ਮੁੱਖ ਮੰਤਰੀ ਸਿਹਤ ਯੋਜਨਾ

ਮੁੱਖ ਮੰਤਰੀ ਸਿਹਤ ਯੋਜਨਾ’ ਹੇਠ 4 ਮਹੀਨੇ ਦੀ ਦਿਲਜੋਤ ਦਾ ₹2.77 ਲੱਖ ਦਾ ਇਲਾਜ ਕਵਰ: ਡਾ ਬਲਬੀਰ ਸਿੰਘ

ਚੰਡੀਗੜ੍ਹ, 08 ਅਪ੍ਰੈਲ 2026: ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਪੈਸਿਆਂ ਦੀ ਕਮੀ ਕਾਰਨ ਇਲਾਜ ਕਰਵਾਉਣ ਲਈ ਚਿੰਤਾ ਕਰਨ ਦੀ ਲੋੜ ਨਹੀਂ, ਪੰਜਾਬ ਸਰਕਾਰ ਉਨ੍ਹਾਂ ਦਾ ਖਰਚਾ ਚੁੱਕੇਗੀ | ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਅਬੋਹਰ ‘ਚ ਰਸ਼ਪ੍ਰੀਤ ਕੌਰ ਅਤੇ ਭਾਰਤ ਕੁਮਾਰ ਦੇ ਘਰ ਜੰਮੀ ਚਾਰ ਮਹੀਨੇ ਦੀ ਦਿਲਜੋਤ ਵਰਗੇ ਪਰਿਵਾਰਾਂ ਨੂੰ ਰਾਹਤ ਮਿਲੀ |

ਦਿਲਜੋਤ ਨੂੰ ਗੰਭੀਰ ਸੰਕਰਮਣ ਅਤੇ ਵੈਂਟ੍ਰਿਕਿਊਲਰ ਸੈਪਟਲ ਡਿਫੈਕਟ (ਦਿਲ ‘ਚ ਛੇਦ) ਦੀ ਬੀਮਾਰੀ ਪਾਈ ਗਈ, ਜੋ ਜਨਮ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦੀ ਹੈ। ਉਸਦੇ ਮਾਪੇ ਉਸਨੂੰ ਇਲਾਜ ਲਈ ਬਠਿੰਡਾ ਲੈ ਗਏ | ਪਰਿਵਾਰ ਦਾ ਇੱਕੋ ਉਦੇਸ਼ ਉਸਦੀ ਜ਼ਿੰਦਗੀ ਬਚਾਉਣਾ ਸੀ। ਇਸਦਾ ਇਲਾਜ ਦਾ ਖਰਚਾ ਬਹੁਤ ਜ਼ਿਆਦਾ ਸੀ, ਪਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਮੱਦਦ ਮਿਲੀ |

ਸਕੀਮ ਤਹਿਤ ਦਿਲਜੋਤ ਨੂੰ 24 ਘੰਟੇ ਨਿਗਰਾਨੀ ਅਤੇ ਵਿਸ਼ੇਸ਼ ਚਿਕਿਤਸਕ ਦੇਖਭਾਲ ਮਿਲੀ | ਉਸਦੇ ਪਰਿਵਾਰ ਨੂੰ ਇੱਕ ਦਿਨ ਵੀ ਪੈਸਿਆਂ ਦੀ ਚਿੰਤਾ ਨਹੀਂ ਕਰਨੀ ਪਈ। ਸਰਕਾਰ ਮੁਤਾਬਕ ਭਾਰਤ ਕੁਮਾਰ, ਜੋ ਅਬੋਹਰ ‘ਚ ਇੱਕ ਛੋਟੀ ਸਲੂਨ ਚਲਾਉਂਦੇ ਹਨ, ਉਨ੍ਹਾਂ ਨੇ ਕਿਹਾ,”ਡਾਕਟਰਾਂ ਨੇ ਦੱਸਿਆ ਕਿ ਮੇਰੀ ਧੀ ਦੇ ਦਿਲ ‘ਚ ਛੇਦ ਹੈ। ਉਸਦਾ ਇਲਾਜ ਦੋ ਵੱਖ-ਵੱਖ ਹਸਪਤਾਲਾਂ ‘ਚ ਹੋਇਆ ਅਤੇ ਸਿਹਤ ਕਾਰਡ ਹੇਠ ₹2.77 ਲੱਖ ਦਾ ਸਾਰਾ ਖਰਚਾ ਕਵਰ ਹੋ ਗਿਆ।”

