ਮਨਰੇਗਾ ਤਹਿਤ ਸਾਲ ਦੌਰਾਨ 5.65 ਲੱਖ ਦਿਨਾਂ ਦਾ ਰੁਜ਼ਗਾਰ ਮੁੱਹਈਆ ਕਰਵਾਇਆ: DC ਆਸ਼ਿਕਾ ਜੈਨ

MGNREGA

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਦਸੰਬਰ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (DC Aashika Jain)  ਨੇ ਬੁੱਧਵਾਰ ਨੂੰ ਪੇਂਡੂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ 129 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੇਂਡੂ ਨੌਜਵਾਨਾਂ ਲਈ ਖੇਡ ਮੈਦਾਨ ਉਪਲਬਧ ਕਰਵਾਉਣ ਦੇ ਤਰਜੀਹੀ ਏਜੰਡੇ ਨੂੰ ਨਿਰਧਾਰਤ ਸਮੇਂ ਅੰਦਰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਡੇਰਾਬੱਸੀ ਬਲਾਕ ਵਿੱਚ 36 ਅਤੇ ਖਰੜ ਵਿੱਚ 26 ਖੇਡ ਮੈਦਾਨ ਬਣਾਉਣ ਦਾ ਟੀਚਾ ਹੈ। ਇਸੇ ਤਰ੍ਹਾਂ ਮਾਜਰੀ ਬਲਾਕ ਵਿੱਚ 38 ਅਤੇ ਮੋਹਾਲੀ ਬਲਾਕ ਵਿੱਚ 29 ਖੇਡ ਮੈਦਾਨ ਬਣਾਏ ਜਾਣਗੇ। ਇਸ ਕਾਰਜ ਲਈ ਕੁੱਲ 386.94 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਹੁਣ ਤੱਕ 30 ਖੇਡ ਮੈਦਾਨਾਂ ਦੇ ਮੁਕੰਮਲ ਹੋਣ ਦੀ ਗੱਲ ਆਖਦਿਆਂ ਬੀ ਡੀ ਪੀ ਓਜ਼ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ (DC Aashika Jain) ਸਾਰੇ ਬਲਾਕਾਂ ਵਿੱਚ ਸਾਂਝਾ ਜਲ ਤਾਲਾਬ ਬਣਾਉਣ ਦਾ ਜਾਇਜ਼ਾ ਲੈਂਦਿਆਂ ਡੇਰਾਬੱਸੀ ਬਲਾਕ ਵੱਲੋਂ ਸਾਰੇ 21 ਮੁਕੰਮਲ ਕਰਕੇ ਵਿਖਾਈ ਗਈ ਪ੍ਰਗਤੀ ਦੀ ਸ਼ਲਾਘਾ ਕੀਤੀ ਜਦਕਿ ਬਾਕੀ ਬਲਾਕਾਂ ਨੂੰ ਜ਼ਿਲ੍ਹੇ ਦੇ ਕੁੱਲ 80 ਵਿੱਚੋਂ ਬਕਾਇਆ 20 ਨੂੰ ਮੁਕੰਮਲ ਕਰਨ ਦੀ ਹਦਾਇਤ ਕੀਤੀ।

ਆਸ਼ਿਕਾ ਜੈਨ ਅੱਗੇ ਕਿਹਾ ਕਿ ਮਨਰੇਗਾ ਤਹਿਤ ਚਾਲੂ ਮਾਲੀ ਸਾਲ ਲਈ 3522 ਲੱਖ ਰੁਪਏ ਖਰਚ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਵਿੱਚੋਂ 2588 ਲੱਖ ਰੁਪਏ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ ਜੋ ਕਿ ਨਿਰਧਾਰਿਤ ਟੀਚੇ ਦਾ 70 ਫੀਸਦੀ ਬਣਦਾ ਹੈ। ਇਸੇ ਤਰ੍ਹਾਂ 7.70 ਲੱਖ ਮਾਨਵੀ ਦਿਹਾੜਿਆਂ ਦੇ ਰੋਜ਼ਗਾਰ ਉਤਪਾਦਨ ਦੇ ਟੀਚੇ ਦੇ ਮੁਕਾਬਲੇ ਹੁਣ ਤੱਕ 565815 ਰੁਜ਼ਗਾਰ ਦਿਹਾੜਿਆਂ ਪੈਦਾ ਕੀਤੀਆਂ ਜਾ ਚੁੱਕੀਆਂ ਹਨ ਜੋ ਕਿ ਟੀਚੇ ਦਾ 80 ਫੀਸਦੀ ਬਣਦਾ ਹੈ।

ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹੇ ਦੇ ਸਾਰੇ 336 ਪਿੰਡਾਂ ਨੂੰ ਓਡੀਐਫ ਪਲੱਸ ਪਿੰਡ ਐਲਾਨਿਆ ਗਿਆ ਹੈ। ਹੁਣ ਅੱਗੇ 33 ਪਿੰਡਾਂ ਨੂੰ ਠੋਸ ਰਹਿੰਦ-ਖੂੰਹਦ ਪ੍ਰਬੰਧਨ ਲਈ ਚਿੰਨ੍ਹਿਤ ਕੀਤਾ ਗਿਆ ਹੈ ਜਦਕਿ 323 ਨੂੰ ਤਰਲ ਰਹਿੰਦ-ਖੂੰਹਦ ਪ੍ਰਬੰਧਨ ਲਈ।

ਇਸੇ ਤਰ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ 500 ਦੇ ਟੀਚੇ ਦੇ ਮੁਕਾਬਲੇ 385 ਲਾਭਪਾਤਰੀਆਂ ਨੇ ਤਿੰਨੋਂ ਕਿਸ਼ਤਾਂ ਦਾ ਲਾਭ ਲੈ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਖੇਤੀ ਜੰਗਲਾਤ ਲਈ ਕੁੱਲ 34.5 ਏਕੜ ਗ੍ਰਾਮ ਪੰਚਾਇਤ ਜ਼ਮੀਨ ਦੀ ਪਛਾਣ ਕੀਤੀ ਗਈ ਹੈ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਐਸ ਡੀ ਐਮਜ਼ ਹਿਮਾਂਸ਼ੂ ਮਹਾਜਨ, ਚੰਦਰਜੋਤੀ ਸਿੰਘ, ਗੁਰਮੰਦਰ ਸਿੰਘ, ਏ ਸੀ (ਯੂ ਟੀ) ਡੇਵੀ ਗੋਇਲ, ਡੀ ਡੀ ਪੀ ਓ ਅਮਰਿੰਦਰ ਪਾਲ ਸਿੰਘ ਚੌਹਾਨ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।