ਲਿਖਾਰੀ
ਬਲਦੀਪ ਸਿੰਘ ਰਾਮੂੰਵਾਲੀਆ
31 ਮਾਰਚ 1931: ਪ੍ਰੋਫੈਸਰ ਪੂਰਨ ਸਿੰਘ ਜੀ ਦੀ ਸਲਾਨਾ ਬਰਸੀ ‘ਤੇ
ਮੈਂ ਢਾਡੀ ਉੱਚੇ , ਆਲੀਸ਼ਾਨ , ਗੁਰੂ ਨਾਨਕ ਕਰਤਾਰ ਦਾ।
ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਖਿਦਮਤਦਾਰ ਪ੍ਰੋਫੈਸਰ ਪੂਰਨ ਸਿੰਘ ਵਰਗੇ ਵਿਰਲੇ ਹੀ ਵੇਖਣ ਨੂੰ ਮਿਲਦੇ ਹਨ। ਅਲਬੇਲਾ ਕਵੀ , ਉਚ ਕੋਟੀ ਦਾ ਵਾਰਤਾਕਾਰ , ਸਫਲ ਵਿਗਿਆਨੀ, ਧਰਮ ਵੇਤਾ , ਉਤਮ ਅਨੁਵਾਦਕ , ਚਿੰਤਕ , ਸੁਹਜ ਕਲਾਵਾਂ ਦਾ ਪ੍ਰੇਮੀ , ਪ੍ਰੋ.ਪੂਰਨ ਸਿੰਘ ਦਾ ਜਨਮ 17 ਫਰਵਰੀ 1881 ਨੂੰ ਸਰਦਾਰ ਕਰਤਾਰ ਸਿੰਘ ਕਾਨੂੰਗੋ ਦੇ ਘਰ ਮਾਤਾ ਪਰਮਾਦੇਵੀ ਦੀ ਕੁੱਖੋਂ , ਐਬਟਾਬਾਦ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਸਲਹੱਡ ਵਿੱਚ ਹੋਇਆ । ਮਾਤਾ ਜੀ ਦੀ ਧਾਰਮਿਕ ਸਖਸ਼ੀਅਤ , ਉੱਚ ਆਚਰਣ , ਸੁਹਜ ਸਿਆਣਪ ਦਾ ਅਸਰ ਪ੍ਰੋ.ਪੂਰਨ ਸਿੰਘ ਤੇ ਬੜਾ ਡੂੰਘਾ ਪਿਆ। ਪਿਤਾ ਦੀ ਸਰਕਾਰੀ ਮੁਲਾਜਮਤ ਕਾਰਨ ਹੁੰਦੀਆਂ ਬਦਲੀਆਂ ਨਾਲ ਬਚਪਨ ਵਿੱਚ ਹੀ ਸਾਰਾ ਗੰਧਾਰ ਦੇਸ਼ ਵੇਖ ਲਿਆ।
1886 ਵਿੱਚ ਹਵੇਲੀਆਂ ਪਿੰਡ ਵਿਚ ਆ ਵੱਸੇ।ਇਥੇ ਹੀ ਗੁਰਦੁਆਰੇ ਦੇ ਭਾਈ ਬੇਲਾ ਸਿੰਘ ਕੋਲੋਂ ਗੁਰਮੁਖੀ ਤੇ ਮਸੀਤ ਦੀ ਮੌਲਵੀ ਜੀ ਪਾਸੋਂ ਫਾਰਸੀ ਪੜ੍ਹਨੀ ਸ਼ੁਰੂ ਕੀਤੀ।ਫਿਰ ਇਹ 1890 ਵਿੱਚ ਹਰੀਪੁਰ ਆ ਗਏ।ਇਥੇ ਐਂਗਲੋ ਮਿਡਲ ਸਕੂਲ ਵਿਚੋਂ ਮਿਡਲ ਪਾਸ ਕੀਤੀ।ਇਥੇ ਸਕੂਲ ਦਾ ਮੁਖੀ ਇਸਾਈ ਸੀ।ਜੇ ਇਹ ਕਹਿ ਲਈਏ ਤਾਂ ਅਤਿ ਕਥਨੀ ਨਹੀਂ ਹੋਵੇਗੀ ਕਿ ਉਹਨਾਂ ਨੇ ਉਮਰ ਦੇ ਇਸ ਪੜਾਅ ਤੱਕ ਤਿਨ ਤਹਿਜੀਬਾਂ ਨੂੰ ਬਹੁਤ ਨੇੜੇ ਤੋਂ ਸਮਝਿਆ।
