Aam Aadmi clinics

ਪੰਜਾਬ ਵਿੱਚ 27 ਜਨਵਰੀ ਨੂੰ 500 ਆਮ ਆਦਮੀ ਕਲੀਨਿਕ ਹੋਣਗੇ ਸ਼ੁਰੂ

ਚੰਡੀਗੜ੍ਹ, 23 ਜਨਵਰੀ 2023: 27 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ 500 ਆਮ ਆਦਮੀ ਕਲੀਨਿਕ (Aam Aadmi clinics) ਤੋਹਫੇ ਵਜੋਂ ਸਮਰਪਿਤ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਪਹਿਲੇ ਪੜਾਅ ਵਿੱਚ ਬਣਾਏ ਗਏ 100 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਸੀ। ਹੁਣ 400 ਨਵੇਂ ਕਲੀਨਿਕਾਂ ਦੇ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 500 ਹੋ ਜਾਵੇਗੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 27 ਜਨਵਰੀ ਨੂੰ ਅੰਮ੍ਰਿਤਸਰ ‘ਚ ਇੱਕ ਉਦਘਾਟਨੀ ਪ੍ਰੋਗਰਾਮ ਹੋਵੇਗਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ। ਜਦਕਿ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਮਹਿਜ਼ ਇੱਕ ਸਾਲ ਦੇ ਅੰਦਰ ਹੀ ਪੰਜਾਬ ਵਿੱਚ ਸਿਹਤ ਕ੍ਰਾਂਤੀ ਸ਼ੁਰੂ ਹੋ ਗਈ ਹੈ। ਚੋਣਾਂ ਤੋਂ ਪਹਿਲਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਇਹ ਗਾਰੰਟੀ ਦਿੱਤੀ ਸੀ ਕਿ ਸਰਕਾਰ ਬਣਨ ‘ਤੇ ਪੰਜਾਬ ‘ਚ ਮੁਹੱਲਾ ਕਲੀਨਿਕ ਸਥਾਪਿਤ ਕੀਤੇ ਜਾਣਗੇ। ਹੁਣ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਇੱਕ ਕਰਕੇ ਆਪਣੇ ਸਾਰੇ ਵਾਅਦੇ ਪੂਰੇ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ, ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ।

ਇਸੇ ਤਰ੍ਹਾਂ ਸਿਹਤ ਮੰਤਰੀ ਡਾ: ਬਲਬੀਰ ਨੇ ਆਮ ਆਦਮੀ ਕਲੀਨਿਕ (Aam Aadmi clinics) ਦੀਆਂ ਸਫਲਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਤੱਕ 10 ਲੱਖ ਤੋਂ ਵੱਧ ਲੋਕ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਅਤੇ ਇਲਾਜ ਦੌਰਾਨ ਤਿੰਨ ਲੱਖ ਤੋਂ ਵੱਧ ਲੋਕਾਂ ਦੇ ਮੁਫ਼ਤ ਟੈਸਟ ਵੀ ਕੀਤੇ ਗਏ ਹਨ ਅਤੇ ਨਾਲ ਹੀ ਲੋਕਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ।

ਡਾ: ਬਲਬੀਰ ਨੇ ਕਿਹਾ ਕਿ ‘ਆਪ’ ਸਰਕਾਰ ਦੀ ਪਹਿਲੀ ਤਰਜੀਹ ਆਮ ਲੋਕਾਂ ਨੂੰ ਸਿੱਖਿਆ ਅਤੇ ਦਵਾਈ ਦੇ ਤਨਾਅ ਤੋਂ ਮੁਕਤ ਕਰਵਾਉਣਾ ਹੈ | ਜਦੋਂ ਆਮ ਲੋਕਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ, ਮੁਫ਼ਤ ਇਲਾਜ, ਮੁਫ਼ਤ ਦਵਾਈਆਂ ਅਤੇ ਮੁਫ਼ਤ ਸਿਹਤ ਜਾਂਚ ਦੀ ਸਹੂਲਤ ਮਿਲੇਗੀ ਤਾਂ ਉਨ੍ਹਾਂ ਦਾ ਬਹੁਤ ਸਾਰਾ ਪੈਸਾ ਬਚੇਗਾ। ਇਸ ਪੈਸੇ ਦੀ ਵਰਤੋਂ ਉਹ ਰੋਜ਼ਾਨਾ ਦੀਆਂ ਲੋੜਾਂ ਪੂਰਾ ਕਰਨ ਲਈ ਕਰਨਗੇ। ਇਸ ਨਾਲ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ ਅਤੇ ਸਮਾਜ ਸਰਵਪੱਖੀ ਤਰੱਕੀ ਕਰੇਗਾ।

Scroll to Top