ਪੰਜਾਬ ਸਰਕਾਰ ਮੁਤਾਬਕ ਇਸ ਯੋਜਨਾ ਹੇਠ ਹਰ ਮਾਂ ਅਤੇ ਨਵਜਾਤ ਬੱਚੇ ਨੂੰ ਸਾਲਾਨਾ ₹10 ਲੱਖ ਤੱਕ ਦਾ ਨਕਦੀ ਰਹਿਤ ਇਲਾਜ ਮਿਲ ਸਕਦਾ ਹੈ,ਚਾਹੇ ਸਰਕਾਰੀ ਹਸਪਤਾਲ ਹੋਵੇ ਜਾਂ ਸੂਚੀਬੱਧ ਨਿੱਜੀ ਹਸਪਤਾਲ ਹੋਣ | ਇਸਦੇ ਨਾਲ ਹੀ ਇਹ ਸਹੂਲਤ ਬੱਚੇ ਦੇ ਜਨਮ ਦੇ ਪਹਿਲੇ ਘੰਟਿਆਂ ਤੋਂ ਹੀ ਉਪਲਬੱਧ ਹੁੰਦੀ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਨੇ ਕਿਹਾ,”ਅਸੀਂ ਪਿੰਡਾਂ ‘ਚ ਪ੍ਰੋਗਰਾਮ ਚਲਾ ਰਹੇ ਹਾਂ ਤਾਂ ਜੋ ਪਰਿਵਾਰ ਸਮੇਂ ‘ਤੇ ਜਾਂਚ ਕਰਵਾਉਣ ਅਤੇ ਇਲਾਜ ‘ਚ ਦੇਰੀ ਨਾ ਕਰਨ।” ਪਿਛਲੇ ਤਿੰਨ ਮਹੀਨਿਆਂ ‘ਚ ਹੀ 6,000 ਤੋਂ ਵੱਧ ਨਵਜਾਤ ਮਾਮਲਿਆਂ ਦਾ ਇਲਾਜ ਇਸ ਯੋਜਨਾ ਹੇਠ ਕੀਤਾ ਹੈ |

ਇਹ ਯੋਜਨਾ ਜਨਮ ਦੇ ਸਮੇਂ ਘੱਟ ਵਜ਼ਨ, ਸਮੇਂ ਤੋਂ ਪਹਿਲਾਂ ਜਨਮ, ਸੰਕਰਮਣ ਅਤੇ ਹੋਰ ਨਵਜਾਤ ਜਟਿਲਤਾਵਾਂ ਦੇ ਇਲਾਜ ‘ਚ ਮੱਦਦ ਕਰਦੀ ਹੈ ਅਤੇ ਮਾਂ ਦੀ ਸਿਹਤ ਸੰਭਾਲ ਅਤੇ ਜਣੇਪੇ ਤੋਂ ਬਾਅਦ ਦੀਆਂ ਸਿਹਤ ਸੇਵਾਵਾਂ ਨੂੰ ਵੀ ਮਜ਼ਬੂਤ ਬਣਾਉਂਦੀ ਹੈ।

ਉਨ੍ਹਾਂ ਕਿਹਾ ਕਿ ਦਿਲਜੋਤ ਦਾ ਮਾਮਲਾ ਇਕੱਲਾ ਨਹੀਂ ਹੈ,ਸਾਰੇ ਪੰਜਾਬ ‘ਚ ਹੁਣ ਪਰਿਵਾਰ ਨਵਜਾਤ ਬੱਚਿਆਂ ਨੂੰ ਸ਼ੁਰੂਆਤੀ ਦਿਨਾਂ ‘ਚ ਹੀ ਇਲਾਜ ਲਈ ਹਸਪਤਾਲ ਲੈ ਕੇ ਆ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਲਾਜ ਦਾ ਖਰਚਾ ਉਨ੍ਹਾਂ ਨੂੰ ਨਹੀਂ ਝੱਲਣਾ ਪਵੇਗਾ।

