ਪੰਜਾਬ, 17 ਨਵੰਬਰ 2025: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ‘ਹਰ ਪਿੰਡ ਖੇਡ ਮੈਦਾਨ’ ਨਾਮਕ ਪ੍ਰੋਜੈਕਟ ਦਾ ਮੁੱਖ ਮਕਸਦ ਪੰਜਾਬ ਦੀ ਜਵਾਨੀ ਨੂੰ ਤੰਦਰੁਸਤ, ਅਨੁਸ਼ਾਸਿਤ ਅਤੇ ਰੌਸ਼ਨ ਭਵਿੱਖ ਦੇਣਾ ਹੈ। ‘ਆਪ’ ਸਰਕਾਰ ਮੁਤਾਬਕ ਇਸ ਪ੍ਰੋਜੈਕਟ ਦਾ ਸਭ ਤੋਂ ਮਹੱਤਵਪੂਰਨ ਮਕਸਦ ਪੰਜਾਬ ਸਰਕਾਰ ਦੀ ‘ਜੰਗ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨਾ ਹੈ। ਇਹ ਪਹਿਲ ਪੇਂਡੂ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਵੱਲ ਮੋੜ ਕੇ ਉਨ੍ਹਾਂ ਨੂੰ ਨਸ਼ਿਆਂ ਦੇ ਦਲਦਲ ਤੋਂ ਦੂਰ ਲੈ ਜਾਣ ਦਾ ਯਤਨ ਹੈ।
ਪੰਜਾਬ ਸਰਕਾਰ ਮੁਤਾਬਕ ਇਸ ਪ੍ਰੋਜੈਕਟ ਲਈ ₹1,194 ਕਰੋੜ ਦਾ ਬਜਟ ਰੱਖਿਆ ਗਿਆ ਹੈ।ਪ੍ਰੋਜੈਕਟ ਦੇ ਪਹਿਲੇ ਪੜਾਅ ‘ਚ ਸੂਬੇ ਦੇ ਲਗਭਗ 3,100 ਪਿੰਡਾਂ ‘ਚ “ਅਲਟਰਾ-ਮਾਡਰਨ” ਅਰਥਾਤ ਅਤਿ-ਆਧੁਨਿਕ ਖੇਡ ਮੈਦਾਨ ਤਿਆਰ ਕੀਤੇ ਜਾਣਗੇ। ਸਰਕਾਰ ਦਾ ਅੰਤਿਮ ਟੀਚਾ ਪੰਜਾਬ ਦੇ 12,500 ਪਿੰਡਾਂ ਨੂੰ ਖੇਡ ਮੈਦਾਨ ਬਣਾਉਣਾ ਹੈ |
ਪੰਜਾਬ ਸਰਕਾਰ ਮੁਤਾਬਕ ਖੇਡ ਗ੍ਰਾਊਂਡ ਕੇਵਲ ਖੇਡਣ ਵਾਲੀ ਜਗ੍ਹਾ ਨਹੀਂ ਹੋਣਗੇ, ਇਹ ਪ੍ਰਤਿਭਾ ਦੀਆਂ ਨਰਸਰੀਆਂ ਵਜੋਂ ਕੰਮ ਕਰਨਗੇ, ਜਿੱਥੋਂ ਭਵਿੱਖ ਦੇ ਚੈਂਪਿਅਨ ਨਿਕਲਣਗੇ। ਇਹ ਕਦਮ ਸਰਕਾਰ ਦੇ ‘ਖੇਡਾਂ ਵਤਨ ਪੰਜਾਬ ਦੀਆਂ’ ਉਤਸਵਾਂ ਨੂੰ ਹੋਰ ਮਜ਼ਬੂਤੀ ਦੇਵੇਗੀ। ਇਸਦੇ ਨਾਲ-ਨਾਲ, ਇਨ੍ਹਾਂ ਮੈਦਾਨਾਂ ਦੇ ਨੇੜੇ 260 ਨਵੀਆਂ “ਸਪੋਰਟਸ ਨਰਸਰੀਆਂ” ਬਣਾਉਣ ਦੀ ਯੋਜਨਾ ਹੈ, ਤਾਂ ਜੋ ਪੇਂਡੂ ਪ੍ਰਤਿਭਾ ਨੂੰ ਛੋਟੀ ਉਮਰ ਤੋਂ ਹੀ ਪਛਾਣਿਆ ਤੇ ਨਿਖਾਰਿਆ ਜਾ ਸਕੇ।
