BT cotton hybrid seeds

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਸ਼ੂਆਂ ਦੀ ਦੇਖਭਾਲ ਲਈ 481 ਵੈਟਰਨਰੀ ਟੀਮਾਂ ਤਾਇਨਾਤ: ਗੁਰਮੀਤ ਸਿੰਘ ਖੁੱਡੀਆਂ 

ਚੰਡੀਗੜ੍ਹ 8 ਸਤੰਬਰ 2025: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ  ਗੁਰਮੀਤ ਸਿੰਘ ਖੁੱਡੀਆਂ (Gurmeet Singh Khudian) ਨੇ ਕਿਹਾ ਕਿ ਸੂਬੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ, ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੀਆਂ 481 ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂਆਂ ਦੀ ਦੇਖਭਾਲ ਅਤੇ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਕੰਮ ਕਰ ਰਹੀਆਂ ਹਨ। ਹਰੇਕ ਟੀਮ ਵਿੱਚ 4 ਮੈਂਬਰ ਹੁੰਦੇ ਹਨ, ਜਿਨ੍ਹਾਂ ਵਿੱਚ ਇੱਕ ਵੈਟਰਨਰੀ ਅਫ਼ਸਰ, ਵੈਟਰਨਰੀ ਇੰਸਪੈਕਟਰ/ਫਾਰਮਾਸਿਸਟ ਅਤੇ ਇੱਕ ਚੌਥਾ ਦਰਜਾ ਕਰਮਚਾਰੀ ਸ਼ਾਮਲ ਹੁੰਦਾ ਹੈ।

ਹੜ੍ਹਾਂ ਦੇ ਗੰਭੀਰ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ  ਖੁੱਡੀਆਂ ਨੇ ਕਿਹਾ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ, ਬਰਨਾਲਾ, ਬਠਿੰਡਾ, ਹੁਸ਼ਿਆਰਪੁਰ, ਤਰਨਤਾਰਨ, ਪਟਿਆਲਾ, ਜਲੰਧਰ, ਰੂਪਨਗਰ ਅਤੇ ਮੋਗਾ ਸਮੇਤ 14 ਜ਼ਿਲ੍ਹਿਆਂ ਵਿੱਚ 504 ਗਾਵਾਂ/ਮੱਝਾਂ, 73 ਭੇਡਾਂ-ਬੱਕਰੀਆਂ ਅਤੇ 160 ਸੂਰਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ, ਗੁਰਦਾਸਪੁਰ, ਰੂਪਨਗਰ ਅਤੇ ਫਾਜ਼ਿਲਕਾ ਵਿੱਚ ਪੋਲਟਰੀ ਸ਼ੈੱਡ ਢਹਿ ਜਾਣ ਕਾਰਨ 18,304 ਪੋਲਟਰੀ ਪੰਛੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਲਗਭਗ 2.52 ਲੱਖ ਪਸ਼ੂ ਅਤੇ 5,88,685 ਪੋਲਟਰੀ ਪੰਛੀ ਪ੍ਰਭਾਵਿਤ ਹੋਏ ਹਨ।

ਪਸ਼ੂ ਪਾਲਣ ਵਿਭਾਗ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਸੂਬੇ ਭਰ ਵਿੱਚ ਪ੍ਰਭਾਵਿਤ ਪਸ਼ੂਆਂ ਦੇ ਇਲਾਜ ਅਤੇ ਦਵਾਈਆਂ ਦੇ ਪ੍ਰਬੰਧ ਲਈ 481 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਹੁਣ ਤੱਕ 22,534 ਪਸ਼ੂਆਂ ਦਾ ਇਲਾਜ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਰਾਹਤ ਕਾਰਜਾਂ ਵਿੱਚ ਬਿਹਤਰ ਤਾਲਮੇਲ ਅਤੇ ਐਮਰਜੈਂਸੀ ਨਾਲ ਨਜਿੱਠਣ ਲਈ ਹੈੱਡਕੁਆਰਟਰ (ਸੰਪਰਕ ਨੰਬਰ 0172-5086064) ਅਤੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ 24Û7 ਸਰਗਰਮ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਉਨ੍ਹਾਂ ਜਨਤਾ ਨੂੰ ਰਾਹਤ ਕਾਰਜਾਂ ਵਿੱਚ ਸਹਿਯੋਗ ਕਰਨ ਅਤੇ ਸਮਰਪਿਤ ਕੰਟਰੋਲ ਰੂਮ ਵਿੱਚ ਜਾਨਵਰਾਂ ਨਾਲ ਸਬੰਧਤ ਸਮੱਸਿਆਵਾਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਦੱਸਿਆ ਕਿ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਸ਼ੂਆਂ ਦੀ ਮਦਦ ਲਈ 12,170 ਕੁਇੰਟਲ ਤੋਂ ਵੱਧ ਫੀਡ ਅਤੇ 5090.35 ਕੁਇੰਟਲ ਹਰਾ ਚਾਰਾ, ਸੁੱਕਾ ਚਾਰਾ ਅਤੇ ਸਾਈਲੇਜ ਸਮੇਤ ਰਾਹਤ ਸਮੱਗਰੀ ਵੰਡੀ ਹੈ। ਪਸ਼ੂਆਂ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਉਨ੍ਹਾਂ ਨੂੰ ਯੂਰੋਮਿਨ ਲਿਕਸ ਵੀ ਪ੍ਰਦਾਨ ਕੀਤੇ ਜਾ ਰਹੇ ਹਨ।

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ  ਰਾਹੁਲ ਭੰਡਾਰੀ ਨੇ ਦੱਸਿਆ ਕਿ ਵਿਭਾਗ ਨੇ ਹੜ੍ਹਾਂ ਤੋਂ ਪ੍ਰਭਾਵਿਤ ਜਾਨਵਰਾਂ ਦੇ ਇਲਾਜ ਲਈ ਪਹਿਲਾਂ ਹੀ ਕੁੱਲ 31.50 ਲੱਖ ਰੁਪਏ ਜਾਰੀ ਕਰ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕੰਟਰੋਲ ਰੂਮ ‘ਤੇ ਪ੍ਰਾਪਤ ਹੋਈਆਂ ਕਾਲਾਂ ‘ਤੇ ਤੁਰੰਤ ਕਾਰਵਾਈ ਕਰਨ, ਪ੍ਰਭਾਵਿਤ ਜਾਨਵਰਾਂ ਨੂੰ ਸਮੇਂ ਸਿਰ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਅਤੇ ਪ੍ਰਭਾਵਸ਼ਾਲੀ ਰਾਹਤ ਕਾਰਜਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਸੰਗਠਨਾਂ ਨਾਲ ਤਾਲਮੇਲ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ।

Read More: ਪੰਜਾਬ ਸਰਕਾਰ ਦੀ ਕੈਬਿਨਟ ਮੀਟਿੰਗ, CM ਮਾਨ ਹਸਪਤਾਲ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਣਗੇ ਸ਼ਾਮਲ

Scroll to Top