ਤਰਨ ਤਾਰਨ, 01 ਅਗਸਤ 2025: fake encounter case: ਪੰਜਾਬ ਦੇ ਤਰਨਤਾਰਨ ‘ਚ 1993 ‘ਚ ਹੋਏ ਫਰਜ਼ੀ ਪੁਲਿਸ ਮੁਕਾਬਲੇ ਨਾਲ ਸਬੰਧਤ ਮਾਮਲੇ ‘ਚ ਸੀਬੀਆਈ ਅਦਾਲਤ ਨੇ ਤਤਕਾਲੀ ਐਸਐਸਪੀ ਅਤੇ ਡੀਐਸਪੀ ਸਮੇਤ 5 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਪੀੜਤ ਪਰਿਵਾਰਾਂ ਨੇ ਅਦਾਲਤ ਦੇ ਫੈਸਲੇ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਉਨ੍ਹਾਂ ਦੀ ਸਜ਼ਾ ਸੋਮਵਾਰ ਨੂੰ ਅਦਾਲਤ ‘ਚ ਸੁਣਾਈ ਜਾਵੇਗੀ।
ਅਦਾਲਤ ਵੱਲੋਂ ਦੋਸ਼ੀ ਠਹਿਰਾਏ ਅਧਿਕਾਰੀਆਂ ‘ਚ ਸੇਵਾਮੁਕਤ ਐਸਐਸਪੀ ਭੁਪਿੰਦਰਜੀਤ ਸਿੰਘ, ਸੇਵਾਮੁਕਤ ਇੰਸਪੈਕਟਰ ਸੂਬਾ ਸਿੰਘ, ਸੇਵਾਮੁਕਤ ਡੀਐਸਪੀ ਦਵਿੰਦਰ ਸਿੰਘ, ਸੇਵਾਮੁਕਤ ਇੰਸਪੈਕਟਰ ਰਘੂਬੀਰ ਸਿੰਘ ਅਤੇ ਗੁਲਬਰਗ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਆਈਪੀਸੀ ਦੀ ਧਾਰਾ 302 (ਕਤਲ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਤਹਿਤ ਸਜ਼ਾ ਸੁਣਾਈ ਜਾਵੇਗੀ। ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਇਹ ਮਾਮਲਾ 1993 ਦਾ ਹੈ, ਜਿਸ ‘ਚ 7 ਨੌਜਵਾਨਾਂ ਨੂੰ ਦੋ ਵੱਖ-ਵੱਖ ਪੁਲਿਸ ਮੁਕਾਬਲਿਆਂ ‘ਚ ਮ੍ਰਿਤਕ ਦਿਖਾਇਆ ਗਿਆ ਸੀ। ਦੋਸ਼ੀਆਂ ਨੇ ਉਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਲਿਆ ਅਤੇ ਕਈ ਦਿਨਾਂ ਤੱਕ ਗੈਰ-ਕਾਨੂੰਨੀ ਹਿਰਾਸਤ ‘ਚ ਰੱਖਿਆ ਅਤੇ ਉਨ੍ਹਾਂ ‘ਤੇ ਅਣਮਨੁੱਖੀ ਤਸ਼ੱਦਦ ਕੀਤਾ।
ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ‘ਚ ਲਿਜਾਇਆ ਗਿਆ ਅਤੇ ਪੈਸੇ ਵਸੂਲਣ ਲਈ ਮਜਬੂਰ ਕੀਤਾ ਗਿਆ ਅਤੇ ਥਾਣਿਆਂ ‘ਚ ਤਸੀਹੇ ਦਿੱਤੇ ਗਏ। ਇਸ ਤੋਂ ਬਾਅਦ ਤਰਨਤਾਰਨ ਦੇ ਥਾਣਾ ਵੈਰੋਵਾਲ ਅਤੇ ਥਾਣਾ ਸਹਰਾਲੀ ‘ਚ ਫਰਜ਼ੀ ਪੁਲਿਸ ਮੁਕਾਬਲਿਆਂ ਲਈ ਦੋ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ।
ਪੁਲਿਸ ਵੱਲੋਂ ਮਾਰੇ ਸੱਤ ਜਣਿਆਂ ‘ਚੋਂ ਚਾਰ ਪੰਜਾਬ ਸਰਕਾਰ ‘ਚ ਐਸਪੀਓ (ਵਿਸ਼ੇਸ਼ ਪੁਲਿਸ ਅਧਿਕਾਰੀ) ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਅੱ.ਤ.ਵਾ.ਦੀ ਕਹਿ ਕੇ ਫਰਜ਼ੀ ਮੁਕਾਬਲਿਆਂ ( fake encounter case) ‘ਚ ਮਾਰ ਦਿੱਤਾ ਗਿਆ। ਲਗਭਗ 33 ਸਾਲਾਂ ਬਾਅਦ ਅੱਜ ਇਸ ਮਾਮਲੇ ‘ਚ ਅਦਾਲਤ ਦਾ ਫੈਸਲਾ ਆਇਆ ਹੈ।
Read More: ਅੰਮ੍ਰਿਤਸਰ ‘ਚ ਪੁਲਿਸ ਮੁਕਾਬਲੇ ਦੌਰਾਨ ਤਿੰਨ ਲੁਟੇਰੇ ਕਾਬੂ, ਬਲੈਕਆਊਟ ਦੌਰਾਨ ਲੁੱਟੀ ਸੀ ਕਾਰ