ਬਠਿੰਡਾ ਦੇ ਅੱਗਰਵਾਲ ਹਸਪਤਾਲ ‘ਚ ਇੱਕ ਨਵਜਾਤ, ਜਿਸ ਨੂੰ ਗੰਭੀਰ ਪੀਲੀਆ ਅਤੇ ਸਾਂਹ ਲੈਣ ‘ਚ ਦਿੱਕਤ ਸੀ, ਦਾ ਲਗਭਗ ₹1 ਲੱਖ ਦਾ ਇਲਾਜ ਪੂਰੀ ਤਰ੍ਹਾਂ ਇਸ ਯੋਜਨਾ ਹੇਠ ਕਵਰ ਕੀਤਾ ਗਿਆ।
ਪਟਿਆਲਾ ਦੇ ਗਢਾਇਆ ਪਿੰਡ ਦੇ ਮਨਕੀਰਤ ਸਿੰਘ ਨੂੰ ਜਨਮ ਤੋਂ ਕੁਝ ਦਿਨਾਂ ਬਾਅਦ ਪੀਲੀਆ ਅਤੇ ਸਾਂਹ ਦੀ ਸਮੱਸਿਆ ਲਈ ਇਲਾਜ ਦੀ ਲੋੜ ਪਈ। ਉਸਦੇ ਪਿਤਾ ਬਲਵਿੰਦਰ ਸਿੰਘ ਨੇ ਕਿਹਾ,”ਮੇਰੇ ਪੁੱਤਰ ਦਾ ਜਨਮ 25 ਮਾਰਚ ਨੂੰ ਹੋਇਆ ਸੀ ਅਤੇ ਉਸਨੂੰ ਕੁਝ ਸਮੱਸਿਆਵਾਂ ਸਨ। ਅਸੀਂ ਉਸਦੀ ਸਿਹਤ ਲਈ ਚਿੰਤਿਤ ਸੀ, ਪਰ ਇਸ ਤੋਂ ਵੱਧ ਚਿੰਤਾ ਸਾਨੂੰ ਖਰਚੇ ਦੀ ਸੀ। ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਜਨਾ ਦਾ ਧੰਨਵਾਦ ਕਰਦੇ ਹਾਂ, ਕਿ ਸਾਰਾ ਖਰਚਾ ਕਵਰ ਹੋ ਗਿਆ।”

ਫ਼ਰੀਦਕੋਟ ਦੇ ਕੋਟਕਪੂਰਾ ਦੀ ਬਿਮਲਾ ਰਾਣੀ ਨੇ ਹਾਲ ਹੀ ‘ਚ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸਨੂੰ ਨਵਜਾਤ ਦੇਖਭਾਲ ਦੀ ਲੋੜ ਸੀ। ਪਰਿਵਾਰ ਦੇ ਇੱਕ ਮੈਂਬਰ ਮੁਤਾਬਕ, ਉਸਦਾ 18 ਦਿਨਾਂ ਦਾ ਬੱਚਾ ਹੁਣ ਸੁਰੱਖਿਅਤ ਤਰੀਕੇ ਨਾਲ ਇਸ ਯੋਜਨਾ ਹੇਠ ਇਲਾਜ ਲੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ, ਪੰਜਾਬ ਭਰ ‘ਚ ਹੋਰ ਪਰਿਵਾਰ ਮਾਂਵਾਂ ਅਤੇ ਨਵਜਾਤਾਂ ਨੂੰ ਪਹਿਲੇ 72 ਘੰਟਿਆਂ ‘ਚ ਹੀ ਹਸਪਤਾਲ ਲੈ ਕੇ ਆ ਰਹੇ ਹਨ, ਜਿਸ ਨਾਲ ਸਿਹਤ ਨਤੀਜੇ ਬਿਹਤਰ ਹੋ ਰਹੇ ਹਨ ਅਤੇ ਦੇਰੀ ਨਾਲ ਵਧਣ ਵਾਲੀਆਂ ਜਟਿਲਤਾਵਾਂ ਘੱਟ ਰਹੀਆਂ ਹਨ।

ਪੰਜਾਬ ਸਰਕਾਰ ਲੋਕਾਂ ਨੂੰ ਲਗਾਤਾਰ ਪ੍ਰੇਰਿਤ ਕਰ ਰਹੀ ਹੈ ਕਿ ਉਹ ਨਿਰਧਾਰਤ ਕੇਂਦਰਾਂ ਅਤੇ ਜ਼ਮੀਨੀ ਪੱਧਰ ਦੇ ਕੈਂਪਾਂ ਰਾਹੀਂ ਸਿਹਤ ਕਾਰਡ ਲਈ ਰਜਿਸਟਰ ਕਰਵਾਉਣ, ਤਾਂ ਜੋ ਮੁੱਖ ਮੰਤਰੀ ਸਿਹਤ ਯੋਜਨਾ ਦੇ ਕੈਸ਼ਲੈੱਸ ਇਲਾਜ ਦੇ ਲਾਭ ਲਏ ਜਾ ਸਕਣ।

Read More: ਅੰਮ੍ਰਿਤਸਰ ਪੁਲਿਸ ਨੇ ਨਾਬਾਲਗ ਸਮੇਤ 4 ਵਿਅਕਤੀਆਂ ਨੂੰ ਪਿਸਤੌਲਾਂ ਸਣੇ ਕੀਤਾ ਗ੍ਰਿਫ਼ਤਾਰ

ਵਿਦੇਸ਼

Scroll to Top