ਲੁਧਿਆਣਾ, 06 ਜਨਵਰੀ 2026: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ 69ਵੀਆਂ ਨੈਸ਼ਨਲ ਸਕੂਲ ਖੇਡਾਂ ਦੀ ਸ਼ੁਰੂਆਤ ਕੀਤੀ | 16 ਜਨਵਰੀ ਤੱਕ ਚੱਲਣ ਵਾਲੀਆਂ ਖੇਡਾਂ ‘ਚ ਕੇਂਦਰੀ ਵਿਦਿਆਲਿਆ, ਨਵੋਦਿਆ ਵਿਦਿਆਲਿਆ ਅਤੇ ਵਿਦਿਆ ਭਾਰਤੀ ਸਕੂਲਾਂ ਸਮੇਤ ਸਾਰੇ ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਨ੍ਹਾਂ ਖੇਡਾਂ ਦੌਰਾਨ ਜੂਡੋ ਅੰਡਰ-14 (ਲੜਕੇ ਤੇ ਲੜਕੀਆਂ), ਤਾਈਕਵਾਂਡੋ ਅੰਡਰ-14 (ਲੜਕੀਆਂ) ਅਤੇ ਗੱਤਕਾ ਅੰਡਰ-19 (ਲੜਕੇ ਤੇ ਲੜਕੀਆਂ) ਦੇ ਰੋਮਾਂਚਕ ਮੁਕਾਬਲੇ ਹੋਣਗੇ। ਇਹ ਖੇਡ ਮੁਕਾਬਲੇ ਸਥਾਨਕ ਬੀ.ਸੀ.ਐਮ. ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ, ਲੁਧਿਆਣਾ ਅਤੇ ਓਪਨ ਏਅਰ ਥੀਏਟਰ ਪੀ.ਏ.ਯੂ, ਲੁਧਿਆਣਾ ਸਮੇਤ ਵੱਖ-ਵੱਖ ਥਾਵਾਂ ‘ਤੇ ਕਰਵਾਏ ਜਾਣਗੇ।
ਹਰਜੋਤ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਨਾਲ ਲੁਧਿਆਣਾ ਲਈ ਵੀ ਇਹ ਬੜੇ ਮਾਣ ਵਾਲੀ ਗੱਲ ਹੈ ਜਿੱਥੇ 69ਵੀਂ ਨੈਸ਼ਨਲ ਖੇਡਾਂ ਕਰਵਾਉਣ ਦਾ ਮੌਕਾ ਮਿਲਿਆ ਹੈ | ਜਿਸ ‘ਚ ਪੂਰੇ ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਆਂਧਰਾ ਪ੍ਰਦੇਸ, ਨਾਰਥ ਈਸਟ ਤੋਂ 1000 ਤੋਂ ਵੱਧ ਖਿਡਾਰੀ ਅਤੇ 350 ਤੋਂ ਵੱਧ ਕੋਚ ਸਹਿਬਾਨ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਬੇਸ਼ੱਕ ਠੰਡ ਪੈ ਰਹੀ ਪਰ ਪ੍ਰਸ਼ਾਸ਼ਨ ਵੱਲੋਂ ਪਹਿਲਾਂ ਹੀ ਪੁੱਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ, ਜਿਨ੍ਹਾਂ ‘ਚ ਖਿਡਾਰੀਆਂ ਲਈ ਰਿਹਾਇਸ਼, ਭੋਜਨ, ਟਰਾਂਸਪੋਰਟੇਸ਼ਨ, ਸੁਰੱਖਿਆ ਲਈ ਪੀ.ਸੀ.ਆਰ. ਟੀਮਾਂ ਤਾਇਨਾਤ ਕਰਨਾ, ਖੇਡ ਮੈਦਾਨਾਂ ‘ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ ਆਦਿ ਸ਼ਾਮਲ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਾਨ ਸਰਕਾਰ ਖੇਡ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ ਨਿਰੰਤਰ ਯਤਨਸ਼ੀਲ ਹੈ, ਜਿਸਦੇ ਤਹਿਤ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ‘ਚ 3100 ਖੇਡ ਮੈਦਾਨਾਂ ਦੇ ਨਿਰਮਾਣ ਕਾਰਜ਼ ਚੱਲ ਰਹੇ ਹਨ | ਉਨ੍ਹਾਂ ਦੱਸਿਆ ਕਿ ਖੇਡ ਨਰਸਰੀਆਂ ‘ਚ ਵੱਡੇ ਪੱਧਰ ‘ਤੇ ਬਾਕਸਿੰਗ, ਹਾਕੀ, ਕਬੱਡੀ ਤੇ ਹੋਰ ਵੱਖ-ਵੱਖ ਖੇਡਾਂ ਲਈ ਕੋਚਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਖਿਡਾਰੀਆਂ ਦੀ ਖੁਰਾਕ ‘ਚ ਵੀ ਵਾਧਾ ਕੀਤਾ ਹੈ।
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਖੇਡ ਨੀਤੀ ਬਣਾਈ ਹੈ, ਜਿਸ ‘ਚ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਖਿਡਾਰੀ ਦੀ ਏਸ਼ੀਅਨ ਖੇਡਾਂ, ਕਾਮਨਵੈਲਥ, ਵਰਲਡ ਚੈਂਪੀਅਨਸ਼ਿਪ ਅਤੇ ਓਲੰਪਿਕ ਲਈ ਚੋਣ ਹੁੰਦੀ ਹੈ ਤਾਂ ਪੰਜਾਬ ਸਰਕਾਰ ਚੁਣੇ ਹੋਏ ਖਿਡਾਰੀਆਂ ਨੂੰ ਐਡਵਾਂਸ ਪੇਮੈਂਟ ਕਰੇਗੀ ਤਾਂ ਜੋ ਖਿਡਾਰੀ ਆਪਣੀ ਸੁਵਿਧਾ ਅਨੁਸਾਰ ਖਿੱਚ ਕੇ ਤਿਆਰੀ ਕਰ ਸਕਣ ਜਦਕਿ ਹੋਰਨਾਂ ਸੂਬਿਆਂ ‘ਚ ਖਿਡਾਰੀਆਂ ਨੂੰ ਮੈਡਲ ਲਿਆਉਣ ਤੋਂ ਬਾਅਦ ਤਵੱਜੋ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖੇਡ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ ਪੰਜਾਬ ਵਿੱਚ ਮੈਡਲਾਂ ਦੀ ਗਿਣਤੀ ‘ਚ ਇਜਾਫਾ ਹੋਇਆ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਾਰਤੀ ਪੁਰਸ਼ ਕ੍ਰਿਕਟ ਟੀਮ, ਭਾਰਤੀ ਮਹਿਲਾ ਕ੍ਰਿਕਟ ਟੀਮ, ਭਾਰਤੀ ਹਾਕੀ ਟੀਮ ਪੰਜਾਬੀਆਂ ਦੀ ਕਪਤਾਨੀ ਹੇਠ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਭਾਰਤ ਦੀ ਹਾਕੀ ਟੀਮ ‘ਚ ਪੰਜਾਬੀਆਂ ਦੀ ਬਹੁ-ਗਿਣਤੀ ਇਹ ਸੰਕੇਤ ਦੇ ਰਹੀ ਹੈ ਕਿ ਸਾਡਾ ਪੰਜਾਬ ਸੂਬਾ ਖੇਡਾਂ ਦੇ ਖੇਤਰ ‘ਚ ਆਪਣੀ ਪੁਰਾਣੀ ਪਛਾਣ ਬਹਾਲ ਕਰਨ ਵੱਲ ਵੱਧ ਰਿਹਾ ਹੈ।
Read More: ਨਵੇਂ ਸੈੱਸ ਦਾ ਕੋਈ ਕਾਨੂੰਨੀ ਆਧਾਰ ਨਹੀਂ, ਇਹ ਕਾਂਗਰਸ ਦੀ ਧੱਕੇਸ਼ਾਹੀ: ਬਰਿੰਦਰ ਕੁਮਾਰ ਗੋਇਲ




