ਚੰਡੀਗੜ੍ਹ 01 ਅਪ੍ਰੈਲ 2022: ਪੰਜਾਬ ਸਰਕਾਰ ਵੱਲੋਂ ਸੜਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ, ਜੋ ਕਿ ਸਰਕਾਰੀ ਟੈਕਸ ਦੀ ਚੋਰੀ ਦੇ ਨਾਲ-ਨਾਲ ਲੋਕਾਂ ਦੀ ਜਾਨ-ਮਾਲ ਨੂੰ ਖਤਰਾ ਬਣਾਉਂਦੇ ਹਨ ਉਨ੍ਹਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੇ ਚੱਲਦੇ ਸਕੱਤਰ ਆਰ.ਟੀ.ਏ. ਅਰਸ਼ਦੀਪ ਸਿੰਘ ਲੁਬਾਣਾ ਨੇ ਵੱਖ-ਵੱਖ ਥਾਵਾਂ ‘ਤੇ ਜਾਂਚ ਕੀਤੀ। ਜਾਂਚ ਦੌਰਾਨ ਇਕ ਸਕੂਲ ਬੱਸ ਸਮੇਤ 4 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ, ਜਦਕਿ 2 ਬੱਸਾਂ ਦੇ ਚਲਾਨ ਕੱਟੇ ਗਏ ਹਨ।
ਇਸ ਦੌਰਾਨ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਤਰਫੋਂ ਬੀਤੇ ਦਿਨ ਹੋਈ ਮੀਟਿੰਗ ‘ਚ ਇਸ ਸਬੰਧੀ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਦਾਇਤਾਂ ਤਹਿਤ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਵਾਹਨਾਂ ਦੀ ਲਗਾਤਾਰ ਚੈਕਿੰਗ ਜਾਰੀ ਰੱਖਣਗੀਆਂ। ਉਨ੍ਹਾਂ ਟਰਾਂਸਪੋਰਟ ਮਾਲਕਾਂ ਨੂੰ ਸਪੱਸ਼ਟ ਕੀਤਾ ਕਿ ਉਹ ਆਪਣੇ ਵਾਹਨਾਂ ਦੇ ਸਾਰੇ ਦਸਤਾਵੇਜ਼ ਮੁਕੰਮਲ ਰੱਖਣ ਦੇ ਨਾਲ-ਨਾਲ ਸਵਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਵਾਹਨ ਚਾਲਕਾਂ ਨੂੰ ਵੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।