July 4, 2024 6:43 pm
Tamil Nadu

ਤਾਮਿਲਨਾਡੂ ‘ਚ ਹੜ੍ਹ ਕਾਰਨ 3 ਜਣਿਆਂ ਦੀ ਮੌਤ, ਟਰੇਨ ‘ਚ ਫਸੇ ਲਗਭਗ 800 ਯਾਤਰੀਆਂ ਨੂੰ ਕੱਢਣ ‘ਚ ਜੁਟੀ NDRF

ਚੰਡੀਗੜ੍ਹ, 19 ਦਸੰਬਰ 2023: ਤਾਮਿਲਨਾਡੂ (Tamil Nadu) ਦੇ ਦੱਖਣੀ ਜ਼ਿਲ੍ਹੇ ਇਨ੍ਹੀਂ ਦਿਨੀਂ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਦਰਅਸਲ, ਇਨ੍ਹਾਂ ਜ਼ਿਲ੍ਹਿਆਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਕਈ ਇਲਾਕੇ ਪਾਣੀ ਵਿਚ ਡੁੱਬ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਤਾਮਿਲਨਾਡੂ ਵਿੱਚ ਮੀਂਹ ਅਤੇ ਹੜ੍ਹ ਕਾਰਨ ਪੈਦਾ ਹੋਏ ਹਲਾਤਾਂ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਤਾਮਿਲਨਾਡੂ ਦੇ ਥੂਥੂਕੁਡੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਕਈ ਥਾਵਾਂ ‘ਤੇ 525 ਮਿਲੀਮੀਟਰ ਬਾਰਿਸ਼ ਹੋਈ। ਹੜ੍ਹ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਹਵਾਈ ਸੈਨਾ ਦੇ ਹੈਲੀਕਾਪਟਰਾਂ ਦੁਆਰਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫੂਡ ਪੈਕੇਟ ਅਤੇ ਹੋਰ ਜ਼ਰੂਰੀ ਵਸਤੂਆਂ ਸੁੱਟੀਆਂ ਜਾ ਰਹੀਆਂ ਹਨ।

ਟਰੇਨ ‘ਚ ਫਸੇ ਯਾਤਰੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

ਤਾਮਿਲਨਾਡੂ (Tamil Nadu) ਦੇ ਦੱਖਣੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਲਗਭਗ 670 ਮਿਲੀਮੀਟਰ ਅਤੇ 932 ਮਿਲੀਮੀਟਰ ਬਾਰਸ਼ ਕਾਰਨ ਰੇਲ ਸੇਵਾਵਾਂ ਵਿੱਚ ਵਿਘਨ ਪਿਆ ਹੈ। ਕਈ ਸਟੇਸ਼ਨਾਂ ‘ਤੇ ਪਾਣੀ ਭਰ ਗਿਆ ਹੈ। ਇਸ ਦੇ ਨਾਲ ਹੀ, ਰੇਲ ਸੇਵਾਵਾਂ ਵਿੱਚ ਵਿਘਨ ਅਤੇ ਭਾਰੀ ਮੀਂਹ ਕਾਰਨ ਤਿਰੂਚੇਂਦੁਰ ਅਤੇ ਤਿਰੂਨੇਲਵੇਲੀ ਸਟੇਸ਼ਨਾਂ ਦੇ ਵਿਚਕਾਰ ਚੱਲਣ ਵਾਲੀ ਰੇਲਗੱਡੀ ਵਿੱਚ 800 ਯਾਤਰੀ ਫਸ ਗਏ ਹਨ, ਜਿਨ੍ਹਾਂ ਨੂੰ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਦੀ ਮੱਦਦ ਨਾਲ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਐਨਡੀਆਰਐਫ ਨੇ ਕਿਹਾ ਹੈ ਕਿ ਉਸ ਦੀਆਂ ਦੋ ਟੀਮਾਂ ਫਸੇ ਹੋਏ ਰੇਲਵੇ ਯਾਤਰੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਵਾਈ ਸੈਨਾ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਆਪਰੇਸ਼ਨ ਚਲਾ ਰਹੀ ਹੈ। ਨਾਗਰਿਕਾਂ ਨੂੰ ਏਅਰ ਲਿਫਟ ਕੀਤਾ ਜਾ ਰਿਹਾ ਹੈ। ਇੱਕ ਗਰਭਵਤੀ ਔਰਤ ਅਤੇ ਡੇਢ ਸਾਲ ਦੀ ਬੱਚੀ ਸਮੇਤ ਚਾਰ ਯਾਤਰੀਆਂ ਨੂੰ ਹਵਾਈ ਸੈਨਾ ਨੇ ਸੁਰੱਖਿਅਤ ਬਚਾ ਲਿਆ।

ਮੁੱਖ ਮੰਤਰੀ ਸਟਾਲਿਨ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ

ਤਾਮਿਲਨਾਡੂ ਦੇ ਸੀਐਮ ਐਮਕੇ ਸਟਾਲਿਨ ਨੇ ਕਿਹਾ ਹੈ ਕਿ ਚੇਨਈ ਮੌਸਮ ਵਿਭਾਗ ਨੇ 17 ਅਤੇ 18 ਦਸੰਬਰ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ, ਪਰ ਮੀਂਹ ਉਮੀਦ ਤੋਂ ਵੱਧ ਸੀ। ਭਾਰੀ ਬਾਰਿਸ਼ ਹੋਈ ਅਤੇ ਸਾਨੂੰ ਚਿਤਾਵਨੀ ਵੀ ਦੇਰ ਨਾਲ ਮਿਲੀ। ਇਸ ਦੇ ਬਾਵਜੂਦ ਤਾਮਿਲਨਾਡੂ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਮੁੱਖ ਮੰਤਰੀ ਸਟਾਲਿਨ ਅੱਜ ਸ਼ਾਮ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦੇਣਗੇ।