July 2, 2024 8:00 pm
ਸਿਖਲਾਈ

ਆਰ-ਸੈਟੀ ਵੱਲੋਂ ਬਿਊਟੀ ਪਾਰਲਰ ਪ੍ਰਬੰਧਨ ‘ਚ 35 ਦਿਨਾਂ ਦੀ ਸਿਖਲਾਈ ਮੁਕੰਮਲ, ADC ਗੀਤਿਕਾ ਸਿੰਘ ਨੇ ਸੌਂਪੇ ਸਿਖਲਾਈ ਸਰਟੀਫਿਕੇਟ

ਐਸ.ਏ.ਐਸ.ਨਗਰ, 23 ਅਗਸਤ, 2023: ਪੰਜਾਬ ਨੈਸ਼ਨਲ ਬੈਂਕ ਦੀ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰ.ਐਸ.ਈ.ਟੀ.ਆਈ.), ਵਿਕਾਸ ਭਵਨ, ਸੈਕਟਰ 62, ਐਸ.ਏ.ਐਸ. ਨਗਰ ਮੋਹਾਲੀ ਵਿਖੇ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਕੋਰਸਾਂ ਲਈ ਵਿਸ਼ੇਸ਼ ਕੇਂਦਰ ਵਜੋਂ ਮਹੱਤਵਪੂਰਨ ਸਥਾਨ ਰੱਖਦਾ ਹੈ। ਆਰ-ਸੈਟੀ ਦੁਆਰਾ ਕੀਤੇ ਗਏ ਹਾਲ ਹੀ ਦੇ ਯਤਨਾਂ ਵਿੱਚ ਪਿੰਡ ਰਾਮਪੁਰ ਸੈਣੀਆਂ, ਤਹਿਸੀਲ ਡੇਰਾਬਸੀ, ਐਸ ਏ ਐਸ ਨਗਰ ਵਿੱਚ ਬਿਊਟੀ ਪਾਰਲਰ ਪ੍ਰਬੰਧਨ ਲਈ ਸਿਖਲਾਈ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ।

ਇਸ ਸਿਖਲਾਈ ਦੀ ਸਮਾਪਤੀ ਮੌਕੇ ਮਿਸ ਗੀਤਿਕਾ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਆਰ. ਡੀ.), ਐਸ.ਏ.ਐਸ. ਨਗਰ ਨੇ ਸਮਾਗਮ ਦੌਰਾਨ, ਸਾਰੇ ਭਾਗੀਦਾਰਾਂ ਜਿਨ੍ਹਾਂ ਨੇ 35 ਦਿਨਾਂ ਦੇ ਤੀਬਰ ਸਿਖਲਾਈ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕੀਤਾ, ਨੂੰ ਖੁਦ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

ਆਪਣੇ ਸੰਬੋਧਨ ਵਿੱਚ, ਮਿਸ ਗੀਤਿਕਾ ਸਿੰਘ ਨੇ ਪੰਜਾਬ ਨੈਸ਼ਨਲ ਬੈਂਕ ਦੀ ਆਰ-ਸੈਟੀ ਮੋਹਾਲੀ ਦੀ ਵਿਲੱਖਣਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮਾਂ ਦੀ ਮੇਜ਼ਬਾਨੀ ਲਈ ਇਸ ਇਕਲੌਤੀ ਸੰਸਥਾ ਵਲੋਂ ਨਿਭਾਈ ਜਾ ਰਹੀ ਜ਼ਿੰਮੇਵਾਰੀ ਸ਼ਲਾਘਾਯੋਗ ਹੈ। ਉਨ੍ਹਾਂ ਸੰਸਥਾ ਨੂੰ ਭਰੋਸਾ ਦਿਵਾਇਆ ਕਿ ਅਜਿਹੇ ਕੋਰਸਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲੋੜੀਂਦੀਆਂ ਸਹੂਲਤਾਂ ਅਤੇ ਸਾਧਨ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਕੰਮਲ ਸਹਿਯੋਗ ਦਿੱਤਾ ਜਾਵੇਗਾ।

