July 7, 2024 8:15 am
Amritsar Central Jail

ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚੋਂ ਤਲਾਸ਼ੀ ਦੌਰਾਨ 45 ਮੋਬਾਈਲ ਬਰਾਮਦ, 46 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ

ਚੰਡੀਗੜ੍ਹ, 19 ਫਰਵਰੀ 2024: ਅੰਮ੍ਰਿਤਸਰ ਕੇਂਦਰੀ ਜੇਲ੍ਹ (Amritsar Central Jail) ਵਿੱਚੋਂ ਤਲਾਸ਼ੀ ਦੌਰਾਨ 45 ਮੋਬਾਈਲ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਥਾਣਾ ਇਸਲਾਮਾਬਾਦ ਦੀ ਪੁਲਿਸ ਨੇ 46 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜੇਲ੍ਹ ਸੁਪਰਡੈਂਟ ਨਰੇਸ਼ ਪਾਲ ਦੀ ਸ਼ਿਕਾਇਤ ’ਤੇ ਕੇਂਦਰੀ ਜੇਲ੍ਹ ਵਿੱਚ ਬੰਦ 46 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਜਿਨ੍ਹਾਂ ਵਿੱਚੋਂ 36 ਹਵਾਲਾਤੀ (Amritsar Central Jail) ਅੰਮ੍ਰਿਤਸਰ ਦੇ ਵਸਨੀਕ ਹਨ। ਛੇ ਹਵਾਲਾਤੀ ਤਰਨ ਤਾਰਨ ਦੇ ਵਸਨੀਕ ਹਨ, ਜਦਕਿ ਦੋ ਮੋਗਾ, ਇੱਕ ਹਰਿਆਣਾ ਅਤੇ ਇੱਕ ਗੁਰਦਾਸਪੁਰ ਦੇ ਵਸਨੀਕ ਹਨ। ਇਨ੍ਹਾਂ ਕੋਲੋਂ 25 ਟੱਚ ਫੋਨ ਅਤੇ 20 ਕੀਪੈਡ ਫੋਨ ਬਰਾਮਦ ਹੋਏ ਹਨ | ਮੋਬਾਈਲ ਫੋਨਾਂ ਤੋਂ ਇਲਾਵਾ 31 ਸਿਮ ਕਾਰਡ, 200 ਬੰਡਲ ਬੀੜੀਆਂ, 16 ਪੈਕਟ ਤੰਬਾਕੂ, 10 ਪੈਕਟ ਕੁਲਿਪ , 1 ਚਾਰਜਿੰਗ ਅਡਾਪਟਰ, 4 ਹੀਟਰ ਸਪ੍ਰਿੰਗਜ਼ ਅਤੇ 1 ਨੋਕੀਆ ਚਾਰਜਰ ਬਰਾਮਦ ਕੀਤਾ ਗਿਆ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇਸਲਾਮਾਬਾਦ ਦੇ ਏ.ਐਸ.ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਗੱਲ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਕਿਵੇਂ ਪਹੁੰਚਦੇ ਹਨ, ਕਿਉਂਕਿ ਜਦੋਂ ਵੀ ਕਿਸੇ ਦੋਸ਼ੀ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਤਾਂ ਪੂਰੀ ਤਰ੍ਹਾਂ ਖਾਲੀ ਹੱਥ ਭੇਜਿਆ ਜਾਂਦਾ ਹੈ | ਇਸ ਮਾਮਲੇ ਨੂੰ ਲੈ ਕੇ ਲਗਾਤਾਰ ਬੈਠਕਾਂ ਚੱਲ ਰਹੀਆਂ ਹਨ ਅਤੇ ਛੇਤੀ ਹੀ ਇਸ ਦਾ ਹੱਲ ਲੱਭ ਲਿਆ ਜਾਵੇਗਾ।