ਸ੍ਰੀ ਗੁਰੂ ਤੇਗ ਬਹਾਦਰ ਜੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹਰ ਜ਼ਿਲ੍ਹੇ ‘ਚ 3.50 ਲੱਖ ਪੌਦੇ ਲਗਾਏ ਜਾਣਗੇ: ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ/ਬਟਾਲਾ, 23 ਜੁਲਾਈ 2025: ਪੰਜਾਬ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੇ 89ਵੇਂ ਜਨਮ ਦਿਨ ਨੂੰ ਸਮਰਪਿਤ ‘ਰਾਜ ਪੱਧਰੀ ਸਮਾਗਮ’ ਸਥਾਨਕ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਵਿਖੇ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ‘ਚ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ, ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਦਲਵਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸੁਹੇਲ ਕਾਸਿਮ ਮੀਰ, ਐਸਐਸਪੀ ਬਟਾਲਾ, ਡਾ. ਹਰਜਿੰਦਰ ਸਿੰਘ ਬੇਦੀ ਵਧੀਕ ਡਿਪਟੀ ਕਮਿਸ਼ਨਰ (ਜ), ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ, ਰਾਜੀਵ ਬਟਾਲਵੀ ਅਤੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਦੇ ਵਿਕਾਸ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਇਸ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਦੇ ਹਰ ਜ਼ਿਲ੍ਹੇ ‘ਚ 3.50 ਲੱਖ ਪੌਦੇ ਲਗਾਏ ਜਾਣਗੇ ਤਾਂ ਜੋ ਹਰ ਜ਼ਿਲ੍ਹੇ ‘ਚ ਵਾਤਾਵਰਣ ਨੂੰ ਹਰਾ-ਭਰਾ ਅਤੇ ਖੁਸ਼ਹਾਲ ਬਣਾਇਆ ਜਾ ਸਕੇ।

ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਉਣ ਲਈ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹਾਈਵੇ ਦੇ ਦੋਵੇਂ ਪਾਸੇ ਫੁੱਲਦਾਰ ਰੁੱਖ ਲਗਾਉਣ ਲਈ ਇੱਕ ਪਾਇਲਟ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਹੈ। ਸ਼ੁਰੂਆਤੀ ਪੜਾਅ ‘ਚ ਇਹ ਪ੍ਰੋਜੈਕਟ 5 ਜ਼ਿਲ੍ਹਿਆਂ ‘ਚ ਲਾਗੂ ਕੀਤਾ ਜਾਵੇਗਾ | ਇਨ੍ਹਾਂ ‘ਚ ਰੋਪੜ (ਖਾਸ ਕਰਕੇ ਸ੍ਰੀ ਆਨੰਦਪੁਰ ਸਾਹਿਬ), ਸ਼ਹੀਦ ਭਗਤ ਸਿੰਘ ਨਗਰ (ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਆਲੇ-ਦੁਆਲੇ ਦੇ ਖੇਤਰ), ਪਠਾਨਕੋਟ, ਸੰਗਰੂਰ ਅਤੇ ਅੰਮ੍ਰਿਤਸਰ ਸ਼ਾਮਲ ਹਨ। ਪ੍ਰੋਜੈਕਟ ਤਹਿਤ, ਇਨ੍ਹਾਂ ਜ਼ਿਲ੍ਹਿਆਂ ‘ਚ ਹਾਈਵੇਅ ਦੇ ਸੱਜੇ ਅਤੇ ਖੱਬੇ ਦੋਵੇਂ ਪਾਸੇ 500 ਮੀਟਰ ਦੀ ਦੂਰੀ ‘ਤੇ 5 ਫੁੱਟ, 6 ਫੁੱਟ ਅਤੇ 7 ਫੁੱਟ ਉੱਚੇ ਰੁੱਖ ਲਾਏ ਜਾਣਗੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਸਾਡਾ ਯਤਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਹਾਨ ਕਵੀ ‘ਸ਼ਿਵ ਕੁਮਾਰ ਬਟਾਲਵੀ ਜੀ’ ਦੇ 89ਵੇਂ ਜਨਮ ਦਿਵਸ ਨੂੰ ਸਮਰਪਿਤ ਰੁੱਖਾਂ ਦੀ ਮਹੱਤਤਾ ਅਤੇ ਵਾਤਾਵਰਣ ਦੀ ਸੁਰੱਖਿਆ ‘ਤੇ ਇੱਕ ਮਹੀਨਾ ਚੱਲਣ ਵਾਲਾ ਭਾਸ਼ਣ ਅਤੇ ਕਵਿਤਾ ਮੁਕਾਬਲਾ ਅੱਜ ‘ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ’ ਬਟਾਲਾ ਵਿਖੇ ਕਰਵਾਇਆ ਇੱਕ ਰਾਜ ਪੱਧਰੀ ਸਮਾਗਮ ‘ਚ ਸ਼ੁਰੂ ਕੀਤਾ ਗਿਆ, ਜਿਸ ‘ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ, ਜੋ ਵਧਾਈ ਦੇ ਹੱਕਦਾਰ ਹਨ।

