ਅਮਰੀਕੀ ਟੈਰਿਫ

ਭਾਰਤ ‘ਤੇ 50% ਅਮਰੀਕੀ ਟੈਰਿਫ ਦਾ ਐਲਾਨ, ਦੋਵਾਂ ਦੇਸ਼ਾਂ ‘ਚ ਕਿਉਂ ਬਣੇ ਅਜਿਹੇ ਹਾਲਾਤ ?

ਵਿਦੇਸ਼, 07 ਅਗਸਤ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ ਲਗਾਈ ਗਈ 25 ਫੀਸਦੀ ਆਯਾਤ ਡਿਊਟੀ 7 ਅਗਸਤ (ਅਮਰੀਕੀ ਸਮੇਂ) ਤੋਂ ਲਾਗੂ ਹੋਵੇਗੀ। ਇਸ ਟੈਰਿਫ ਨੂੰ ਲਾਗੂ ਕਰਨ ਤੋਂ ਇੱਕ ਦਿਨ ਪਹਿਲਾਂ, ਅਮਰੀਕੀ ਰਾਸ਼ਟਰਪਤੀ ਨੇ ਰੂਸ ਨਾਲ ਵਪਾਰ ਦਾ ਹਵਾਲਾ ਦਿੰਦੇ ਹੋਏ, ਭਾਰਤ ‘ਤੇ 25 ਫੀਸਦੀ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ। ਵਧਿਆ ਹੋਇਆ ਟੈਰਿਫ 27 ਅਗਸਤ ਤੋਂ ਲਾਗੂ ਹੋਵੇਗਾ। ਯਾਨੀ ਇਸ ਮਹੀਨੇ ਦੇ ਅੰਤ ਤੱਕ, ਭਾਰਤ ਤੋਂ ਅਮਰੀਕਾ ਜਾਣ ਵਾਲੇ ਉਤਪਾਦਾਂ ‘ਤੇ ਕੁੱਲ ਟੈਰਿਫ 50 ਫੀਸਦੀ ਤੱਕ ਪਹੁੰਚ ਜਾਵੇਗਾ।

ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ‘ਤੇ ਵਾਧੂ ਟੈਰਿਫ ਲਗਾਉਣ ਦੇ ਅਮਰੀਕੀ ਫੈਸਲੇ ਦਾ ਬਚਾਅ ਕੀਤਾ। ਉਨ੍ਹਾਂ ਨੇ ਭਾਰਤ ਨੂੰ “ਟੈਰਿਫ ਦਾ ਮਹਾਰਾਜਾ” ਦੱਸਿਆ ਅਤੇ ਕਿਹਾ ਕਿ ਭਾਰਤ ਅਮਰੀਕੀ ਸਾਮਾਨਾਂ ‘ਤੇ ਦੁਨੀਆ ‘ਚ ਸਭ ਤੋਂ ਵੱਧ ਟੈਰਿਫ ਅਤੇ ਗੈਰ-ਟੈਰਿਫ ਰੁਕਾਵਟਾਂ ਲਗਾਉਂਦਾ ਹੈ, ਜਿਸ ਕਾਰਨ ਅਮਰੀਕੀ ਉਤਪਾਦਾਂ ਦਾ ਭਾਰਤੀ ਬਾਜ਼ਾਰ ‘ਚ ਦਾਖਲ ਹੋਣਾ ਮੁਸ਼ਕਿਲ ਹੋ ਜਾਂਦਾ ਹੈ।

ਇਸ ਦੇ ਨਾਲ ਹੀ ਟਰੰਪ ਨੇ ਭਾਰਤ ‘ਤੇ ਹੋਰ ਪਾਬੰਦੀਆਂ ਲਗਾਉਣ ਦੀ ਚੇਤਾਵਨੀ ਦਿੱਤੀ ਹੈ। ਬੁੱਧਵਾਰ ਰਾਤ ਨੂੰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸਿਰਫ਼ 8 ਘੰਟੇ ਹੋਏ ਹਨ। ਅਜੇ ਬਹੁਤ ਕੁਝ ਹੋਣਾ ਬਾਕੀ ਹੈ। ਕਈ ਸੈਕੰਡਰੀ ਪਾਬੰਦੀਆਂ ਆਉਣ ਵਾਲੀਆਂ ਹਨ। ਟਰੰਪ ਨੇ ਇਹ ਜਵਾਬ ਭਾਰਤ ‘ਤੇ 25% ਵਾਧੂ ਟੈਰਿਫ ਲਗਾਉਣ ਬਾਰੇ ਪੁੱਛੇ ਗਏ ਸਵਾਲ ਦਾ ਦਿੱਤਾ। ਟਰੰਪ ਤੋਂ ਪੁੱਛਿਆ ਗਿਆ ਸੀ ਕਿ ਅਮਰੀਕਾ ਨੇ ਸਿਰਫ਼ ਭਾਰਤ ‘ਤੇ ਹੀ ਸਖ਼ਤੀ ਕਿਉਂ ਕੀਤੀ, ਜਦੋਂ ਕਿ ਚੀਨ ਵਰਗੇ ਹੋਰ ਦੇਸ਼ ਵੀ ਰੂਸ ਤੋਂ ਤੇਲ ਖਰੀਦ ਰਹੇ ਹਨ।

