JEE Mains 2026

ਪੰਜਾਬ ਦੇ ਸਰਕਾਰੀ ਸਕੂਲਾਂ ਦੇ 305 ਵਿਦਿਆਰਥੀਆਂ ਨੇ ਪਹਿਲੀ ਕੋਸ਼ਿਸ਼ ‘ਚ ਪਾਸ ਕੀਤੀ JEE ਮੇਨਜ਼ ਪ੍ਰੀਖਿਆ

ਚੰਡੀਗੜ੍ਹ, 21 ਫਰਵਰੀ 2026: ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿੱਦਿਆ ਦੇ ਖੇਤਰ ‘ਚ ਕੀਤੇ ਜਾ ਰਹੇ ਸੁਧਾਰਾਂ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ 305 ਵਿਦਿਆਰਥੀਆਂ ਨੇ ਪਹਿਲੀ ਕੋਸ਼ਿਸ਼ ‘ਚ ਹੀ ਜੁਆਇੰਟ ਐਂਟਰੈਂਸ ਪ੍ਰੀਖਿਆ (JEE) ਮੇਨ- 2026 ਪਾਸ ਕੀਤੀ ਹੈ | ਇਹ ਪਿਛਲੇ ਸਾਲ ਦੇ 187 ਸਫਲ ਉਮੀਦਵਾਰਾਂ ਨਾਲੋਂ 63 ਫੀਸਦੀ ਵੱਧ ਹੈ |

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਦੇ 5 ਵਿਦਿਆਰਥੀਆਂ ਨੇ ਵੀ ਇਹ ਵੱਕਾਰੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਯੋਗ ਵਿਦਿਆਰਥੀਆਂ ਨੂੰ ਜੇ.ਈ.ਈ. ਐਡਵਾਂਸ ਦੀ ਤਿਆਰੀ ਲਈ 3 ਹਫ਼ਤਿਆਂ ਦਾ ਵਿਸ਼ੇਸ਼ ਰਿਹਾਇਸ਼ੀ ਸਿਖਲਾਈ ਕੈਂਪ ਲਾਵੇਗੀ ਤਾਂ ਜੋ ਅਗਲੇ ਪੜਾਅ ਲਈ ਉਨ੍ਹਾਂ ਦਾ ਸਹੀ ਮਾਰਗਦਰਸ਼ਨ ਯਕੀਨੀ ਬਣਾਇਆ ਜਾ ਸਕੇ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪ੍ਰਾਪਤੀ ਸਾਡੇ ਪੂਰੇ ਸਕੂਲ ਸਿੱਖਿਆ ਵਿਭਾਗ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਸਾਰੇ ਸਮਰਪਿਤ ਅਧਿਆਪਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਹਾਲ ਹੀ ‘ਚ ਆਏ ਜੇ.ਈ.ਈ. ਮੇਨਜ਼ ਫੇਜ਼ 1 ਦੇ ਨਤੀਜਿਆਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਤਸਵੀਰ ਪੇਸ਼ ਕੀਤੀ ਹੈ, ਜਿਸ ‘ਚ 305 ਵਿਦਿਆਰਥੀਆਂ ਨੇ ਪ੍ਰਤੀਯੋਗੀ ਇੰਜੀਨੀਅਰਿੰਗ ਪ੍ਰੀਖਿਆ ਪਾਸ ਕੀਤੀ ਹੈ। ਇਹ ਪ੍ਰਾਪਤੀ ਪਿਛਲੇ ਸਾਲ ਦੇ 187 ਸਫ਼ਲ ਉਮੀਦਵਾਰਾਂ ਨਾਲੋਂ 63 ਫੀਸਦੀ ਵੱਧ ਹੈ।

