Karachi

ਕਰਾਚੀ ਪੁਲਿਸ ਹੈੱਡਕੁਆਰਟਰ ਹਮਲੇ ‘ਚ 3 ਅੱਤਵਾਦੀਆਂ ਸਮੇਤ 5 ਜਣਿਆਂ ਦੀ ਮੌਤ, ਇਸਲਾਮਾਬਾਦ ‘ਚ ਹਾਈ ਅਲਰਟ ਜਾਰੀ

ਚੰਡੀਗੜ੍ਹ,18 ਚੰਡੀਗੜ੍ਹ 2023: ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ । ਬੀਤੀ ਰਾਤ ਕਰਾਚੀ (Karachi) ਪੁਲਿਸ ਹੈੱਡਕੁਆਰਟਰ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਸੁਰੱਖਿਆ ਸਥਿਤੀ ਨੇ ਇਸਦੀ ਤੁਰੰਤ ਜਵਾਬੀ ਸਮਰੱਥਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸਦੇ ਨਾਲ ਹੀ ਘਰੇਲੂ ਅਤੇ ਵਿਦੇਸ਼ੀ ਪਤਵੰਤਿਆਂ ਲਈ ਯਾਤਰਾ ਸਲਾਹ ਜਾਰੀ ਕਰਨ ਅਤੇ ਆਪਣੇ ਡਿਪਲੋਮੈਟਾਂ ਨੂੰ ਚਿਤਾਵਨੀ ਜਾਰੀ ਕਰਨ ਤੋਂ ਬਾਅਦ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਹਮਲੇ ਤੋਂ ਬਾਅਦ ਅਮਰੀਕਾ ਨੇ ਆਪਣੇ ਡਿਪਲੋਮੈਟਾਂ ਅਤੇ ਨਾਗਰਿਕਾਂ ਨੂੰ ਪ੍ਰਭਾਵਿਤ ਖੇਤਰ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਜ਼ਿਆਦਾ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਕਰਾਚੀ (Karachi) ਵਿੱਚ ਅਮਰੀਕੀ ਦੂਤਘਰ ਦੇ ਇੱਕ ਟਵੀਟ ਵਿੱਚ ਕਿਹਾ ਗਿਆ ਹੈ, “ਅਮਰੀਕੀ ਨਾਗਰਿਕ ਹੋਣ ਦੇ ਨਾਤੇ ਸਾਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ। ਪ੍ਰਭਾਵਿਤ ਖੇਤਰ ਤੋਂ ਬਚਣ ਅਤੇ ਦੋਸਤਾਂ ਅਤੇ ਪਰਿਵਾਰ ਨੂੰ ਆਪਣੀ ਸੁਰੱਖਿਆ ਬਾਰੇ ਸੂਚਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਹਮਲੇ ਤੋਂ ਬਾਅਦ ਇਸਲਾਮਾਬਾਦ ‘ਚ ਸੁਰੱਖਿਆ ਨੂੰ ਹਾਈ ਅਲਰਟ ‘ਤੇ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਰਾਜਧਾਨੀ ‘ਚ ਵਾਧੂ ਸੁਰੱਖਿਆ ਚੌਕੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇੱਥੇ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰੈੱਡ ਜ਼ੋਨ ਵਿੱਚ ਸਥਿਤ ਸਰਕਾਰੀ ਦਫ਼ਤਰਾਂ, ਜਿਨ੍ਹਾਂ ਵਿੱਚ ਡਿਪਲੋਮੈਟਿਕ ਐਨਕਲੇਵ, ਵਿਦੇਸ਼ੀ ਦੂਤਾਵਾਸਾਂ ਦੀ ਰਿਹਾਇਸ਼ ਸ਼ਾਮਲ ਹਨ, ਇਸਦੇ ਨਾਲ ਹੀ ਵਾਧੂ ਸੁਰੱਖਿਆ ਤਾਇਨਾਤ ਕੀਤੀ ਜਾ ਰਹੀ ਹੈ।

ਤਿੰਨ ਅੱਤਵਾਦੀਆਂ ਸਮੇਤ ਪੰਜ ਜਣਿਆਂ ਦੀ ਮੌਤ

ਜ਼ਿਕਰਯੋਗ ਹੈ ਕਿ ਕਰਾਚੀ ਪੁਲਿਸ ਹੈੱਡਕੁਆਰਟਰ ‘ਚ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਮੁਕਾਬਲੇ ‘ਚ 5 ਜਣੇ ਮਾਰੇ ਗਏ ਅਤੇ 11 ਜ਼ਖਮੀ ਹੋ ਗਏ। ਮਰਨ ਵਾਲਿਆਂ ‘ਚ ਤਿੰਨ ਅੱਤਵਾਦੀ ਵੀ ਸ਼ਾਮਲ ਹਨ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਦੱਸਿਆ ਜਾ ਰਿਹਾ ਹੈ ਕਿ ਸ਼ਾਮ ਕਰੀਬ ਸੱਤ ਵਜੇ ਅੱਠ ਤੋਂ ਦਸ ਅੱਤਵਾਦੀ ਸ਼ਹਿਰ ਦੇ ਮੱਧ ਵਿਚ ਸਥਿਤ ਪੁਲਿਸ ਹੈੱਡਕੁਆਰਟਰ ਵਿਚ ਦਾਖਲ ਹੋਏ ਸਨ। ਪੁਲਿਸ ਦੀ ਵਰਦੀ ਵਿੱਚ ਦੋ ਅੱਤਵਾਦੀ ਮੁੱਖ ਗੇਟ ਰਾਹੀਂ ਅੰਦਰ ਦਾਖਲ ਹੋਏ ਜਦਕਿ ਬਾਕੀ ਪਿੱਛੇ ਤੋਂ ਆਏ। ਜਿਵੇਂ ਹੀ ਉਹ ਪੰਜ ਮੰਜ਼ਿਲਾ ਹੈੱਡਕੁਆਰਟਰ ਦੀ ਇਮਾਰਤ ਵਿੱਚ ਦਾਖਲ ਹੋਏ, ਅੱਤਵਾਦੀਆਂ ਨੇ ਗ੍ਰਨੇਡ ਸੁੱਟੇ ਅਤੇ ਕਈ ਧਮਾਕੇ ਕੀਤੇ।

Scroll to Top