ਉਨ੍ਹਾਂ ਨੇ ਜ਼ਿਲੇ ਦੇ ਪੇਂਡੂ ਨੌਜਵਾਨਾਂ ਨੂੰ 60 ਤੋਂ ਵੱਧ ਕੋਰਸਾਂ ਵਿੱਚ ਮੁਫਤ ਸਿਖਲਾਈ ਪ੍ਰਦਾਨ ਕਰਨ ਵਿੱਚ ਪੀ ਐਨ ਬੀ ਆਰ-ਸੈਟੀ ਦੀ ਸਰਗਰਮ ਭੂਮਿਕਾ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਦੇ ਉਦੇਸ਼ਾਂ ਵਿੱਚ ਵੀ ਯੋਗਦਾਨ ਪਾਇਆ ਜਾਂਦਾ ਹੈ ਅਤੇ ਇਹ ਲਾਭਕਾਰੀ ਰੁਜ਼ਗਾਰ ਲਈ ਹੁਨਰ ਵਿਕਾਸ ‘ਤੇ ਜ਼ੋਰ ਦਿੰਦੀ ਹੈ। ਇਸ ਸਮਾਗਮ ਵਿੱਚ ਪੀ ਐਨ ਬੀ ਸਰਕਲ ਹੈੱਡ ਮੁਹਾਲੀ ਰੀਟਾ ਜੁਨੇਜਾ, ਚੀਫ ਲੀਡ ਜ਼ਿਲ੍ਹਾ ਮੈਨੇਜਰ ਐਮ ਕੇ ਭਾਰਦਵਾਜ ਅਤੇ ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ, ਐਸ ਏ ਐਸ ਨਗਰ ਮੁਹਾਲੀ ਦੇ ਡਾਇਰੈਕਟਰ ਅਮਨਦੀਪ ਸਿੰਘ ਹਾਜ਼ਰ ਸਨ।

ਸ਼੍ਰੀਮਤੀ ਰੀਟਾ ਜੁਨੇਜਾ, ਸਰਕਲ ਹੈੱਡ ਪੀ.ਐਨ.ਬੀ. ਮੋਹਾਲੀ ਨੇ ਸੰਸਥਾ ਦੁਆਰਾ ਕੀਤੀ ਸ਼ਾਨਦਾਰ ਪ੍ਰਗਤੀ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੀ ਅਗਵਾਈ ਹੇਠ, ਆਰ-ਸੈਟੀ ਨੇ ਕਈ ਨਵੇਂ ਮਾਨਤਾ ਪ੍ਰਾਪਤ ਕੋਰਸਾਂ ਜਿਵੇਂ ਕਿ ਮਧੂ ਮੱਖੀ ਪਾਲਣ, ਜੂਟ ਉਤਪਾਦ ਉੱਦਮ, ਡੇਅਰੀ ਫਾਰਮਿੰਗ, ਬਿਊਟੀ ਪਾਰਲਰ ਪ੍ਰਬੰਧਨ, ਟੇਲਰਿੰਗ-ਕਢਾਈ ਸਿਖਲਾਈ ਅਤੇ ਵਰਮੀ ਕੰਪੋਸਟ ਤਕਨੀਕਾਂ ਨੂੰ ਸ਼ਾਮਲ ਕਰਕੇ ਆਪਣੀਆਂ ਸੇਵਾਵਾਂ ਵਿੱਚ ਵਿਭਿੰਨਤਾ ਲਿਆਂਦੀ ਹੈ। ਕੁੱਲ 60 ਦੇ ਕਰੀਬ ਇਹ ਕੋਰਸ, ਚਾਹਵਾਨ ਪੇਂਡੂ ਉੱਦਮੀਆਂ ਦੇ ਲਾਭ ਲਈ ਪੂਰੀ ਤਰ੍ਹਾਂ ਮੁਫਤ ਕਰਵਾਏ ਜਾਂਦੇ ਹਨ।

