July 2, 2024 7:30 pm
ਸਕੂਲ ਬੱਸ

5 ਸਾਲਾ ਬੱਚੇ ਦੀ ਸਕੂਲ ਬੱਸ ਹੇਠ ਆਉਣ ਕਾਰਨ ਮੌਤ, ਪਰਿਵਾਰ ਨੇ ਸਕੂਲ ਪ੍ਰਬੰਧਕਾਂ ‘ਤੇ ਲਾਏ ਗੰਭੀਰ ਦੋਸ਼

ਚੰਡੀਗੜ੍ਹ, 09 ਸਤੰਬਰ 2023: ਸ੍ਰੀ ਹਰਗੋਬਿੰਦਪੁਰ ਦੇ ਪਿੰਡ ਚੀਮਾ ਖੁੱਡੀ ਦੇ ਇੱਕ 5 ਸਾਲਾ ਬੱਚੇ ਦੀ ਸਕੂਲ ਬੱਸ ਦੀ ਲਪੇਟ ਵਿੱਚ ਆਉਣ ਨਾਲ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਹਰਕੀਰਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 5 ਸਾਲ ਦੀ ਹੈ।ਦੱਸਿਆ ਜਾ ਰਿਹਾ ਹੈ ਕਿ ਉਹ ਸੈਂਟਰਲ ਪਬਲਿਕ ਸਕੂਲ ਵਿੱਚ ਨਰਸਰੀ ਕਲਾਸ ‘ਚ ਪੜ੍ਹ ਰਿਹਾ ਸੀ ਅਤੇ ਅੱਜ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚਿਆਂ ਨੂੰ ਘਰ ਵਿੱਚ ਛੱਡਣ ਲਈ ਸਕੂਲੀ ਬੱਸ ਚੀਮਾ ਖੁੱਡੀ ਵਿੱਚ ਪੁੱਜੀ ਤਾਂ ਪੰਜ ਸਾਲਾਂ ਹਰਕੀਰਤ ਸਿੰਘ ਪੁੱਤਰ ਦਵਿੰਦਰ ਸਿੰਘ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸ ਪੀ ਰਜੇਸ਼ ਕੱਟੜ ਅਤੇ ਸ੍ਰੀ ਹਰਗੋਬਿੰਦਪੁਰ ਦੇ ਐਸ ਐਚ ਓ ਮੈਡਮ ਬਲਜੀਤ ਕੌਰ ਸਰਾਂ ਆਪਣੇ ਪੁਲਿਸ ਕਰਮਚਾਰੀਆਂ ਸਮੇਤ ਘਟਨਾ ਵਾਲੀ ਥਾਂ ‘ਤੇ ਪਿੰਡ ਚੀਮਾ ਖੁੱਡੀ ਵਿਖੇ ਪੁੱਜੇ। ਮ੍ਰਿਤਕ ਦੇ ਪਿਤਾ ਨੇ ਬੱਸ ਚਾਲਕ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਕੂਲ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਉਸ ਦੇ ਬੱਚੇ ਦੀ ਮੌਤ ਹੋਈ ਹੈ, ਇਸ ਲਈ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੁਲਿਸ ਵੱਲੋਂ ਬੱਸ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਮਾਮਲੇ ‘ਚ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਸਾਂਝੀ ਕਰਦਿਆਂ ਮ੍ਰਿਤਕ ਬੱਚੇ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ 5 ਸਾਲਾ ਪੁੱਤਰ ਹਰਕੀਰਤ ਸਿੰਘ ਨਰਸਰੀ ਜਮਾਤ ਵਿਚ ਅਤੇ 10 ਸਾਲਾ ਪੁੱਤਰੀ ਸਹਿਜਪ੍ਰੀਤ ਕੌਰ ਘੁਮਾਣ ਦੇ ਇਕ ਨਿੱਜੀ ਸਕੂਲ ਵਿਚ ਚੌਥੀ ਜਮਾਤ ਵਿਚ ਪੜ੍ਹਦੀ ਹੈ। ਸ਼ੁੱਕਰਵਾਰ ਨੂੰ ਛੁੱਟੀ ਤੋਂ ਬਾਅਦ ਜਦੋਂ ਸਕੂਲ ਬੱਸ ਦੋਵੇਂ ਬੱਚਿਆਂ ਨੂੰ ਛੱਡਣ ਆਈ ਤਾਂ ਉਹ ਬੱਸ ਤੋਂ ਉਤਰ ਰਹੇ ਸਨ। ਅਜੇ ਉਸ ਦੀ ਧੀ ਬੱਸ ਤੋਂ ਉਤਰੀ ਸੀ ਤੇ ਪੁੱਤਰ ਹਰਕੀਰਤ ਸਿੰਘ ਬੱਸ ਤੋਂ ਉਤਰ ਹੀ ਰਿਹਾ ਸੀ ਕਿ ਡਰਾਈਵਰ ਨੇ ਉਸੇ ਵੇਲੇ ਬੱਸ ਤੋਰ ਲਈ। ਇਸ ਕਾਰਨ ਸਹਿਜਪ੍ਰੀਤ ਹੇਠਾਂ ਡਿੱਗ ਗਿਆ ਤੇ ਬੱਸ ਦੀ ਲਪੇਟ ਵਿਚ ਆ ਗਿਆ। ਦਵਿੰਦਰ ਸਿੰਘ ਨੇ ਕਿਹਾ ਕਿ ਡਰਾਈਵਰ ਬੱਸ ਰੋਕਣ ਦੀ ਬਜਾਏ ਭਜਾ ਕੇ ਲੈ ਗਿਆ। ਉਸ ਨੇ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।