1895 ਵਿੱਚ ਰਾਵਲਪਿੰਡੀ ਮਿਸ਼ਨ ਸਕੂਲ ਤੋਂ ਦਸਵੀਂ ਪਾਸ ਕੀਤੀ। ਇਥੇ ਹੀ ਉਹਨਾਂ ਦੇ ਪਰਿਵਾਰ ਵਿੱਚ ਵਾਪਰੀ ਇਕ ਘਟਨਾ ਨੇ ਇਹਨਾਂ ਦੇ ਕੋਮਲ ਮਨ ਵਿਚ ਇਸਤਰੀ ਜਾਤੀ ਲਈ ਅਥਾਹ ਹਮਦਰਦੀ ਭਰ ਦਿੱਤੀ, ਇਹਨਾਂ ਨੂੰ ਹਰੇਕ ਇਸਤਰੀ ਦਾ ਚਿਹਰਾ ਬੜਾ ਹੀ ਮਾਸੂਮ, ਨਾਜ਼ੁਕ ਤੇ ਮਜ਼ਲੂਮ ਨਜ਼ਰ ਆਇਆ, ਜੋ ਉਹਨਾਂ ਦੀ ਲਿਖਤ ਵਿੱਚ ਝਲਕਦਾ ਹੈ। ਅਗਲੀ ਪੜ੍ਹਾਈ ਲਈ ਡੀ.ਏ.ਵੀ ਕਾਲਜ ਲਾਹੌਰ ਦਾਖਲਾ ਲਿਆ। ਇਹ ਬਹੁਤ ਅਸਾਧਾਰਨ ਬੁਧਿ ਦੇ ਮਾਲਕ ਸਨ । ਇਕ ਪਾਸੇ ਵਿਗਿਆਨ ਪੜ੍ਹਦੇ ਤੇ ਦੂਏ ਪਾਸੇ ਸੰਸਕ੍ਰਿਤ। 1900 ਵਿੱਚ ਜਪਾਨ ਦੇ ਸ਼ਹਰ ਟੋਕੀਓ ਦੀ ਇੰਪੀਰੀਅਲ ਯੂਨੀਵਰਸਿਟੀ ਵਿੱਚ ਫ਼ਾਰਮਾਸਿਊਟੀਕਲ ਕੈਮਿਸਟਰੀ ਦੀ ਪੜਾਈ ਲਈ ਦਾਖਲਾ ਲਿਆ।ਇਥੇ ਜਾਪਾਨੀ ਤੇ ਜਰਮਨ ਭਾਸ਼ਾ ਤੇ ਆਬੂਰ ਹਾਸਲ ਕੀਤਾ।
ਪ੍ਰੋ.ਪੂਰਨ ਸਿੰਘ ਇੱਕਲਾ ਵਿਗਿਆਨੀ ਥੋੜਾ ਸੀ ,ਉਸਦਾ ਕੋਮਲ ਹਿਰਦਾ ਧਰਮ , ਚਿੰਤਨ , ਵਿਸ਼ਵ ਫਲਸਫ਼ੇ ਪ੍ਰਤੀ ਬੜਾ ਸੁਹਜ ਸੀ। ਜਾਪਾਨ ਵਿੱਚ ਬੁਧ ਧਰਮ ਦੀ ਛੁਹ ਤੋਂ ਪ੍ਰਭਾਵਿਤ ਹੋ ਕੇ , ਘੋਨ ਮੋਨ ਹੋ ਵੈਰਾਗ ਅਵਸਥਾ ਵਿੱਚ ‘ਬੁਧ ਸ਼ਰਣੰ ਗੱਛਾਮਿ’ ਦਾ ਜਾਪ ਕਰਨ ਲੱਗੇ। ਆਪ ਦੀ ਉੱਚ ਅਵਸਥਾ ਤੋਂ ਪ੍ਰਭਾਵਿਤ ਹੋ ਕੇ ਇਕ ਬੁਧ ਮੰਦਰ ਦੇ ਪੁਜਾਰੀ ਨੇ ਆਪ ਨੂੰ ਮੰਦਰ , ਜਾਗੀਰ ਆਦਿ ਗ੍ਰਹਿਣ ਕਰਨ ਲਈ ਆਖਿਆ ਤਾਂ ਆਪ ਨੇ ਬਹੁਤ ਪ੍ਰੇਮ ਪੂਰਵਕ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਆਪ ਦੀ ਮਹੱਤਤਾ ਇਥੋਂ ਹੀ ਜਾਣੀ ਜਾ ਸਕਦੀ ਹੈ , ਕਿ ਇਹਨਾਂ ਦਿਨਾਂ ਵਿੱਚ ਹੀ ਓਰੀਐਂਟਲ ਕਲੱਬ ਵਿਚ ਭਾਰਤੀ ਸੰਸਕ੍ਰਿਤੀ ਅਤੇ ਆਜ਼ਾਦੀ ਬਾਰੇ ਆਪ ਦੇ ਉਚੇਚੇ ਭਾਸ਼ਣ ਕਰਵਾਏ ਜਾਂਦੇ।
ਜਾਪਾਨ ਦੇ ਮਹਾਨ ਫਿਲਾਸਫਰ ਉਕਾਕੂਰਾ ਨੇ ਆਪ ਨੂੰ ਉਚੇਚ ਨਾਲ ਆਪਣੇ ਘਰ ਬੁਲਾਇਆ । ਆਪ ਦਾ ਦੋਸਤ ਬਣ ਗਿਆ।ਜਾਪਾਨ ਦੇ ਵਿਦਵਾਨ ਤੇ ਸਾਇੰਸਵੇਤਾ ਨੋਹਾਚੀ, ਹੀਰਾਏ ਉਚੀਗਾਰਾ ਆਪ ਦੇ ਦੋਸਤਾਂ ਵਿੱਚ ਸਨ। ਇਥੇ ਹੀ ਇਕ ਦਿਨ ਹਿੰਦੁਸਤਾਨੀ ਜਾਪਾਨੀ ਕਲੱਬ ਵਿੱਚ ‘ਸੁਆਮੀ ਰਾਮ ਤੀਰਥ’ ਨਾਲ ਬੋਧੀ ਭਿਕਸੂ ਬਣੇ ਪੂਰਨ ਸਿੰਘ ਦਾ ਮਿਲਾਪ ਹੋ ਗਿਆ। ਇਹਨਾਂ ਦੀ ਸੰਗਤ ਨੇ ਬੋਧੀ ਤੋਂ ਵੇਦਾਂਤੀ ਸਾਧੂ ਬਣਾ ਦਿੱਤਾ । ਗੇਰੂ ਰੰਗ ਦੇ ਬਸਤਰ ਧਾਰਨ ਕਰ ਲਏ। ਇਕ ਬੰਨੇ ਲੈਬਾਰਟਰੀ ਵਿੱਚ ਕੈਮਿਸਟਰੀ ਦੇ ਪ੍ਰਯੋਗ ਕਰਦੇ ਤਾਂ ਦੂਜੇ ਬੰਨੇ ਜਾਪਾਨੀ ਤੇ ਭਾਰਤੀ ਲੋਕਾਂ ਨੂੰ ਆਜ਼ਾਦੀ ਤੇ ਪੂਰਬੀ ਫਲਸਫੇ ਤੋਂ ਜਾਣੂ ਕਰਵਾਉਣ ਲਈ ‘ਥੰਡਰਿੰਗ ਡਾਅਨ’ ਨਾਮ ਦਾ ਰਸਾਲਾ ਵੀ ਕੱਢ ਰਹੇ ਸਨ।
1903 ਈਸਵੀ ਵਿੱਚ ਪੂਰਨ ਸਿੰਘ ਵੇਦਾਂਤੀ ਸੰਨਿਆਸੀ ਸਾਧੂ ਦੇ ਰੂਪ ਵਿੱਚ ਵਾਪਸ ਕਲਕੱਤੇ ਆ ਗਏ। ਜਦ ਪਿਓ ਨੇ ਆਪਣੇ ਪੁਤ ਨੂੰ ਇਸ ਰੂਪ ਵਿੱਚ ਵੇਖਿਆ ਤਾਂ ਡਾਅਢੇ ਦੁਖੀ ਹੋਏ। ਹੋਈ ਮਾਂ ਵੀ ਬਹੁਤ ਦੁਖੀ , ਪਰ ਪੁਤ ਨੂੰ ਵੇਖ ਧਰਵਾਸ ਵੀ ਸੀ । ਇਸ ਸਮੇਂ ਪ੍ਰੋ.ਪੂਰਨ ਸਿੰਘ ਨੇ ਇਸ ਮਿਲਣੀ ਨੂੰ ਕੋਈ ਉਚੇਚਾ ਮਹੱਤਵ ਨ ਦਿੱਤਾ , ਕਿਉਂਕਿ ਸੰਨਿਆਸੀ ਬ੍ਰਿਤੀ ਭਾਰੂ ਸੀ , ਜਿਸਦਾ ਉਹਨਾਂ ਨੂੰ ਸਾਰੀ ਉਮਰ ਬਾਅਦ ਵਿਚ ਅਫ਼ਸੋਸ ਰਿਹਾ। ਮਾਂ ਆਪਣੇ ਪੁਤ ਨੂੰ ਨਾਲ ਲੈ ਕੇ ਆਈ ਘਰ , ਉਧਰ ਇਹਨਾਂ ਦੀ ਭੈਣ ਗੰਗਾ ਆਖ਼ਰੀ ਸਾਹਾਂ ਤੇ ਪਈ ਹੋਈ ਸੀ । ਆਪ ਨੇ ਉਸਦਾ ਸਿਰ ਆਪਣੀ ਗੋਦ ਵਿੱਚ ਲੈ ਕੇ ਪੁਛਿਆ , ” ਗੰਗਾ! ਕੀ ਮੈਂ ਤੇਰੀ ਕੋਈ ਚਾਹ ਪੂਰੀ ਕਰ ਸਕਦਾ ਹਾਂ?” ਉਸਨੇ ਆਖਿਆ , ” ਭਾਪਾ! ਜਿਸ ਕੁੜੀ ਨਾਲ ਤੂੰ ਮੰਗਿਆ ਹੋਇਆ ਹੈਂ ਉਸ ਨਾਲ ਵਿਆਹ ਕਰਵਾ ਲਈਂ।” ਪੂਰਨ ਸਿੰਘ ਹੁਣਾ ਦੇ ਹਾਂ ਕਹਿਣ ਦੀ ਦੇਰ ਸੀ ਕਿ ਗੰਗਾ ਸਦਾ ਲਈ ਅੱਖਾਂ ਮੀਟ ਗਈ।1904 ਵਿੱਚ ਆਪ ਦਾ ਵਿਆਹ ਮਾਯਾ ਦੇਵੀ ਨਾਲ ਹੋਇਆ।
ਭੈਣਾਂ ਦੇ ਪਿਆਰ , ਮਾਤਾ ਦੀ ਤੜਫ ਤੇ ਪਤਨੀ ਦੇ ਮੋਹ ਨੇ ਸੰਨਿਆਸੀ ਰੰਗ ਨੂੰ ਫਿਕਾ ਕਰਨਾ ਸ਼ੁਰੂ ਕਰ ਦਿੱਤਾ ਸੀ। ਜਜ਼ਬਾਤੀ ਬਹੁਤ ਸਨ , ਸੰਨਿਆਸੀ ਦਾ ਤ੍ਰਿਸਕਾਰ ਬਰਦਾਸ਼ਤ ਨਹੀਂ ਕਰ ਸਕਦੇ ਸਨ, ਕੋਮਲਚਿਤ ਇੰਨੇ ਸਨ ਕਿ ਇਕ ਵਾਰ ਸ਼ਿਕਾਰੀ ਟੋਕਰੀ ਤੇ ਜਾਲੀ ਵਿੱਚ ਫਾਹੀਆਂ ਚਿੜੀਆਂ ਨੂੰ ਛੱਡਣ ਲਈ 30 ਰੁਪਏ ਤਕ ਦਿੰਦੇ ਹਨ ਤੇ ਚਿੜੀਆਂ ਦੇ ਆਸਮਾਨ ਵਿੱਚ ਉਡਾਰੀ ਭਰਨ ਤੇ ਬਹੁਤ ਖੁਸ਼ ਹੁੰਦੇ ਹਨ।1906 ਤੱਕ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਕਾਲਜ ਦੇ ਪ੍ਰਿੰਸੀਪਲ ਰਹੇ।ਫਿਰ ਦੇਹਰਾਦੂਨ ਵਿੱਚ ਸਰਕਾਰ ਦੇ ਫ਼ੋਰੈਸਟ ਰੀਸਰਚ ਇਨਸਟੀਚਿਊਟ ਵਿਖੇ ਰਸਾਇਣੀ ਸਲਾਹਕਾਰ ਲੱਗ ਗਏ। ਇਸ ਸਮੇਂ ਵਿਚ ਉਹਨਾਂ ਦਾ ਮੇਲ ਪ੍ਰਸਿੱਧ ਗਾਇਕ ਵਿਸ਼ਨੂੰ ਦਿਗੰਬਰ , ਸ਼ਾਇਰ ਸਰ ਇਕਬਾਲ , ਡਾ.ਖੁਦਾਦਾਦ , ਪੰਡਿਤ ਹਰਦਿਆਲ ਆਦਿ ਨਾਲ ਹੋਇਆ ।ਇਹ ਸਾਂਝ ਉਮਰਾਂ ਤੋੜੀ ਨਿਭੀ।
1912 ਵਿੱਚ ਸਿਆਲਕੋਟ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਸੰਨਿਆਸੀ ਪੂਰਨ ਸਿੰਘ ਹੁਣੀ ਵੀ ਪੁੱਜੇ।ਇਥੇ ਹੀ ਆਪ ਦਾ ਪਹਿਲੀ ਵਾਰ ਮਿਲਾਪ ਸਿੱਖੀ ਵਹਿੜੇ ਦੇ ਸ਼ਾਨ ਭਾਈ ਵੀਰ ਸਿੰਘ ਨਾਲ ਹੋਇਆ । ਪੂਰਨ ਸਿੰਘ ਨੂੰ ਭਾਈ ਵੀਰ ਸਿੰਘ ਦੀ ਸਖ਼ਸ਼ੀਅਤ ਨੇ ਟੁੰਬਿਆ । ਤਕਰੀਬਨ ਛੇ ਘੰਟੇ ਇਕੋ ਕਮਰੇ ਵਿੱਚ ਵੇਦਾਂਤ ਤੇ ਗੁਰਮਤਿ ਉਪਰ ਦੋ ਰੂਹਾਂ ਵਿਚ ਹੋਈ ਵਾਰਤਾ ਤੋਂ ਬਾਅਦ ਜਦ ਬੂਹਾ ਖੁਲਿਆ ਤਾਂ ਗੇਰੂ ਬਸਤਰ ਉਤਾਰ ਪੂਰਨ ਸਿੰਘ ਦੁਬਾਰਾ ਪੂਰਾ ਹੋ , ਭਾਈ ਵੀਰ ਸਿੰਘ ਹੁਣਾ ਦੀ ਛੋਹ ਸਦਕਾ ਸਿੱਖੀ ਆਭਾ ਮੰਡਲ ਵਿੱਚ ਪ੍ਰਵੇਸ਼ ਕੀਤਾ ।
ਸਹੀ ਅਰਥਾਂ ਵਿਚ ਹੁਣ ਉਹ ‘ਪੂਰਨ’ ਵੀ ਸਨ ਤੇ ‘ਸਿੰਘ’ ਵੀ।ਇਸ ਥਾਂ ਤੋਂ ਗੁਰੂ ਨਾਲ ਇਕ ਮਿਕ ਹੋਣ ਦੇ ਸ਼ੁਰੂ ਹੋਏ ਸਫ਼ਰ ਨੇ ਉਹਨਾਂ ਨੂੰ ਉਸ ਸਿਖਰ ਤੇ ਲੈ ਆਂਦਾ ਜਿਥੇ , ਖਾਲਸਾ ਮੇਰੋ ਰੂਪ ਹੈ ਖਾਸ ਹੋ ਜਾਈਦਾ ਹੈ।ਇਹਨਾਂ ਦਿਨਾਂ ਵਿੱਚ ਹੀ ਸਿੱਖ ਧਰਮ, ਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਰਬਿੰਦਰ ਨਾਥ ਟੈਗੋਰ ਦੀਆਂ ਮਾਡਰਨ ਰਵੀਊ ਵਿਚਲੀਆਂ ਘਟੀਆ ਟਿੱਪਣੀਆਂ ਦਾ ਠੋਕ ਵਜਾ ਕੇ ਜੁਆਬ ਦਿੱਤਾ।
ਜੇ ਇਹ ਕਹਿ ਲਿਆ ਜਾਵੇ ਤਾਂ ਦਰੁਸਤ ਹੈ ਕਿ ਆਪ ਨੂੰ ਗੁਰੂ ਬਾਬੇ ਦੀ ਉਹ ਆਸੀਸ ਹਾਸਲ ਸੀ , ਜਿਸਦਾ ਜ਼ਿਕਰ ਜਨਮ ਸਾਖੀ ਵਿਚ ‘ਉਜੜ ਜਾਉ’ ਦੇ ਰੂਪ ਵਿਚ ਆਉਦਾ ਹੈ ਤਾਂ ਕਿ ਚੰਗਿਆਈਆ ਫੈਲਦੀ ਰਹੇ। ਆਪ ਕਦੀ ਵੀ ਇਕ ਥਾਂ ਟਿਕ ਨਹੀਂ ਬੈਠੇ। 1918 ਵਿੱਚ ਪਟਿਆਲੇ ,1919 ਤੋਂ 1923 ਤੱਕ ਗਵਾਲੀਅਰ ਰਿਆਸਤ ਅਤੇ 1926 ਈਸਵੀ ਵਿਚ ਕਸ਼ਮੀਰ ਦੇ ਮਹਾਰਾਜਾ ਪਾਸ ਨੌਕਰੀ ਕੀਤੀ। ਪਰ ਮਾਹੌਲ ਰਾਸ ਨ ਆਉਣ ਕਾਰਨ ਆਪ ਅਗਲੇ ਸਫਰ ਤੇ ਤੁਰ ਪੈਂਦੇ। ਉਹ ਦੁਨਿਆਵੀ ਚੁਸਤੀਆਂ , ਚਲਾਕੀਆਂ , ਗਰਜਾ ਤੋ ਅਭਿੱਜ ਸਨ , ਨਿਰਵਾਣ ਤਕ ਪੁਜੀ ਹੋਈ ਰੂਹ।
1926 ਈਸਵੀ ਵਿੱਚ ਚੱਕ ਨੰਬਰ 73/19 ਜੜ੍ਹਾਂ ਵਾਲੇ , 15 ਮੁਰੱਬੇ ਲੈ ਕੇ ਰੋਸ਼ਾ ਘਾਹ ਬੀਜ ਕੇ ਤੇਲ ਕੱਢਣ ਦੀ ਸਕੀਮ ਬਣਾਈ । ਇਸ ਸਾਰੇ ਉਪਰ ਬਹੁਤ ਮਿਹਨਤ ਕੀਤੀ । ਪਰ ਰੱਬ ਦੀ ਕਰਨੀ , ਹੜ ਆਇਆ ਤੇ ਸਾਰੇ ਘਰ ਨੂੰ ਰੋੜ ਕੇ ਲੈ ਗਿਆ। ਕੇਵਲ ਆਪਣੀਆਂ ਲਿਖਤਾਂ ਤੇ ਪੁਸਤਕਾਂ ਦੇ ਭਰੇ ਟਰੰਕ ਨੂੰ ਉਚੀ ਥਾਂ ਤੇ ਸੰਭਾਲ ਕੇ ,ਇਸ ਸਾਰੇ ਉਜਾੜੇ ਨੂੰ ਵੇਖ ਕੇ ਮੁਰਝਾਉਣ ਦੀ ਬਜਾਇ , ਮੁਸਕਰਾ ਕੇ ਕਹਿਣ ਲੱਗੇ; ਭਲਾ ਹੋਇਆ ਮੇਰਾ ਚਰਖ਼ਾ ਟੁੱਟਾ ਜਿੰਦ ਅਜ਼ਾਬੋ ਛੁਟੀਂ!
ਬਾਰ ਦੇ ਜੰਗਲਾਂ ਵਿਚ ਪ੍ਰੋਫੈਸਰ ਪੂਰਨ ਸਿੰਘ ਨੂੰ ਤਪਦਿਕ ਦੀ ਬਿਮਾਰੀ ਨੇ ਆਣ ਘੇਰਿਆ । ਇਲਾਜ ਵਾਸਤੇ ਇਹਨਾਂ ਨੂੰ ਦੇਹਰਾਦੂਨ ਲਿਆਂਦਾ ਗਿਆ। ਇਥੇ ਹੀ ਪੂਰਬ ਪੱਛਮ ਦਾ ਸੁਮੇਲ ਕਰਨ ਵਾਲਾ ਇਹ ਮਹਾਨ ਪੁਰਖ 31ਮਾਰਚ 1931ਨੂੰ ਇਸ ਦੁਨੀ ਸੁਆਵੇ ਬਾਗ ਵਿਚੋਂ ਰੁਖਸਤ ਹੋ ਗਿਆ। ਇਹ ਖ਼ਬਰ ਜਦ ਭਾਈ ਵੀਰ ਸਿੰਘ ਹੁਣਾ ਨੂੰ ਮਿਲੀ ਤਾਂ ਉਹਨਾਂ ਦੇ ਬੋਲ ਸਨ ;
ਤੇਰੇ ਸੁਰਤ ਉਛਾਲੇ ਤੈਨੂੰ ਖਿਦੂ ਜਿਉਂ ਥੁੜਕਾਵਨ,
ਫ਼ਰਸ਼ੋਂ ਚੁਕ ਅਰਸ਼ ਵੱਲ ਤੇਰੇ ਹੰਭਲੇ ਪਏ ਮਰਾਵਨ।
ਕਿਸੇ ਉਛਾਲੇ ਸਮੇਂ ਅਰਸ਼ ਦੇ ਆ ਗਈ ਹਥ ਕਲਾਈ,
ਖਿਚ ਉਤਾਂਹ ਲਿਆ ਤੁਧੇ ਨੂੰ ਬਾਗ਼ ਆਪਣੇ ਲਾਵਨ।
ਕਹਿੰਦੇ ਨੇ ਜਦ ਪ੍ਰੋਫੈਸਰ ਪੂਰਨ ਸਿੰਘ ਹੁਣਾ ਨੇ ਸਵਾਸ ਛੱਡੇ ਤਾਂ ਪੰਥ ਦੇ ਮਹਾਨ ਸੇਵਕ ਭਾਈ ਰਣਧੀਰ ਸਿੰਘ ਦਿੱਲੀ ਰਕਾਬਗੰਜ ਗੁਰਦੁਆਰੇ ਕੀਰਤਨ ਦੀ ਹਾਜਰੀ ਭਰ ਰਹੇ ਸਨ। ਅਚਾਨਕ ਆਪ ਨੇ ਵਾਜਾ ਛੱਡਿਆ ਤੇ ਖੜੋ ਕੇ ਅਰਦਾਸ ਕਰੀ ਗਏ। ਕੀਰਤਨ ਚੱਲਦਾ ਰਿਹਾ । ਜਦ ਸਮਾਪਤੀ ਤੇ ਸੰਗਤ ਨੇ ਕੀਰਤਨ ਵਿੱਚ ਖੜੇ ਹੋਣ ਦਾ ਕਾਰਨ ਪੁਛਿਆ ਤਾਂ ਆਪ ਕਹਿਣ ਲੱਗੇ ਕਿ ਪ੍ਰੋਫੈਸਰ ਪੂਰਨ ਸਿੰਘ ਹੁਣੀ ਪੂਰੇ ਹੋ ਗਏ ਹਨ, ਅਸੀਂ ਸਰੀਰਿਕ ਰੂਪ ਵਿਚ ਭਾਂਵੇ ਕਦੇ ਨਹੀਂ ਮਿਲੇ , ਪਰ ਰੂਹਾਂ ਦਾ ਮਿਲਾਪ ਹਮੇਸ਼ਾ ਰਿਹਾ।
ਪ੍ਰੋਫੈਸਰ ਪੂਰਨ ਸਿੰਘ ਰਹਿੰਦੀ ਦੁਨੀਆਂ ਤੱਕ ਆਪਣੀਆਂ ਲਿਖਤਾਂ ਦੇ ਜ਼ਰੀਏ ਅਮਰ ਰਹਿਣਗੇ ਤੇ ਆਤਮ ਜਗਿਆਸੂਆਂ ਦੀ ਅਗਵਾਈ ਕਰਦੇ ਰਹਿਣਗੇ ।ਉਹਨਾਂ ਦੀਆਂ ਲਿਖਤਾਂ ਅੰਗਰੇਜ਼ੀ , ਪੰਜਾਬੀ ਜ਼ੁਬਾਨ ਵਿੱਚ ਛਪੀਆਂ ਤੇ ਖਰੜਿਆਂ ਦੇ ਰੂਪ ਵਿੱਚ ਪਈਆਂ ਹਨ। ਥੱਲੇ ਦੋ ਤਸਵੀਰਾਂ ਵਿੱਚ ਉਹਨਾਂ ਰਚਨਾਵਾਂ ਦੇ ਨਾਮ ਨੇ ਜੋ ਛੱਪ ਚੁਕੀਆਂ ਹਨ ।