ਜਲੰਧਰ ਸਿਵਲ ਹਸਪਤਾਲ

ਜਲੰਧਰ ਸਿਵਲ ਹਸਪਤਾਲ ਘਟਨਾ ਮਾਮਲੇ ‘ਚ ਮੈਡੀਕਲ ਸੁਪਰਡੈਂਟ ਸਮੇਤ 3 ਡਾਕਟਰ ਮੁਅੱਤਲ

ਜਲੰਧਰ, 31 ਜੁਲਾਈ 2025: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਲੰਧਰ ਸਿਵਲ ਹਸਪਤਾਲ ‘ਚ ਵਾਪਰੀ ਇੱਕ ਦੁਖਦਾਈ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ | ਸਿਹਤ ਮੰਤਰੀ ਨੇ ਮੈਡੀਕਲ ਸੁਪਰਡੈਂਟ ਅਤੇ ਸੀਨੀਅਰ ਮੈਡੀਕਲ ਅਫਸਰ ਸਮੇਤ ਤਿੰਨ ਡਾਕਟਰਾਂ ਨੂੰ ਮੁਅੱਤਲ ਕਰਨ ਅਤੇ ਇੱਕ ਹਾਊਸ ਸਰਜਨ ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਆਕਸੀਜਨ ਸਪਲਾਈ ‘ਚ ਵਿਘਨ ਪਿਆ, ਜਿਸ ਕਾਰਨ ਕਈ ਗੰਭੀਰ ਮਰੀਜ਼ਾਂ ਦੀ ਮੌਤ ਹੋ ਗਈ।

ਮੁਅੱਤਲ ਕੀਤੇ ਅਧਿਕਾਰੀਆਂ ਵਿੱਚ ਮੈਡੀਕਲ ਸੁਪਰਡੈਂਟ ਡਾ. ਰਾਜ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਸੁਰਜੀਤ ਸਿੰਘ ਅਤੇ ਡਿਊਟੀ ‘ਤੇ ਮੌਜੂਦ ਕੰਸਲਟੈਂਟ ਅਨੱਸਥੀਸੀਆ ਡਾ. ਸੋਨਾਕਸ਼ੀ ਸ਼ਾਮਲ ਹਨ। ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਿੰਨ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਘਟਨਾ ਦੀ ਵਿਸਤ੍ਰਿਤ ਜਾਂਚ ਚੱਲ ਰਹੀ ਹੈ, ਜਿਸ ਦੇ ਆਧਾਰ ‘ਤੇ ਦੋਸ਼ੀ ਪਾਏ ਜਾਣ ‘ਤੇ, ਉਨ੍ਹਾਂ ਨੂੰ ਸਥਾਈ ਤੌਰ ‘ਤੇ ਸੇਵਾ ਤੋਂ ਬਰਖਾਸਤ ਕੀਤਾ ਜਾ ਸਕਦਾ ਹੈ। ਅਜਿਹੀ ਸਥਿਤੀ ‘ਚ ਉਹ ਕਿਸੇ ਵੀ ਸੇਵਾ ਲਾਭ ਦੇ ਯੋਗ ਨਹੀਂ ਹੋਣਗੇ।

ਇਸ ਦੇ ਨਾਲ ਹੀ ਹਾਊਸ ਸਰਜਨ ਡਾ. ਸ਼ਮਿੰਦਰ ਸਿੰਘ ਨੂੰ ਡਿਊਟੀ ਪ੍ਰਤੀ ਘੋਰ ਲਾਪਰਵਾਹੀ ਕਾਰਨ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ 49 ਅੰਦਰੂਨੀ ਮੈਡੀਕਲ ਅਫਸਰ, 46 ਡੀਐਨਬੀ ਡਾਕਟਰ, 14 ਹਾਊਸ ਸਰਜਨ ਅਤੇ 17 ਮੈਡੀਕਲ ਅਫਸਰ ਹਨ, ਜੋ ਕਿ ਪ੍ਰਤੀ ਬੈੱਡ ਇੱਕ ਡਾਕਟਰ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਾਫ਼ੀ ਹਨ। ਫਿਰ ਵੀ ਡਿਊਟੀ ‘ਚ ਲਾਪਰਵਾਹੀ ਕਾਰਨ ਕੀਮਤੀ ਜਾਨਾਂ ਚਲੀਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਲਈ ਵਿੱਤੀ ਸਰੋਤਾਂ ਦੀ ਕੋਈ ਕਮੀ ਨਹੀਂ ਹੈ।

Read More: Ludhiana News: ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਲੁਧਿਆਣਾ ਦੌਰਾ ਰੱਦ

Scroll to Top