ਚੰਡੀਗੜ੍ਹ, 27 ਫਰਵਰੀ 2024: ਅੱਜ ਜਲੰਧਰ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿਲ੍ਹੇ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ ਫਿਲੌਰ ਸਥਿਤ ਪੰਜਾਬ ਪੁਲਿਸ (Punjab Police) ਅਕੈਡਮੀ (ਪੀ.ਪੀ.ਏ.) ਵਿਖੇ ਪਹੁੰਚਣਗੇ ਅਤੇ ਫਿਰ ਨਕੋਦਰ ਵਿੱਚ ਇੱਕ ਪ੍ਰੋਗਰਾਮ ਦੌਰਾਨ 283 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ।
ਇਸਦੇ ਨਾਲ ਹੀ ਪੰਜਾਬ ਪੁਲਿਸ (Punjab Police) ਨੂੰ ਹੋਰ ਵੀ ਹਾਈਟੈੱਕ ਕਰਨ ਦੇ ਮਕਸਦ ਨਾਲ 410 ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਅੱਜ ਪੰਜਾਬ ਪੁਲਿਸ ਦੇ ਬੇੜੇ ‘ਚ ਸ਼ਾਮਲ ਕੀਤਾ ਜਾਵੇਗਾ | ਮੁੱਖ ਮੰਤਰੀ ਨੇ ਕਿਹਾ ਬੀਬੀਆਂ ਦੀ ਸੁਰੱਖਿਆ ਲਈ ਵੱਖਰੀਆਂ ਗੱਡੀਆਂ ਰੱਖੀਆਂ ਗਈਆਂ ਹਨ, ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਤਰਜ਼ੀਹ ਹੈ ਜਿਸ ਲਈ ਅਸੀਂ ਵਚਨਬੱਧ ਹਾਂ |
ਡੀਸੀ ਸਾਰੰਗਲ ਨੇ ਦੱਸਿਆ ਕਿ ਵਿਕਾਸ ਕਾਰਜਾਂ ਦੇ ਨਾਲ-ਨਾਲ ਮੁੱਖ ਮੰਤਰੀ ਨਕੋਦਰ ਵਿੱਚ ਜੱਚਾ-ਬੱਚਾ ਸਿਹਤ ਸੰਭਾਲ ਕੇਂਦਰ ਦਾ ਉਦਘਾਟਨ ਵੀ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰਾਜ ਪੱਧਰੀ ਪ੍ਰੋਗਰਾਮ ਵਿੱਚ ਲੋਕਾਂ ਨੂੰ ਆਸਾਨੀ ਨਾਲ ਦਾਖਲਾ ਮਿਲੇਗਾ। ਇਸ ਦੇ ਨਾਲ ਹੀ ਲੋਕਾਂ ਦੇ ਬੈਠਣ, ਸਫ਼ਾਈ, ਫਾਇਰ ਬ੍ਰਿਗੇਡ, ਮੈਡੀਕਲ ਟੀਮ ਸਮੇਤ ਹੋਰ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ ਹੈ। ਨਾਲ ਹੀ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਖੁਦ ਸੁਰੱਖਿਆ ਲਈ ਮੈਦਾਨ ਵਿੱਚ ਹਨ। ਜਾਂਚ ਤੋਂ ਬਾਅਦ ਆਮ ਲੋਕਾਂ ਨੂੰ ਐਂਟਰੀ ਦਿੱਤੀ ਜਾਵੇਗੀ।