ਕੈਬਿਨਟ ਮੰਤਰੀ ਨੇ ਕਿ ਇਸ ਸੰਬੰਧੀ ਮੁਕਾਬਲੇ 1 ਮਹੀਨੇ ਤੱਕ ਕਰਵਾਏ ਜਾਣਗੇ ਅਤੇ 4 ਸ਼੍ਰੇਣੀਆਂ ‘ਚ ਕਰਵਾਏ ਜਾਣਗੇ, ਜਿਵੇਂ ਕਿ ਪ੍ਰਾਇਮਰੀ (ਪਹਿਲੀ ਤੋਂ ਪੰਜਵੀਂ ਜਮਾਤ), ਸੈਕੰਡਰੀ (ਛੇਵੀਂ ਤੋਂ ਦਸਵੀਂ ਜਮਾਤ), ਸੀਨੀਅਰ ਸੈਕੰਡਰੀ (ਗਿਆਰਵੀਂ ਅਤੇ ਬਾਰ੍ਹਵੀਂ ਜਮਾਤ) ਅਤੇ ਕਾਲਜ ਪੱਧਰ ‘ਤੇ ਹੋਣਗੇ। ਇਨ੍ਹਾਂ ਮੁਕਾਬਲਿਆਂ ਦੇ ਪਹਿਲੇ ਦੌਰ ਦੇ ਜੇਤੂ ਰਾਜ ਪੱਧਰ ‘ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਰਾਜ ਪੱਧਰ ‘ਤੇ ਚਾਰ ਸ਼੍ਰੇਣੀਆਂ ‘ਚੋਂ ਹਰੇਕ ‘ਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ 51 ਹਜ਼ਾਰ ਰੁਪਏ, 31 ਹਜ਼ਾਰ ਰੁਪਏ ਅਤੇ 21 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸ਼ਿਵ ਬਟਾਲਵੀ ਬਟਾਲਾ ਸ਼ਹਿਰ ਦਾ ਮਾਣ ਹੈ, ਜਿਸਨੇ ਆਪਣੀ ਕਲਾ ਲਈ ਪੂਰੀ ਦੁਨੀਆ ‘ਚ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਵਿਤਾ ਰਾਹੀਂ ਬਟਾਲਾ ਸ਼ਹਿਰ ਦਾ ਨਾਮ ਦੁਨੀਆ ਭਰ ‘ਚ ਮਸ਼ਹੂਰ ਕੀਤਾ ਹੈ ਅਤੇ ਪੰਜਾਬੀ ਮਾਂ ਬੋਲੀ ‘ਚ ਅਜਿਹੀਆਂ ਸੁੰਦਰ ਰਚਨਾਵਾਂ ਜੋੜੀਆਂ ਹਨ ਜੋ ਦੁਨੀਆਂ ਦੇ ਰਹਿਣ ਤੱਕ ਲੋਕਾਂ ਦੇ ਮਨਾਂ ‘ਚ ਜ਼ਿੰਦਾ ਰਹਿਣਗੀਆਂ।

Read More: CM ਭਗਵੰਤ ਮਾਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਵੱਡੇ ਪੱਧਰ ‘ਤੇ ਮਨਾਉਣ ਦੀ ਪ੍ਰਵਾਨਗੀ

Scroll to Top