June 30, 2024 11:48 pm
Poonch

ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀ ਹਮਲੇ ‘ਚ ਪੰਜਾਬ ਦੇ ਰਹਿਣ ਵਾਲੇ 4 ਜਵਾਨ ਸ਼ਹੀਦ

ਚੰਡੀਗੜ੍ਹ, 21 ਅਪ੍ਰੈਲ 2023: ਜੰਮੂ-ਕਸ਼ਮੀਰ ਦੇ ਪੁੰਛ (Poonch) ਜ਼ਿਲ੍ਹੇ ‘ਚ ਬੀਤੇ ਦਿਨ ਨੂੰ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ 5 ਜਵਾਨਾਂ ‘ਚੋਂ ਚਾਰ ਪੰਜਾਬ ਦੇ ਰਹਿਣ ਵਾਲੇ ਹਨ। ਇਹ ਜਵਾਨ ਗੁਰਦਾਸਪੁਰ, ਮੋਗਾ, ਲੁਧਿਆਣਾ ਅਤੇ ਬਠਿੰਡਾ ਦੇ ਵਸਨੀਕ ਹਨ। ਜਵਾਨਾਂ ਦੀ ਸ਼ਹਾਦਤ ਦਾ ਪਤਾ ਲੱਗਦਿਆਂ ਹੀ ਘਰਾਂ ਵਿਚ ਮਾਤਮ ਛਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਛੇਤੀ ਹੀ ਉਨ੍ਹਾਂ ਦੇ ਜੱਦੀ ਘਰ ਪਹੁੰਚ ਜਾਵੇਗੀ। ਜਿੱਥੇ ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਫੌਜ ਦੇ ਟਰੱਕ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਗ੍ਰਨੇਡ ਸੁੱਟਿਆ ਸੀ। ਜਿਸ ਕਾਰਨ ਟਰੱਕ ਨੂੰ ਅੱਗ ਲੱਗ ਗਈ। ਇਸ ਵਿੱਚ 5 ਜਵਾਨ ਝੁਲਸ ਕੇ ਸ਼ਹੀਦ ਹੋ ਗਏ ਸਨ। ਸ਼ਹੀਦ ਹੋਏ ਜਵਾਨਾਂ ਵਿੱਚ ਕਾਂਸਟੇਬਲ ਹਰਕ੍ਰਿਸ਼ਨ ਸਿੰਘ ਪਿੰਡ ਤਲਵੰਡੀ ਭਰਥ, ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ, ਕਾਂਸਟੇਬਲ ਮਨਦੀਪ ਸਿੰਘ ਪਿੰਡ ਚਨਕੋਈਆਂ ਕੈਕਣ, ਲੁਧਿਆਣਾ ਦੀ ਤਹਿਸੀਲ ਪਾਇਲ, ਲਾਂਸ ਨਾਇਕ ਕੁਲਵੰਤ ਸਿੰਘ ਪਿੰਡ ਚੜਿੱਕ, ਮੋਗਾ ਅਤੇ ਕਾਂਸਟੇਬਲ ਸੇਵਕ ਸਿੰਘ ਪਿੰਡ ਬਾਘਾ, ਬਠਿੰਡਾ ਸ਼ਾਮਲ ਹਨ।

ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਵਿੱਚ ਬਟਾਲਾ ਦੇ ਨੇੜਲੇ ਪਿੰਡ ਤਲਵੰਡੀ ਭਾਰਥਵਾਲ ਦਾ ਸ਼ਹੀਦ ਹਰਕਿਸ਼ਨ ਸਿੰਘ (27) ਪੁੱਤਰ ਮੰਗਲ ਸਿੰਘ ਵਾਸੀ ਤਲਵੰਡੀ ਭਰਥਵਾਲ ਬਟਾਲਾ 49 ਰਾਸ਼ਟਰੀ ਰਾਇਫਲਸ ਸੇਵਾ ਨਿਭਾ ਰਿਹਾ ਸੀ। ਸ਼ਹੀਦ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਸ਼ਹੀਦ ਹਰਕਿਸ਼ਨ ਸਿੰਘ 2017 ਚ ਫੌਜ ਭਰਤੀ ਹੋਇਆ ਸੀ। ਸ਼ਹੀਦ ਆਪਣੇ ਪਿੱਛੇ ਪਤਨੀ ਤੇ ਇੱਕ 3 ਸਾਲ ਦੀ ਬੇਟੀ ਛੱਡ ਗਿਆ ਹੈ। ਸ਼ਹੀਦ ਹਰਕਿਸ਼ਨ ਸਿੰਘ ਦੀ ਪਤਨੀ ਦਲਜੀਤ ਕੌਰ ਨੇ ਦਸਿਆ ਕਿ ਵੀਰਵਾਰ ਨੂੰ ਉਨ੍ਹਾਂ ਦੀ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ ਸੀ ਅਤੇ ਉਸ ਦੇ ਪਤੀ ਨੇ ਆਪਣੀ ਬੇਟੀ ਖੁਸ਼ਪ੍ਰੀਤ ਕੌਰ ਨਾਲ ਵੀਡੀਓ ਕਾਲ ਰਾਹੀਂ ਲੰਮੀ ਗੱਲ ਕੀਤੀ ਸੀ। ਜ਼ਿਕਰਯੋਗ ਹੈ ਕਿ ਸ਼ਹੀਦ ਹਰਿਕਿਸ਼ਨ ਫਰਵਰੀ ਮਹੀਨੇ ਚ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ਤੇ ਗਿਆ ਸੀ।

ਦੂਜੇ ਪਾਸੇ, ਪੰਜਵਾਂ ਜਵਾਨ ਦੇਬਾਸ਼ੀਸ਼ ਬਾਸਵਾਲ ਪਿੰਡ ਅਲਗਾਮ ਸਮਿਲ ਖੰਡਯਾਤ, ਤਹਿਸੀਲ ਸਤਿਆਬਾਦੀ, ਜ਼ਿਲ੍ਹਾ ਪੁਰੀ, ਉੜੀਸਾ ਦਾ ਰਹਿਣ ਵਾਲਾ ਹੈ। ਸਾਰੇ ਜਵਾਨ ਰਾਸ਼ਟਰੀ ਰਾਈਫਲ ਯੂਨਿਟ ਦੇ ਸਨ। ਉਨ੍ਹਾਂ ਨੂੰ ਇਲਾਕੇ ‘ਚ ਅੱਤਵਾਦ ਵਿਰੋਧੀ ਮੁਹਿੰਮਾਂ ‘ਚ ਤਾਇਨਾਤ ਕੀਤਾ ਗਿਆ ਸੀ। ਵੀਰਵਾਰ ਨੂੰ ਅੱਤਵਾਦੀਆਂ ਨੇ ਪੁੰਛ (Poonch) ਜ਼ਿਲ੍ਹੇ ‘ਚ ਘਾਤ ਲਗਾ ਕੇ ਪਹਿਲਾਂ ਫੌਜ ਦੇ ਟਰੱਕ ‘ਤੇ ਗੋਲੀਬਾਰੀ ਕੀਤੀ ਅਤੇ ਫਿਰ ਗ੍ਰੇਨੇਡ ਸੁੱਟਿਆ, ਜਿਸ ਨਾਲ ਟਰੱਕ ਨੂੰ ਅੱਗ ਲੱਗ ਗਈ। ਹਮਲੇ ‘ਚ ਜ਼ਖਮੀ ਇਕ ਜਵਾਨ ਰਾਜੌਰੀ ਦੇ ਆਰਮੀ ਹਸਪਤਾਲ ‘ਚ ਭਰਤੀ ਹੈ।