ਸਿੱਖਿਆ ਮੰਤਰੀ ਨੇ ਇਨ੍ਹਾਂ ਵਿਦਿਆਰਥੀਆਂ ਦੀ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਭਵਿੱਸ਼ਯਾ, ਜੋ ਸਕੂਲ ਆਫ਼ ਐਮੀਨੈਂਸ, ਟਾਊਨ ਹਾਲ, ਅੰਮ੍ਰਿਤਸਰ , 12ਵੀਂ ਜਮਾਤ ਨਾਨ-ਮੈਡੀਕਲ ਦਾ ਵਿਦਿਆਰਥੀ ਹੈ, ਉਸ ਨੇ 98.182 ਫੀਸਦੀ ਅੰਕ ਪ੍ਰਾਪਤ ਕੀਤੇ, ਭਾਵੇਂ ਕਿ ਉਹ ਸਿਰਫ਼ 1.5 ਲੱਖ ਦੀ ਸਾਲਾਨਾ ਆਮਦਨ ਵਾਲੇ ਗਰੀਬ ਪਰਿਵਾਰ ਤੋਂ ਆਉਂਦਾ ਹੈ। ਉਸਦੇ ਪਿਤਾ ਮੋਬਾਈਲ ਮੁਰੰਮਤ ਦੀ ਦੁਕਾਨ ਚਲਾਉਂਦੇ ਹਨ ਅਤੇ ਉਸਦੀ ਮਾਂ ਕੱਪੜੇ ਸਿਉਂਦੀ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿੱਤੀ ਰੁਕਾਵਟਾਂ ਦੇ ਬਾਵਜੂਦ, ਇੰਜੀਨੀਅਰਿੰਗ ਕਰਨ ਅਤੇ ਆਪਣੇ ਪਰਿਵਾਰ ਦੇ ਵਿੱਤੀ ਪੱਧਰ ਨੂੰ ਉੱਚਾ ਚੁੱਕਣ ਦਾ ਉਸਦਾ ਇਰਾਦਾ ਅਡੋਲ ਤੇ ਅਡਿੱਗ ਰਿਹਾ। ਸਕੂਲ ਦੇ ਪੂਰਨ ਸਮਰਥਨ ਅਤੇ ਅਨੁਸ਼ਾਸਿਤ ਤਿਆਰੀ ਸਦਕਾ ਉਸਨੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਬਠਿੰਡਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਦਿਲਖੁਸ਼ ਝਾਅ ਨੇ ਜੇਈਈ ਮੇਨਜ਼ ‘ਚ 95.091 ਫੀਸਦੀ ਅੰਕ ਪ੍ਰਾਪਤ ਕੀਤੇ। ਇੱਕ ਮਜ਼ਦੂਰ ਪਿਤਾ ਅਤੇ ਘਰੇਲੂ ਮਾਂ ਅਤੇ ਸਿਰਫ਼ 1.2 ਲੱਖ ਦੀ ਸਾਲਾਨਾ ਪਰਿਵਾਰਕ ਆਮਦਨ ਵਾਲੇ ਇਸ ਮਿਹਨਤੀ ਵਿਦਿਆਰਥੀ ਨੇ ਸਵੈ-ਅਧਿਐਨ ਅਤੇ ਪੇਸ ਕਲਾਸਾਂ ਰਾਹੀਂ ਇਹ ਸਫ਼ਲਤਾ ਹਾਸਲ ਕੀਤੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਸਕੂਲ ਆਫ਼ ਐਮੀਨੈਂਸ, ਸੰਗਰੂਰ ਦੀ 12ਵੀਂ ਜਮਾਤ ਦੀ ਸਾਇੰਸ ਦੀ ਵਿਦਿਆਰਥਣ ਪ੍ਰਿਯੰਕਾ ਸ਼ਰਮਾ ਇੱਕ ਸਾਧਾਰਨ ਪਰਿਵਾਰ ਤੋਂ ਆਉਂਦੀ ਹੈ। ਉਸਦੇ ਪਿਤਾ ਅਕਾਊਂਟੈਂਟ ਹਨ ਅਤੇ ਉਸਦੀ ਮਾਂ ਇੱਕ ਪ੍ਰਾਈਵੇਟ ਸਕੂਲ ‘ਚ ਪੜ੍ਹਾਉਂਦੀ ਹੈ। ਲਗਭਗ 3.5 ਲੱਖ ਦੀ ਸਾਲਾਨਾ ਪਰਿਵਾਰਕ ਆਮਦਨ ਦੇ ਬਾਵਜੂਦ ਉਨ੍ਹਾਂ ਨੇ ਪੂਰੇ ਅਨੁਸ਼ਾਸਨ ਅਤੇ ਲਗਨ ਨਾਲ ਤਿਆਰੀ ਕੀਤੀ, ਪੇਸ ਕਲਾਸਾਂ, ਨਿਯਮਤ ਮੌਕ ਟੈਸਟਾਂ ਅਤੇ ਮਜ਼ਬੂਤ ਅਕਾਦਮਿਕ ਮਾਰਗਦਰਸ਼ਨ ਤੋਂ ਲਾਭ ਲਿਆ। ਉਸਦੇ ਯਤਨਾਂ ਦੇ ਨਤੀਜੇ ਵਜੋਂ ਜੇਈਈ ਮੇਨਜ਼ ‘ਚ ਸ਼ਾਨਦਾਰ 96.44 ਫੀਸਦੀ ਅੰਕ ਪ੍ਰਾਪਤ ਕੀਤੇ ਭਾਵੇਂ ਨਾਲ ਹੀ ਉਹ ਨੀਟ ਦੀ ਤਿਆਰੀ ਵੀ ਕਰ ਰਹੀ ਸੀ ।”

