Site icon TheUnmute.com

ਹਰਿਆਣਾ ਵਿਧਾਨ ਸਭਾ ਚੋਣਾਂ ਮੱਦੇਨਜ਼ਰ ਸੂਬੇ ‘ਚ 341 ਫਲਾਇੰਗ ਸਕੁਐਡ ਤੇ 125 ਸਟੈਟਿਕ ਸਰਵੀਲੈਂਸ ਟੀਮਾਂ ਤਾਇਨਾਤ

Haryana assembly elections

ਚੰਡੀਗੜ੍ਹ, 06 ਸਤੰਬਰ 2024: ਹਰਿਆਣਾ (Haryana) ਦੇ ਮੁੱਖ ਸਕੱਤਰ ਡਾ.ਟੀ.ਵੀ.ਐਸ.ਐਨ. ਪ੍ਰਸਾਦ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ (Haryana assembly elections) ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਵਿਆਪਕ ਕਦਮ ਚੁੱਕੇ ਹਨ। ਅੰਤਰ-ਰਾਜੀ ਤਾਲਮੇਲ ਬੈਠਕ ‘ਚ ਡਾ. ਪ੍ਰਸਾਦ ਨੇ ਦੱਸਿਆ ਕਿ ਹਰਿਆਣਾ ਭਰ ‘ਚ 341 ਫਲਾਇੰਗ ਸਕੁਐਡ ਅਤੇ 125 ਸਟੈਟਿਕ ਸਰਵੀਲੈਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕਿ ਦੂਜੇ ਸੂਬਿਆਂ ਨਾਲ ਲੱਗਦੇ ਜ਼ਿਲ੍ਹਿਆਂ ਦੀ ਨਿਗਰਾਨੀ ਕਰਨਗੀਆਂ।

ਇਸ ਤੋਂ ਇਲਾਵਾ, ਸਰਹੱਦ ਪਾਰ ਦੀ ਆਵਾਜਾਈ ‘ਤੇ ਨਜ਼ਰ ਰੱਖਣ ਲਈ 124 ਅੰਤਰ-ਰਾਜੀ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਹੋਰ ਗੈਰ-ਕਾਨੂੰਨੀ ਸਮਾਨ ਦੀ ਆਵਾਜਾਈ ਨੂੰ ਕਾਬੂ ਕਰਨ ਲਈ 90 ਅੰਤਰਰਾਜੀ ਚੌਕੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ।

ਡਾ: ਪ੍ਰਸਾਦ ਨੇ ਦੱਸਿਆ ਕਿ ਚੋਣਾਂ ਦੇ ਐਲਾਨ ਤੋਂ ਲੈ ਕੇ ਹੁਣ ਤੱਕ ਹਰਿਆਣਾ ਪੁਲਿਸ ਨੇ 96 ਗੈਰ ਲਾਇਸੈਂਸੀ ਹਥਿਆਰ ਅਤੇ 113 ਕਾਰਤੂਸ ਜ਼ਬਤ ਕੀਤੇ ਹਨ। ਇਕੱਲੇ ਸਾਲ 2024 ‘ਚ ਹੀ ਕੁੱਲ 1,795 ਗੈਰ-ਲਾਇਸੈਂਸੀ ਹਥਿਆਰ ਅਤੇ 2,383 ਕਾਰਤੂਸ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ 176 ਘੋਸ਼ਿਤ ਅਪਰਾਧੀ, 129 ਜ਼ਮਾਨਤ ਜੰਪਰ ਅਤੇ 1 ਪੈਰੋਲ ਜੰਪਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 24 ਭਗੌੜੇ, 9 ਮੋਸਟ ਵਾਂਟੇਡ ਅਪਰਾਧੀ ਅਤੇ ਐਕਟਿਵ ਵਾਰੰਟ ਵਾਲੇ 210 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਨਸ਼ਾ ਤਸਕਰਾਂ ਅਤੇ ਸ਼ਰਾਬ ਦੇ ਤਸਕਰਾਂ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਸਕੱਤਰ (Haryana )ਨੇ ਦੱਸਿਆ ਕਿ ਪੀ.ਆਈ.ਟੀ.ਐਨ.ਡੀ.ਪੀ.ਐਸ. ਐਕਟ 1988 ਤਹਿਤ ਸਾਲ 2023 ‘ਚ 51 ਨਸ਼ਾ ਤਸਕਰਾਂ ਨੂੰ ਅਤੇ ਸਾਲ 2024 ‘ਚ ਹੁਣ ਤੱਕ 10 ਨਸ਼ਾ ਤਸਕਰਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।

ਐਨਡੀਪੀਐਸ ਐਕਟ 1985 ਤਹਿਤ 104 ਨਸ਼ਾ ਤਸਕਰਾਂ ਦੀ 48.64 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ, ਸਾਲ 2024 ਵਿੱਚ 2,214 ਐਨਡੀਪੀਐਸ ਕੇਸ ਦਰਜ ਕੀਤੇ ਗਏ ਹਨ, ਜਿਸ ਦੇ ਨਤੀਜੇ ਵਜੋਂ 3,151 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਨਵਰੀ, 2024 ਤੋਂ ਹੁਣ ਤੱਕ ਆਬਕਾਰੀ ਐਕਟ ਤਹਿਤ ਕੁੱਲ 6,629 ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਸ ਦੇ ਨਤੀਜੇ ਵਜੋਂ 7,649 ਗ੍ਰਿਫਤਾਰੀਆਂ ਹੋਈਆਂ ਹਨ। ਇਸ ਤੋਂ ਇਲਾਵਾ ਵੱਡੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਵੀ ਜ਼ਬਤ ਕੀਤੀ ਗਈ ਅਤੇ 55 ਨਾਜਾਇਜ਼ ਸ਼ਰਾਬ ਦੀਆਂ ਭੱਠੀਆਂ ਨੂੰ ਵੀ ਨਸ਼ਟ ਕੀਤਾ ਗਿਆ।

Exit mobile version