ਪੰਜਾਬ, 26 ਜੁਲਾਈ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 23 ਜੁਲਾਈ ਨੂੰ ਸਰਹਿੰਦ ਨਹਿਰ ‘ਚ ਇੱਕ ਕਾਰ ਡਿੱਗਣ ਨਾਲ ਵਾਪਰੇ ਹਾਦਸੇ ‘ਚ 11 ਜਣਿਆਂ ਦੀਆਂ ਜਾਨਾਂ ਬਚਾਉਣ ਵਾਲੇ 4 ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਪੀਸੀਆਰ ਟੀਮ ਦੇ ਚਾਰ ਮੈਂਬਰਾਂ ਏਐਸਆਈ ਰਜਿੰਦਰ ਸਿੰਘ, ਏਐਸਆਈ ਨਰਿੰਦਰ ਸਿੰਘ, ਕਾਂਸਟੇਬਲ ਜਸਵੰਤ ਸਿੰਘ ਅਤੇ ਕਾਂਸਟੇਬਲ ਹਰਪਾਲ ਕੌਰ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਸ਼ਾਨਦਾਰ ਸੇਵਾ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਵੇਂ ਹੀ ਪੁਲਿਸ ਟੀਮ ਨੂੰ ਘਟਨਾ ਬਾਰੇ ਪਤਾ ਲੱਗਾ, ਉਹ ਹਰਕਤ ‘ਚ ਆ ਗਏ ਅਤੇ ਪੰਜ ਬੱਚਿਆਂ ਸਮੇਤ ਸਾਰੇ 11 ਜਣਿਆਂ ਨੂੰ ਸੁਰੱਖਿਅਤ ਬਚਾ ਲਿਆ – ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ।
ਮੁੱਖ ਮੰਤਰੀ ਨੇ ਪੀਸੀਆਰ ਟੀਮ ਦੇ ਹੋਰ ਮੈਂਬਰਾਂ ਅਤੇ ਪੀੜਤਾਂ ਨੂੰ ਬਚਾਉਣ ‘ਚ ਮੱਦਦ ਲਈ ਅੱਗੇ ਆਏ ਨਾਗਰਿਕਾਂ ਦੀ ਵੀ ਪ੍ਰਸ਼ੰਸਾ ਕੀਤੀ। ਮੁੱਖ ਮੰਤਰੀ ਨੇ ਬਠਿੰਡਾ ਦੇ ਐਸਐਸਪੀ ਅਵਨੀਤ ਕੌਂਡਲ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਮਨੁੱਖਤਾ ਦੀ ਮਿਸਾਲ ਕਾਇਮ ਕਰਨ ਲਈ ਵਧਾਈ ਵੀ ਦਿੱਤੀ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਆਜ਼ਾਦੀ ਦਿਵਸ ਦੇ ਰਾਜ ਪੱਧਰੀ ਸਮਾਗਮਾਂ ਦੌਰਾਨ ‘ਮੁੱਖ ਮੰਤਰੀ ਰਕਸ਼ਕ ਮੈਡਲ’ ਨਾਲ ਸਨਮਾਨਿਤ ਕੀਤਾ ਜਾਵੇਗਾ। ਭਗਵੰਤ ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਹੋਰ ਪੁਲਿਸ ਮੁਲਾਜ਼ਮ ਵੀ ਇਸ ਦਲੇਰੀ ਅਤੇ ਮਿਸਾਲੀ ਕਾਰਜ ਤੋਂ ਪ੍ਰੇਰਨਾ ਲੈਣਗੇ ਅਤੇ ਉਸੇ ਭਾਵਨਾ ਅਤੇ ਸਮਰਪਣ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
Read More: CM ਮਾਨ ਨੇ ਸੈਮੀਕੰਡਕਟਰ ਉਦਯੋਗ ਦੇ ਪ੍ਰਮੁੱਖ ਪ੍ਰਤੀਨਿਧੀਆਂ ਨਾਲ ਕੀਤੀ ਮੀਟਿੰਗ