ਟਰੰਪ ਨੇ ਬੁੱਧਵਾਰ ਨੂੰ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕਰਕੇ ਟੈਰਿਫ ‘ਚ 25 ਫੀਸਦੀ ਵਾਧਾ ਕੀਤਾ। ਵਧਿਆ ਹੋਇਆ ਟੈਰਿਫ 27 ਅਗਸਤ ਤੋਂ ਲਾਗੂ ਹੋਵੇਗਾ। ਕਾਰਜਕਾਰੀ ਆਦੇਸ਼ ‘ਚ ਕਿਹਾ ਗਿਆ ਹੈ ਕਿ ਰੂਸੀ ਤੇਲ ਖਰੀਦਣ ਕਾਰਨ ਭਾਰਤ ‘ਤੇ ਇਹ ਕਾਰਵਾਈ ਕੀਤੀ ਹੈ।

ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਕਾਰਵਾਈ ਨੂੰ ਗਲਤ ਕਿਹਾ ਹੈ। ਮੰਤਰਾਲੇ ਨੇ ਬੁੱਧਵਾਰ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਨੇ ਹਾਲ ਹੀ ‘ਚ ਰੂਸ ਤੋਂ ਭਾਰਤ ਦੇ ਤੇਲ ਆਯਾਤ ਨੂੰ ਨਿਸ਼ਾਨਾ ਬਣਾਇਆ ਹੈ। ਅਸੀਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਬਾਜ਼ਾਰ ਦੀਆਂ ਸਥਿਤੀਆਂ ਦੇ ਆਧਾਰ ‘ਤੇ ਤੇਲ ਖਰੀਦਦੇ ਹਾਂ ਅਤੇ ਇਸਦਾ ਉਦੇਸ਼ 140 ਕਰੋੜ ਭਾਰਤੀਆਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਹ ਬਹੁਤ ਮੰਦਭਾਗਾ ਹੈ ਕਿ ਅਮਰੀਕਾ ਭਾਰਤ ‘ਤੇ ਵਾਧੂ ਟੈਰਿਫ ਲਗਾ ਰਿਹਾ ਹੈ, ਜਦੋਂ ਕਿ ਕਈ ਹੋਰ ਦੇਸ਼ ਵੀ ਆਪਣੇ ਹਿੱਤ ‘ਚ ਇਹੀ ਕੰਮ ਕਰ ਰਹੇ ਹਨ। ਅਸੀਂ ਦੁਹਰਾਉਂਦੇ ਹਾਂ ਕਿ ਇਹ ਕਦਮ ਅਨੁਚਿਤ, ਨਾਜਾਇਜ਼ ਅਤੇ ਗਲਤ ਹਨ। ਭਾਰਤ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਹਰ ਜ਼ਰੂਰੀ ਕਦਮ ਚੁੱਕੇਗਾ।

ਰੂਸ-ਯੂਕਰੇਨ ਯੁੱਧ ਦੇ ਬਾਵਜੂਦ ਭਾਰਤ ਨੇ ਰੂਸ ਤੋਂ ਸਸਤਾ ਕੱਚਾ ਤੇਲ ਖਰੀਦਣਾ ਜਾਰੀ ਰੱਖਿਆ ਹੈ। ਅਮਰੀਕਾ ਲੰਬੇ ਸਮੇਂ ਤੋਂ ਇਸ ਫੈਸਲੇ ਲਈ ਭਾਰਤ ‘ਤੇ ਦਬਾਅ ਪਾ ਰਿਹਾ ਹੈ। ਹਾਲਾਂਕਿ, ਭਾਰਤ ਨੇ ਹਮੇਸ਼ਾ ਕਿਹਾ ਹੈ ਕਿ ਉਸਦੀਆਂ ਊਰਜਾ ਜ਼ਰੂਰਤਾਂ ਉਸਦੇ ਰਾਸ਼ਟਰੀ ਹਿੱਤ ਨਾਲ ਜੁੜੀਆਂ ਹੋਈਆਂ ਹਨ।

Read More: ਅਮਰੀਕਾ ਵੱਲੋਂ 1 ਅਗਸਤ ਤੋਂ ਭਾਰਤ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ

Scroll to Top