ਹਰ ਪਿੰਡ ਦੀ ਲੋੜ ਅਤੇ ਉਪਲਬਧ ਜ਼ਮੀਨ ਮੁਤਾਬਕ ਇਹ ਸੁਵਿਧਾਵਾਂ 0.5 ਏਕੜ ਤੋਂ 4 ਏਕੜ ਤੱਕ ਦੇ ਪਲਾਟਾਂ ‘ਤੇ ਤਿਆਰ ਕੀਤੀਆਂ ਜਾਣਗੀਆਂ। ਇਨ੍ਹਾਂ ‘ਚ ਹਾਕੀ, ਫੁੱਟਬਾਲ, ਵਾਲੀਬਾਲ ਅਤੇ ਕ੍ਰਿਕਟ ਵਰਗੀਆਂ ਖੇਡਾਂ ਲਈ ਉੱਚ-ਮਿਆਰੀ ਪਿੱਚਾਂ ਦੇ ਨਾਲ ਐਥਲੈਟਿਕਸ ਟਰੈਕ ਵੀ ਸ਼ਾਮਲ ਹੋਣਗੀਆਂ। ਇਥੇ “ਓਪਨ ਏਅਰ ਜਿਮ”, “ਯੋਗ ਅਤੇ ਧਿਆਨ” ਲਈ ਜਗ੍ਹਾ, ਬੱਚਿਆਂ ਦੇ ਖੇਡਨ ਵਾਲੇ ਖੇਤਰ ਅਤੇ “ਸੀਨੀਅਰ ਸਿਟੀਜ਼ਨ ਜੋਨ” ਵੀ ਹੋਣਗੇ।
ਸੁਨਾਮ ਹਲਕੇ ਵਿੱਚ ₹11.5 ਕਰੋੜ ਦੀ ਲਾਗਤ ਨਾਲ 29 ਸਟੇਡੀਅਮਾਂ ਦੀ ਯੋਜਨਾ ਹੈ, ਜਿਨ੍ਹਾਂ ‘ਚੋਂ ਪਹਿਲੇ 11 ਪਿੰਡਾਂ ‘ਚ ₹5.32 ਕਰੋੜ ਦੀ ਲਾਗਤ ਨਾਲ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸਨੂੰ ਸਿਰਫ 3 ਮਹੀਨਿਆਂ ਦੇ ਸਮੇਂ ‘ਚ ਮੁਕੰਮਲ ਕਰਨ ਦਾ ਟੀਚਾ ਹੈ। ਇਨ੍ਹਾਂ ਪ੍ਰੋਜੈਕਟਾਂ ਦੀ ਲਾਗਤ ₹23.94 ਲੱਖ ਤੋਂ ₹117.16 ਲੱਖ ਤੱਕ ਹੈ, ਜੋ ਸਥਾਨਕ ਲੋੜਾਂ ਅਨੁਸਾਰ ਡਿਜ਼ਾਈਨ ਦਾ ਸੰਕੇਤ ਦਿੰਦੀ ਹੈ। ਇਸੇ ਤਰ੍ਹਾਂ, ਲਹਿਰਾ ਹਲਕੇ ‘ਚ 40–41 ਸਟੇਡੀਅਮਾਂ ਦੀ ਯੋਜਨਾ ਹੈ, ਜਿਨ੍ਹਾਂ ‘ਚੋਂ 28 ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ। ਅੰਮ੍ਰਿਤਸਰ ਜ਼ਿਲ੍ਹੇ ‘ਚ 495 ਸੰਭਾਵੀ ਸਾਈਟਾਂ ਦੀ ਪਛਾਣ ਹੋ ਚੁੱਕੀ ਹੈ ਅਤੇ 174 ‘ਤੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ।
Read More: CM ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ ਪੰਜਾਬ ‘ਚ 3100 ਤੋਂ ਵੱਧ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤ




