Indian students

ਵਿਦੇਸ਼ਾਂ ‘ਚ 2018 ਤੋਂ ਹੁਣ ਤੱਕ 403 ਭਾਰਤੀ ਵਿਦਿਆਰਥੀਆਂ ਦੀ ਮੌਤ, ਕੈਨੇਡਾ ‘ਚ ਸਭ ਤੋਂ ਵੱਧ

ਚੰਡੀਗੜ੍ਹ, 03 ਫਰਵਰੀ 2024: ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ (Indian students) ਦੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਮਰੀਕਾ ਵਿੱਚ ਇੱਕ ਹਫ਼ਤੇ ਵਿੱਚ 3 ਭਾਰਤੀ ਵਿਦਿਆਰਥੀਆਂ ਦੀ ਮੌਤ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਇੱਕ ਮਹੀਨੇ ਵਿੱਚ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੇ ਅੰਕੜੇ ਸੰਸਦ ਵਿੱਚ ਪੇਸ਼ ਕੀਤੇ।

ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਾਦਸਿਆਂ ਅਤੇ ਮੈਡੀਕਲ ਕਾਰਨਾਂ ਸਮੇਤ ਵੱਖ-ਵੱਖ ਕਾਰਨਾਂ ਕਰਕੇ 2018 ਤੋਂ ਹੁਣ ਤੱਕ ਵਿਦੇਸ਼ਾਂ ਵਿੱਚ 403 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਸਦਨ ਦੇ ਸਾਹਮਣੇ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤੀ ਵਿਦਿਆਰਥੀਆਂ ਦੀ ਮੌਤ ਦੇ ਸਭ ਤੋਂ ਵੱਧ 91 ਮਾਮਲੇ ਕੈਨੇਡਾ ਦੇ ਸਨ। ਜੈਸ਼ੰਕਰ ਨੇ ਕਿਹਾ ਕਿ ਇਸ ਤੋਂ ਬਾਅਦ ਬ੍ਰਿਟੇਨ ‘ਚ 48 ਮਾਮਲੇ ਸਾਹਮਣੇ ਆਏ।

ਐੱਸ ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ (Indian students)  ਦੀ ਭਲਾਈ ਭਾਰਤ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ, “ਮੰਤਰਾਲਾ ਕੋਲ ਉਪਲਬਧ ਜਾਣਕਾਰੀ ਅਨੁਸਾਰ 2018 ਤੋਂ ਲੈ ਕੇ ਹੁਣ ਤੱਕ ਕੁਦਰਤੀ ਕਾਰਨਾਂ, ਹਾਦਸਿਆਂ ਅਤੇ ਡਾਕਟਰੀ ਕਾਰਨਾਂ ਸਮੇਤ ਵੱਖ-ਵੱਖ ਕਾਰਨਾਂ ਕਰਕੇ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਮੌਤ ਦੀਆਂ 403 ਘਟਨਾਵਾਂ ਸਾਹਮਣੇ ਆਈਆਂ ਹਨ।” ਉਨ੍ਹਾਂ ਨੇ 2018 ਦੇ ਬਾਅਦ ਤੋਂ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੇ ਦੇਸ਼-ਵਾਰ ਵੇਰਵੇ ਵੀ ਪ੍ਰਦਾਨ ਕੀਤੇ।

ਅੰਕੜਿਆਂ ਮੁਤਾਬਕ ਕੈਨੇਡਾ ਵਿੱਚ 91, ਬ੍ਰਿਟੇਨ ਵਿੱਚ 48, ਰੂਸ ਵਿੱਚ 40, ਅਮਰੀਕਾ ਵਿੱਚ 36, ਆਸਟਰੇਲੀਆ ਵਿੱਚ 35, ਯੂਕ੍ਰੇਨ ਵਿੱਚ 21 ਅਤੇ ਜਰਮਨੀ ਵਿੱਚ 20 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਅੰਕੜਿਆਂ ਅਨੁਸਾਰ ਸਾਈਪ੍ਰਸ ਵਿੱਚ 14 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਉਥੇ ਹੀ ਫਿਲੀਪੀਨਜ਼ ਅਤੇ ਇਟਲੀ ਵਿੱਚ 10-10 ਅਤੇ ਕਤਰ, ਚੀਨ ਅਤੇ ਕਿਰਗਿਸਤਾਨ ਵਿੱਚ 9-9 ਵਿਦਿਆਰਥੀ ਮਾਰੇ ਗਏ ਹਨ।

 

Scroll to Top