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਸਕੂਲ ਆਫ਼ ਐਮੀਨੈਂਸ, ਛਾਜਲੀ ਸੰਗਰੂਰ ਦੀ 12ਵੀਂ ਜਮਾਤ ਦੀ ਨਾਨ-ਮੈਡੀਕਲ ਦੀ ਵਿਦਿਆਰਥਣ ਹਰਮਨਦੀਪ ਸ਼ਰਮਾ ਇੱਕ ਅਜਿਹੇ ਪਰਿਵਾਰ ਤੋਂ ਆਉਂਦੀ ਹੈ ਜਿੱਥੇ ਪਿਤਾ ਅਕਾਊਂਟੈਂਟ ਹੈ ਅਤੇ ਉਸਦੀ ਮਾਂ ਘਰੇਲੂ ਔਰਤ ਹੈ ਅਤੇ ਪਰਿਵਾਰ ਦੀ ਸਾਲਾਨਾ ਆਮਦਨ ਲਗਭੱਗ 2.5 ਲੱਖ ਹੈ। ਇੰਜੀਨੀਅਰਿੰਗ ਕਰਨ ਦੀ ਇੱਛਾ ਰੱਖਣ ਵਾਲੀ ਇਸ ਹੋਣਹਾਰ ਵਿਦਿਆਰਥਣ ਨੇ ਬਿਨਾਂ ਕਿਸੇ ਪ੍ਰਾਈਵੇਟ ਟਿਊਸ਼ਨ ਦੇ ਸਕੂਲ ਸਹਾਇਤਾ ਦੁਆਰਾ ਸਾਰੀ ਤਿਆਰੀ ਕੀਤੀ, ਅਧਿਆਪਕ ਮਾਰਗਦਰਸ਼ਨ ਅਤੇ ਪੇਸ ਲਰਨਿੰਗ ਤੋਂ ਪੂਰਾ ਲਾਭ ਲਿਆ । ਉਸਦੀ ਅਨੁਸ਼ਾਸਿਤ ਤਿਆਰੀ ਸਦਕਾ ਉਸਨੇ ਜੇਈਈ ਮੇਨ ‘ਚ ਸ਼ਾਨਦਾਰ 98.75 ਫੀਸਦੀ ਅੰਕ ਪ੍ਰਾਪਤ ਹੋਏ।”

ਸਿੱਖਿਆ ਮੰਤਰੀ ਨੇ ਕਿਹਾ, “ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਪਲਕ ਕੌਰ ਇੱਕ ਸਾਧਾਰਨ ਪਿਛੋਕੜ ਵਾਲੀ ਲੜਕੀ ਹੈ ਅਤੇ ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ ਉਸਨੂੰ ਕਈ ਨਿੱਜੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਸਦੀ ਪਰਵਰਿਸ਼ ਉਸਦੀ ਮਾਂ, ਜੋ ਇੱਕ ਘਰੇਲੂ ਔਰਤ ਹੈ ਵੱਲੋਂ ਕੀਤੀ ਜਾ ਰਹੀ ਹੈ। ਇਸ ਪਰਿਵਾਰ ਦੀ ਸਾਲਾਨਾ ਆਮਦਨ 1,00,000 ਤੋਂ ਵੀ ਘੱਟ ਹੈ। ਵਿੱਤੀ ਤੰਗੀ ਅਤੇ ਹੋਰ ਮੁਸ਼ਕਲਾਂ ਦੇ ਬਾਵਜੂਦ, ਉਹ ਆਪਣੀ ਸਿੱਖਿਆ ’ਤੇ ਕੇਂਦ੍ਰਿਤ ਰਹੀ। ਉਸਦੀ ਲਗਨ ਦੇ ਨਤੀਜੇ ਵਜੋਂ ਜੇਈਈ ਮੇਨ ‘ਚ 90.11 ਫੀਸਦੀ ਅੰਕ ਪ੍ਰਾਪਤ ਹੋਏ।”

ਉਨ੍ਹਾਂ ਨੇ ਕਿਹਾ ਕਿ ਐਸਏਐਸ ਨਗਰ ਦੇ ਇੱਕ ਸਰਕਾਰੀ ਸਕੂਲ ‘ਚ 12ਵੀਂ ਜਮਾਤ ਦੀ ਵਿਦਿਆਰਥਣ ਕਾਜਲ, ਜੋ ਇੱਕ ਆਮ ਪਰਿਵਾਰ ਨਾਲ ਸਬੰਧਤ ਹੈ ਅਤੇ ਉਸਦੇ ਪਿਤਾ ਇੱਕ ਨਿੱਜੀ ਸੁਰੱਖਿਆ ਕੰਪਨੀ ‘ਚ ਸੁਪਰਵਾਈਜ਼ਰ ਵਜੋਂ ਕੰਮ ਕਰਦੇ ਹਨ ਅਤੇ ਮਾਂ ਇੱਕ ਘਰੇਲੂ ਔਰਤ ਹੈ। ਉਨ੍ਹਾਂ ਕਿਹਾ ਕਿ ਕਾਜਲ ਦੇ ਪਰਿਵਾਰ ਦੀ ਸਲਾਨਾ ਆਮਦਨ ਲਗਭੱਗ 80,000 ਹੈ, ਫਿਰ ਵੀ ਇਨ੍ਹਾਂ ਵਿੱਤੀ ਤੰਗੀਆਂ ਦੇ ਬਾਜਜੂਦ, ਸਿੱਖਿਆ ਵੱਲ ਉਸਦਾ ਜਨੂੰਨ ਕਦੇ ਨਹੀਂ ਡੋਲਿਆ। ਉਹ ਆਈਆਈਟੀ ਮਦਰਾਸ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ। ਉਸਨੇ ਚੰਗੀ ਤਿਆਰੀ ਅਤੇ ਆਪਣੇ ਜਨੂੰਨ ਨਾਲ ਜੇਈਈ ਮੇਨਜ਼ 2026 ‘ਚ 92.66 ਫੀਸਦੀ ਅੰਕ ਪ੍ਰਾਪਤ ਕੀਤੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਐਸਏਐਸ ਨਗਰ ਦੇ ਇੱਕ ਸਰਕਾਰੀ ਸਕੂਲ ‘ਚ 12ਵੀਂ ਜਮਾਤ ਦਾ ਵਿਦਿਆਰਥੀ ਪਰਦੀਪ ਵੀ ਇੱਕ ਆਮ ਪਰਿਵਾਰ ਨਾਲ ਸਬੰਧਤ ਹੈ ਅਤੇ ਉਸਦੇ ਪਿਤਾ ਇੱਕ ਵਾਟਰ ਕੂਲਰ ਫੈਕਟਰੀ ‘ਚ ਮਜ਼ਦੂਰ ਵਜੋਂ ਕੰਮ ਕਰਦੇ ਹਨ ਅਤੇ ਮਾਂ ਇੱਕ ਘਰੇਲੂ ਔਰਤ ਹੈ। ਉਨ੍ਹਾ ਕਿਹਾ ਕਿ ਪਰਦੀਪ ਦੇ ਪਰਿਵਾਰ ਦੀ ਸਲਾਨਾ ਆਮਦਨ ਤਕਰੀਬਨ 1,20,000 ਹੈ, ਜਿਸ ਕਰਕੇ ਉਸ ਨੂੰ ਹਮੇਸ਼ਾ ਵਿੱਤੀ ਚੁਣੌਤੀਆਂ ‘ਚੋਂ ਦੀ ਲੰਘਣਾ ਪਿਆ। ਉਨ੍ਹਾਂ ਕਿਹਾ ਕਿ ਪਰਦੀਪ ਦੀ ਇੱਛਾ ਇੱਕ ਚੰਗੀ ਨੌਕਰੀ ਲੈਣ ਦੀ ਹੈ ਤਾਂ ਜੋ ਉਸਦੇ ਪਿਤਾ ਨੂੰ ਅੱਗੇ ਫੈਕਟਰੀ ਦੇ ਮੁਸ਼ਕਲ ਹਾਲਤਾਂ ‘ਚ ਕੰਮ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪਰਦੀਪ ਨੇ ਆਪਣੀ ਮਿਹਨਤ ਨਾਲ ਜੇਈਈ ਮੇਨਜ਼ 2026 ‘ਚ 93.11 ਫੀਸਦੀ ਅੰਕ ਹਾਸਲ ਕੀਤੇ।

