ਹਾਂ ‘ਚੋਂ ਇਕ ਦਾ ਨਾਂ ਮੁਹੰਮਦ ਅਲਵਾਦੀਆ ਦੱਸਿਆ ਗਿਆ ਹੈ, ਜੋ ਹਮਾਸ ਦੀ ਗਾਜ਼ਾ ਸਿਟੀ ਬ੍ਰਿਗੇਡ ‘ਚ ਐਂਟੀ ਟੈਂਕ ਸਿਸਟਮ ਦਾ ਕਮਾਂਡਰ ਸੀ। ਇਕ ਹੋਰ ਦਾ ਨਾਂ ਅਕਰਮ ਹਿਜਾਜ਼ ਹੈ, ਜਿਸ ਨੂੰ ਅੱਤਵਾਦੀ ਫੰਡਾਂ ਅਤੇ ਹਥਿਆਰਾਂ ਦਾ ਸੌਦਾਗਰ ਦੱਸਿਆ ਗਿਆ ਹੈ।
ਗਾਜ਼ਾ ‘ਚ ਹਸਪਤਾਲ ‘ਚ ਹੋਏ ਧਮਾਕੇ ਤੋਂ ਬਾਅਦ ਬੇਕਸੂਰ ਨਾਗਰਿਕਾਂ ਦੀ ਮੌਤ ਨੂੰ ਲੈ ਕੇ ਦੁਨੀਆ ਦੇ ਕਈ ਸ਼ਹਿਰਾਂ ‘ਚ ਪ੍ਰਦਰਸ਼ਨ ਹੋਏ ਹਨ। ਇਨ੍ਹਾਂ ਵਿੱਚ ਵੈਸਟ ਬੈਂਕ, ਲੇਬਨਾਨ, ਜਾਰਡਨ, ਲੀਬੀਆ ਅਤੇ ਈਰਾਨ ਵਰਗੇ ਦੇਸ਼ ਸ਼ਾਮਲ ਹਨ। ਵੈਸਟ ਬੈਂਕ ‘ਚ ਵੱਡੀ ਗਿਣਤੀ ‘ਚ ਲੋਕ ਆਪਣੀ ਹੀ ਪੁਲਿਸ ਨਾਲ ਝੜੱਪ ਕਰਦੇ ਦੇਖੇ ਗਏ।
ਹਮਾਸ ਗਾਜ਼ਾ ਵਿੱਚ ਬੰਧਕ ਬਣਾਏ ਗਏ ਲੋਕਾਂ ਨੂੰ ਰਿਹਾਅ ਕਰਨ ਲਈ ਤਿਆਰ :-
ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ‘ਚ ਹੁਣ ਤੱਕ 1400 ਇਜ਼ਰਾਇਲੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਗਾਜ਼ਾ ਪੱਟੀ ਵਿੱਚ ਕਰੀਬ 3000 ਜਣਿਆਂ ਦੀ ਜਾਨ ਜਾ ਚੁੱਕੀ ਹੈ। ਗਾਜ਼ਾ ਪੱਟੀ ਦੇ ਇੱਕ ਹਸਪਤਾਲ ਵਿੱਚ ਮੰਗਲਵਾਰ ਨੂੰ ਹੋਏ ਧਮਾਕੇ ਤੋਂ ਬਾਅਦ ਕਈ ਹੋਰ ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੌਰਾਨ ਹਮਾਸ ਨੇ ਬੰਧਕ ਬਣਾਏ ਸੈਂਕੜੇ ਇਜ਼ਰਾਈਲੀ ਨਾਗਰਿਕਾਂ ਨੂੰ ਰਿਹਾਅ ਕਰਨ ਲਈ ਸਹਿਮਤੀ ਦਿੱਤੀ ਹੈ ਪਰ ਇਸ ਦੇ ਲਈ ਉਸ ਨੇ ਇਕ ਸ਼ਰਤ ਰੱਖੀ ਹੈ।