ਐਮ ਕੇ ਭਾਰਦਵਾਜ ਚੀਫ ਐਲ ਡੀ ਐਮ ਮੁਹਾਲੀ ਨੇ ਆਰ ਐਸ ਈ ਟੀ ਆਈ ਦੀ ਸ਼ਾਨਦਾਰ ਸਫਲਤਾ ਦੀ ਕਹਾਣੀ ਸਾਂਝੀ ਕੀਤੀ ਅਤੇ ਸਰਕਲ ਹੈੱਡ ਅਤੇ ਏ ਡੀ ਸੀ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਸੰਸਥਾ ਦੀਆਂ ਪ੍ਰਾਪਤੀਆਂ ਅਤੇ ਵਿਕਾਸ ਨੂੰ ਉਜਾਗਰ ਕੀਤਾ, ਜੋ ਕਿ ਪ੍ਰਾਰਥੀਆਂ ਅਤੇ ਸਮਾਜ ‘ਤੇ ਸਕਾਰਾਤਮਕ ਪ੍ਰਭਾਵ ਛੱਡਣ ਸਫ਼ਲ ਰਹੀ ਹੈ।

ਉਨ੍ਹਾਂ ਕਿਹਾ ਕਿ ਸਫਲਤਾ ਦੀ ਕਹਾਣੀ ਸਮੁੱਚੀ ਟੀਮ ਦੁਆਰਾ ਸਮਰਪਣ ਭਾਵਨਾ ਨਾਲ ਕੀਤੀ ਸਖਤ ਮਿਹਨਤ ਦੀ ਉਦਾਹਰਣ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਅਤੇ ਸਰਕਲ ਹੈੱਡ ਅਤੇ ਏ ਡੀ ਸੀ ਦੀ ਮੌਜੂਦਗੀ ਨੇ ਉਨ੍ਹਾਂ ਦੇ ਹੌਂਸਲੇ ਚ ਵਾਧਾ ਕੀਤਾ ਹੈ ਅਤੇ ਉਹਨਾਂ ਦੀ ਮੌਜੂਦਗੀ ਆਰ-ਸੈਟੀ ਦੁਆਰਾ ਪ੍ਰਾਪਤ ਕੀਤੀ ਮਾਨਤਾ ਅਤੇ ਸਮਰਥਨ ਨੂੰ ਦਰਸਾਉਂਦੀ ਹੈ, ਜੋ ਕਿ ਹੋਰਨਾਂ ਨੂੰ ਵੀ ਉਨ੍ਹਾਂ ਦੇ ਯਤਨਾਂ ਵਿੱਚ ਇਸੇ ਤਰ੍ਹਾਂ ਦੀ ਸਫਲਤਾ ਲਈ ਪ੍ਰੇਰਿਤ ਕਰਦੀ ਹੈ।

ਆਰ.ਐਸ.ਈ.ਟੀ.ਆਈ. ਮੁਹਾਲੀ ਦੇ ਡਾਇਰੈਕਟਰ, ਅਮਨਦੀਪ ਸਿੰਘ ਨੇ ਸਾਰੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਇਸ ਮੌਕੇ ਦਾ ਆਨੰਦ ਮਾਣਿਆ। ਉਨ੍ਹਾਂ ਨੇ ਉਨ੍ਹਾਂ ਦੇ ਨਿਰੰਤਰ ਸਮਰਥਨ ਅਤੇ ਹੱਲਾਸ਼ੇਰੀ ਲਈ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਮੋਹਾਲੀ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਇਹ ਸਿਖਲਾਈ ਸੰਸਥਾ ਹੁਨਰ ਵਿਕਾਸ ਕੋਰਸਾਂ ਦੀ ਵੱਖ ਵੱਖ ਸ਼੍ਰੇਣੀਆਂ ਦੀ ਪੇਸ਼ਕਸ਼ ਕਰਕੇ ਪੇਂਡੂ ਭਾਈਚਾਰਿਆਂ ਨੂੰ ਮਜ਼ਬੂਤ ਬਣਾਉਣ ਵਿੱਚ ਸਭ ਤੋਂ ਅੱਗੇ ਹੈ ਤੇ ਸਥਾਨਕ ਆਰਥਿਕਤਾ ਨੂੰ ਉੱਚਾ ਚੁੱਕਣ ਅਤੇ ਪੇਂਡੂ ਨੌਜਵਾਨਾਂ ਦੀਆਂ ਸੰਭਾਵਨਾਵਾਂ ਵਿੱਚ ਸੁਧਾਰ ਕਰਨ ਵਿੱਚ ਯੋਗਦਾਨ ਪਾ ਰਹੀ ਹੈ।