ਇਸ ਸਫ਼ਲਤਾ ਦਾ ਸਿਹਰਾ ਪੰਜਾਬ ਸਰਕਾਰ ਦੇ ਠੋਸ ਯਤਨਾਂ, ਖਾਸ ਕਰਕੇ ਪੀਏਸੀਈ ਕੋਚਿੰਗ ਪੋਰਟਲ ਵਰਗੀਆਂ ਪਹਿਲਕਦਮੀਆਂ, ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਨਾਂ ਕੋਈ ਪੈਸਾ ਲਏ ਉੱਚ-ਗੁਣਵੱਤਾ ਦੇ ਨਾਲ ਪ੍ਰੀਖਿਆਵਾਂ ਲਈ ਤਿਆਰ ਕਰਦਿਆਂ ਹਨ, ਉਨ੍ਹਾਂ ਨੂੰ ਦਿੰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਡੇ ਕੋਲ ਅਜਿਹੇ ਹੋਰ ਪਤਾ ਨਹੀਂ ਕਿੰਨੇ ਕੁ ਕਿੱਸੇ ਹਨ ਜਿਨ੍ਹਾਂ ‘ਚ ਸਾਧਾਰਨ ਪਿਛੋਕੜ ਨਾਲ ਸਬੰਧਤ ਬੱਚੇ ਆਈਆਈਟੀ ਮਦਰਾਸ, ਆਈਆਈਟੀ ਬੰਬੇ, ਆਈਆਈਟੀ ਦਿੱਲੀ ਅਤੇ ਬਿਟਸ (ਬੀਆਈਟੀਐਸ) ਪਿਲਾਨੀ ‘ਚ ਪੜ੍ਹਨ ਦਾ ਸੁਪਨਾ ਦੇਖ ਰਹੇ ਹਨ।

ਸਿੱਖਿਆ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਅਜੇ ਸਿਰਫ਼ ਪ੍ਰੀਖਿਆ ਦੇ ਪਹਿਲੇ ਪੜਾਅ ਦੀ ਗੱਲ ਕਰ ਰਹੇ ਹਨ ਅਤੇ ਜੇਈਈ ਮੇਨਜ਼ ਦੀਆਂ ਅਗਲੀਆਂ ਪ੍ਰੀਖਿਆ ਨਾਲ ਇਹ ਗਿਣਤੀ ਹੋਰ ਵੀ ਵਧ ਜਾਵੇਗੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਾਪਤੀਆਂ ਦੇ ਪੱਖ ਤੋਂ ਦੇਖੀਏ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਰਾਬਰ ਹੋਰ ਕਿਸੇ ਵੀ ਪੰਜਾਬ ਨੇ ਅਜੇ ਤੱਕ ਅਜਿਹਾ ਕਰ ਕੇ ਨਹੀਂ ਦਿਖਾਇਆ। ਉਨ੍ਹਾਂ ਨੇ ਸਾਰੇ 305 ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਜੇਈਈ ਪ੍ਰੀਖਿਆਵਾਂ ਲਈ ਕੁਆਲੀਫਾਈ ਕਰਨ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ ‘ਚ ਚੋਖ਼ਾ ਵਾਧਾ ਹੋਇਆ ਹੈ ਅਤੇ ਇਸ ਵਾਰ 134 ਲੜਕੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ ਸਰਕਾਰੀ ਸਕੂਲਾਂ ‘ਚ ਸਟੈਮ (ਐਸਟੀਈਐਮ) ਸਿੱਖਿਆ ਖੇਤਰ ‘ਚ ਵਧ ਰਹੀ ਲਿੰਗ ਸਮਾਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਫ਼ਲਤਾ ਦਾ ਸਿਹਰਾ ਪੇਸ ਪ੍ਰੋਗਰਾਮ ਅਧੀਨ ਦੋ ਸਾਲਾਂ ਦੀ ਜੇਈਈ ਪ੍ਰੀਖਿਆ ਤਿਆਰੀ, ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਮੁਫ਼ਤ ਰਿਹਾਇਸ਼ੀ ਕੋਚਿੰਗ ਕੈਂਪ, ਨਿਯਮਤ ਮੌਕ ਟੈਸਟ, ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ, ਪੇਸ ਪੋਰਟਲ ਰਾਹੀਂ ਡਿਜੀਟਲ ਸਿਖਲਾਈ ਤੱਕ ਪਹੁੰਚ ਅਤੇ ਅਵੰਤੀ ਫੈਲੋ ਤੇ ਹੋਰ ਪ੍ਰਮੁੱਖ ਕੋਚਿੰਗ ਸੰਸਥਾਵਾਂ ਦੀ ਮਾਹਰ ਫੈਕਲਟੀ ਵੱਲੋਂ ਪ੍ਰਦਾਨ ਕੀਤੀ ਕਰੀਅਰ ਸੇਧ ਆਦਿ ਨੂੰ ਜਾਂਦਾ ਹੈ।

 

Read More : ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ 8 ਨਵ-ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ

ਵਿਦੇਸ਼

Scroll to Top