July 7, 2024 5:30 pm
Kotakpura

ਕੋਟਕਪੂਰਾ ‘ਚ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ 3 ਜੀਆਂ ਦੀ ਮੌਤ, ਇੱਕ ਜ਼ਖਮੀ

ਚੰਡੀਗੜ੍ਹ, 12 ਜੁਲਾਈ 2023: ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਕਈ ਥਾਵਾਂ ਤੋਂ ਹੜ੍ਹਾਂ ਅਤੇ ਮਕਾਨਾਂ ਦੇ ਢਹਿ ਜਾਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਸ ਦੌਰਾਨ ਕੋਟਕਪੂਰਾ (Kotakpura) ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਸੁੱਤੇ ਹੋਏ ਪਰਿਵਾਰ ਦੇ ਮੁਖੀ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇਕ ਲੜਕੀ ਜ਼ਖ਼ਮੀ ਹੋ ਗਈ ਹੈ ।

ਮਿਲੀ ਜਾਣਕਾਰੀ ਅਨੁਸਾਰ ਮਕਾਨ ਦੀ ਛੱਤ ਹੇਠ ਘਰ ਦਾ ਮੁਖੀ ਗਗਨਦੀਪ ਸਿੰਘ (30) ਆਪਣੀ ਕਮਲਜੀਤ ਕੌਰ ਕਮਲ (25), ਬੇਟੇ ਗੈਵੀ (4) ਅਤੇ ਇਕ ਗੁਆਂਢੀਆਂ ਦੀ ਲੜਕੀ ਇੰਦਰਜੀਤ ਕੌਰ (15) ਪੁੱਤਰੀ ਨਿੱਕਾ ਸਿੰਘ ਸਮੇਤ ਸੁੱਤਾ ਹੋਇਆ ਸੀ। ਅਚਾਨਕ ਛੱਤ ਡਿੱਗਣ ਕਾਰਨ ਇਹ ਸਾਰੇ ਭਾਰੀ ਮਲਬੇ ਹੇਠ ਆ ਕੇ ਦਬ ਗਏ। ਮੌਕੇ ’ਤੇ ਸਥਾਨਕ ਲੋਕਾਂ ਵਲੋਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਕਤ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ, ਮ੍ਰਿਤਕ ਕਮਲਜੀਤ ਕੌਰ ਅੱਠ ਮਹੀਨਿਆਂ ਦੀ ਗਰਭਵਤੀ ਸੀ। ਜਦਕਿ ਇੰਦਰਜੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ ਹੈ।